ਸੋਕੇ ਕਾਰਨ ਪੈਣ ਵਾਲਾ ਕਾਲ ਲਈ ਸਰਕਾਰਾਂ ਸਿੱਧੇ ਰੂਪ ਵਿੱਚ ਪੂਰੀ ਤਰ੍ਹਾਂ ਜ਼ਿਮੇਵਾਰ: ਬਾਬਾ ਬਲਬੀਰ ਸਿੰਘ
ਸ੍ਰੀ ਫਤਿਹਗੜ੍ਹ ਸਾਹਿਬ:- 29 ਮਈ 2026 : ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਸਮੁੱਚੇ ਸੰਸਾਰ ਅੰਦਰ ਬੜੀ ਤੇਜ਼ੀ ਨਾਲ ਬਦਲ ਰਹੇ ਵਾਤਾਵਰਣ ਤੇ ਡੂੰਘੀ ਚਿੰਤਾ ਜਾਹਿਰ ਕਰਦਿਆਂ ਕਿਹਾ ਕਿ ਗਲੋਬਲ ਵਾਰਮਿੰਗ ਸਰਕਾਰਾਂ ਅਤੇ ਲੋਕਾਂ ਦੀ ਲਾਪਰਵਾਹੀ ਤੇ ਅਵੇਸਲੇਪਨ ਕਾਰਨ ਉਤਪਨ ਹੋਇਆ ਹੈ ਅਤੇ ਅੱਜ ਦਾ ਮਨੁੱਖੀ ਜੀਵਨ ਚਣੌਤੀਆਂ ਤੇ ਬੇਵਸੀ ‘ਚ ਘਿਰ ਕੇ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਬੇਹਤਾਸ਼ਾ ਰੁੱਖਾਂ ਦੀ ਕਟਾਈ, ਕੁਦਰਤੀ ਸਰੋਤਾਂ ਨਾਲ ਛੇੜਛਾੜ ਅਤੇ ਆਲਮੀ ਪੱਧਰ ਤੇ ਬੰਬਬਾਰੀ ਮਜਾਇਲਾਂ ਦੇ ਪ੍ਰੀਖਣ ਆਦਿ ਜੀਵ ਪ੍ਰਣਾਲੀ ਲਈ ਘਾਤਕ ਹਨ। ਵਿਗਿਆਨੀ ਧਰਤੀ ਹੇਠਲੇ ਪਾਣੀ ਦਾ ਕਾਲ ਪੈ ਜਾਣ ਬਾਰੇ ਹਾਲ ਦੁਹਾਈ ਦੇ ਰਹੇ ਹਨ। ਪਰ ਜਾਗਰੁਕਤਾ ਦੀ ਘਾਟ ਕਾਰਨ ਕੋਈ ਸਮਝ ਨਹੀਂ ਰਿਹਾ ਪਾਣੀ ਮਨੁੱਖਤਾ ਨੂੰ ਕੁਦਰਤ ਦੀਆਂ ਦਿੱਤੀਆਂ ਅਨਮੋਲ ਦਾਤ ਹੈ। ਉਨ੍ਹਾਂ ਕਿਹਾ ਕਿ ਪੈਦਾ ਹੋਏ ਅਜਿਹੇ ਨਾਜ਼ੁਕ ਹਾਲਾਤਾਂ ਨਾਲ ਨਿਪਟਣ ਵਿਚ ਸਰਕਾਰਾਂ ਵੀ ਅੱਜ ਅਸਮਰੱਥ ਦਿਖਾਈ ਦੇ ਰਹੀਆਂ ਹਨ। ਇਸ ਵਧਦੀ ਤਪਸ਼, ਬਿਜਲੀ ਤੇ ਪਾਣੀ ਦੇ ਸੰਕਟ ਨੇ ਮਨੁੱਖੀ ਜੀਵਨ ਦੀਆਂ ਚਿੰਤਤਾਵਾਂ ਵਿੱਚ ਢੇਰ ਵਾਧਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਆਮ ਜੀਵਨ ਵਿੱਚ ਵਰਤੋਂ ਕਰਨ ਵਾਲੀਆਂ ਬਹੁਤੀਆਂ ਚੀਜ਼ਾਂ ਬਿਜਲੀ ਦੀ ਸਪਲਾਈ `ਤੇ ਨਿਰਭਰ ਕਰਦੀਆਂ ਹਨ। ਉਨ੍ਹਾਂ ਕਿਹਾ ਪਾਣੀ ਤੋਂ ਇਲਾਵਾ ਜੀਵਨ ਨਹੀਂ, ਇਸ ਦੀ ਘਾਟ ਨਾਲ ਸਮੁੱਚਾ ਜੀਵਨ ਪੂਰੀ ਤਰ੍ਹਾਂ ਲੜਖੜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਆਉਂਦੇ ਸਮੇਂ ਵਿਚ ਇਸ ਚਿੰਤਾਜਨਕ ਸਥਿਤੀ `ਚੋਂ ਸਰਕਾਰ ਆਪਣੇ ਆਪ ਨੂੰ ਤੇ ਲੋਕਾਂ ਨੂੰ ਕਿਵੇਂ ਕੱਢੇਗੀ, ਇਹ ਵੱਡੇ ਫਿਕਰ ਵਾਲੀ ਗੱਲ ਹੈ।
ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਸੁਝਾਅ ਦਿੰਦਿਆਂ ਕਿਹਾ ਪਾਣੀ ਦੀ ਘੱਟਦੀ ਮਾਤਰਾ ਸੰਬੰਧੀ ਹਰ ਵਿਅਕਤੀ ਨੂੰ ਜਾਗਰੂਕ ਹੋਣਾ ਚਾਹੀਦਾ ਹੈ ਤਾਂ ਜੋ ਪਾਣੀ ਦੀ ਵਰਤੋਂ ਵਿਚ ਵੱਧ ਤੋਂ ਵੱਧ ਬਚਤ ਹੋ ਸਕੇ। ਛਾਂਦਾਰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ। ਖੇਤੀ ਵਿਚ ਨਵੇਂ ਬੀਜ ਇਜਾਦ ਕੀਤੇ ਜਾਣ ਅਤੇ ਉਹ ਢੰਗ ਤਰੀਕੇ ਅਪਣਾਏ ਜਾਣ ਜਿਨ੍ਹਾਂ ਨਾਲ ਘੱਟ ਪਾਣੀ ਵਰਤ ਕੇ ਵੱਧ ਪੈਦਾਵਾਰ ਕੀਤੀ ਜਾ ਸਕੇ। ਉਨ੍ਹਾਂ ਕਿਹਾ ਖੇਤਾਂ, ਅਤਿ ਲੋੜੀ ਦੀਆਂ ਥਾਵਾਂ ਵਿੱਚ ਰਿਚਾਰਜ ਵੈੱਲ (ਖੂਹ) ਵੀ ਬਣਾਏ ਜਾਣੇ ਚਾਹੀਦੇ ਹਨ ਤਾਂ ਕਿ ਬਾਰਿਸ਼ ਦਾ ਪਾਣੀ ਧਰਤੀ ਹੇਠਾਂ ਰੀਚਾਰਜਿੰਗ ਵਿਚ ਮਦਦ ਕਰੇ।
- Download Babushahi App
-
-