ਹੜਤਾਲੀ ਮਜ਼ਦੂਰਾਂ ਦੇ ਹੱਕ ਵਿੱਚ ਪੁਤਲੇ ਫੂਕੇ
ਪ੍ਰਮੋਦ ਭਾਰਤੀ
ਨਵਾਂਸ਼ਹਿਰ 21 ਅਪ੍ਰੈਲ, 2026
ਅੱਜ ਇੰਡੀਅਨ ਫੇਡਰੇਸ਼ਨ ਆਫ ਟਰੇਡ ਯੂਨੀਅਨ(ਇਫਟੂ),ਏਟਕ,ਪੇਂਡੂ ਮਜ਼ਦੂਰ ਯੂਨੀਅਨ ਅਤੇ ਪੈਨਸ਼ਨਰਜ਼ ਯੂਨੀਅਨ ਵੱਲੋਂ ਉੱਤਰ ਪ੍ਰਦੇਸ਼ ਅਤੇ ਹਰਿਆਣਾ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਅੱਠ ਘੰਟੇ ਕੰਮ, ਉਚਿਤ ਉਜਰਤਾਂ , ਗ੍ਰਿਫ਼ਤਾਰ ਮਜ਼ਦੂਰਾਂ ਦੀ ਰਿਹਾਈ ਅਤੇ ਹੋਰ ਮੰਗਾਂ ਲਈ ਚੱਲ ਰਹੇ ਮਜ਼ਦੂਰਾਂ ਦੇ ਸੰਘਰਸ਼ ਦੇ ਸਮਰਥਨ ਵਿੱਚ ਅੰਬੇਡਕਰ ਚੌਂਕ ਨਵਾਂਸ਼ਹਿਰ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਆਦਿੱਤਿਆ ਨਾਥ ਜੋਗੀ ਦੇ ਪੁਤਲੇ ਫੂਕੇ ਗਏ ਅਤੇ ਨਾਅਰੇਬਾਜ਼ੀ ਕੀਤੀ ਗਈ।ਇਸਤੋਂ ਪਹਿਲਾਂ ਸਥਾਨਕ ਬੱਸ ਅੱਡੇ ਤੇ ਇਕੱਠ ਨੂੰ ਸੰਬੋਧਨ ਕਰਦਿਆਂ ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ,ਇਫਟੂ ਦੇ ਸੂਬਾ ਪ੍ਰੈੱਸ ਸਕੱਤਰ ਜਸਬੀਰ ਦੀਪ, ਇਫਟੂ ਦੇ ਜਿਲਾ ਸਕੱਤਰ ਪਰਵੀਨ ਕੁਮਾਰ ਨਿਰਾਲਾ,ਪੈਨਸ਼ਨਰਜ਼ ਯੂਨੀਅਨ ਦੇ ਆਗੂ ਕੁਲਦੀਪ ਸਿੰਘ ਦੌੜਕਾ,ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਕਮਲਜੀਤ ਸਨਾਵਾ, ਏਟਕ ਦੇ ਆਗੂ ਰਾਮ ਆਸਰਾ ਸਿੰਘ,ਨਿਊ ਆਟੋ ਵਰਕਰ ਯੂਨੀਅਨ ਦੇ ਆਗੂ ਗੁਰਪ੍ਰੀਤ ਗੋਪੀ ਨੇ ਕਿਹਾ ਕਿ ਹੜਤਾਲੀ ਕਾਮਿਆਂ ਦੀਆਂ ਮੰਗਾਂ ਜਾਇਜ਼ ਹਨ ਪਰ ਮਾਲਕ ਉਹਨਾਂ ਦੀਆਂ ਮੰਗਾਂ ਮੰਨਣ ਤੋਂ ਇਨਕਾਰੀ ਹਨ। ਭਾਜਪਾ ਦੀਆਂ ਸਰਕਾਰਾਂ ਮਜ਼ਦੂਰਾਂ ਦੀਆਂ ਮੰਗਾਂ ਮੰਨਵਾਉਣ ਦੀ ਥਾਂ ਉਲਟਾ ਮਜ਼ਦੂਰਾਂ ਉੱਤੇ ਜਬਰ ਢਾਹ ਰਹੀਆਂ ਹਨ। ਉਹਨਾਂ ਨੇ ਸ਼ਾਂਤੀਪੂਰਨ ਹੜਤਾਲਾਂ ਨੂੰ ਦਬਾਉਣ ਲਈ ਕੀਤੀਆਂ ਗਈਆਂ ਕਾਰਵਾਈਆਂ ਦੀ ਸਖ਼ਤ ਨਿੰਦਾ ਕੀਤੀ।
ਆਗੂਆਂ ਨੇ ਸੰਘਰਸ਼ਸ਼ੀਲ ਮਜ਼ਦੂਰਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰਨ, ਅੱਠ ਘੰਟੇ ਕੰਮ ਲਈ ਘੱਟੋ-ਘੱਟ 30 ਹਜਾਰ ਦੀ ਮਾਸਿਕ ਉਜਰਤ ਲਾਗੂ ਕਰਨ, ਰੋਜ਼ਾਨਾ ਉਜਰਤ ਦਰ ਉਸ ਅਨੁਸਾਰ ਨਿਰਧਾਰਤ ਕਰਨ, ਮਹਿਲਾ ਮਜ਼ਦੂਰਾਂ ਨੂੰ ਬਰਾਬਰ ਕੰਮ ਲਈ ਬਰਾਬਰ ਤਨਖਾਹ ਦੇਣ, ਅੱਠ ਘੰਟੇ ਕੰਮ ਵਾਲੇ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰਨ , ਦੁੱਗਣੀ ਓਵਰਟਾਈਮ ਤਨਖਾਹ ਦੇਣ ਹਫਤਾਵਾਰੀ ਅਤੇ ਹੋਰ ਛੁੱਟੀਆਂ ਲਾਗੂ ਕਰਨ,ਹੜਤਾਲਾਂ ਨੂੰ ਦਬਾਉਣ ਲਈ ਸਾਰੇ ਦਮਨਕਾਰੀ ਉਪਾਅ ਬੰਦ ਕਰਨ, ਗ੍ਰਿਫ਼ਤਾਰ ਕੀਤੇ ਗਏ ਮਜ਼ਦੂਰਾਂ, ਕਾਰਕੁਨਾਂ ਅਤੇ ਆਗੂਆਂ ਉੱਤੇ ਬਣਾਏ ਪੁਲਿਸ ਕੇਸ ਖਾਰਜ ਕਰਨ ਅਤੇ ਉਹਨਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ।
ਇਸ ਮੌਕੇ ਹਰੀ ਰਾਮ ਰਸੂਲਪੁਰੀ,ਜਸਵੀਰ ਸਿੰਘ ਮੋਰੋਂ,ਮਾਸਟਰ ਰਾਮ ਪਾਲ, ਮਾਸਟਰ ਜੀਤ ਲਾਲ,ਹਰੀ ਲਾਲ,ਸੁਰਿੰਦਰ ਮੀਰਪੁਰੀ ਆਗੂ ਵੀ ਮੌਜੂਦ ਸਨ।
Click to Follow Babushahi Facebook page →