ਸਿਵਲ ਸਰਜਨ ਬਠਿੰਡਾ ਵੱਲੋਂ ਸਿਵਲ ਹਸਪਤਾਲ ਰਾਮਪੁਰਾ ਵਿਖੇ ਸਿਹਤ ਸਹੂਲਤਾਂ ਦਾ ਜਾਇਜਾ
ਅਸ਼ੋਕ ਵਰਮਾ
ਬਠਿੰਡਾ, 20 ਅਪ੍ਰੈਲ 2026 :ਸਿਵਲ ਸਰਜਨ ਬਠਿੰਡਾ ਡਾ ਤਪਿੰਦਰਜੋਤ ਵੱਲੋਂ ਅੱਜ ਐਸ.ਡੀ.ਐਚ ਹਸਪਤਾਲ ਰਾਮਪੁਰਾ ਦਾ ਦੌਰਾ ਕੀਤਾ ਗਿਆ । ਇਸ ਦੌਰਾਨ ਉਹਨਾਂ ਵੱਲੋਂ ਓਪੀਡੀ ਤੇ ਆਈਪੀਡੀ ਬਲਾਕ ਅਤੇ ਲੇਬਰ ਰੂਮ ਦਾ ਦੌਰਾ ਕਰਕੇ ਮਰੀਜ਼ਾਂ ਨੂੰ ਮਿਲ ਰਹੀਆਂ ਸਿਹਤ ਸੇਵਾਵਾਂ ਦੀ ਜਾਂਚ ਕੀਤੀ । ਇਸ ਮੌਕੇ ਹਸਪਤਾਲ ਵਿੱਚ ਦਾਖ਼ਲ ਮਰੀਜ਼ਾਂ ਨਾਲ ਗੱਲਬਾਤ ਕੀਤੀ ਤੇ ਸਿਹਤ ਸਟਾਫ ਦੀ ਕਾਰਜਪ੍ਰਣਾਲੀ ਤੋਂ ਸੰਤੁਸ਼ਟੀ ਜ਼ਾਹਿਰ ਕੀਤੀ । ਇਸ ਮੌਕੇ ਮਰੀਜ਼ਾਂ ਨੂੰ ਦਿਤੀਆਂ ਜਾਂਦੀਆਂ ਸਿਹਤ ਸੇਵਾਵਾਂ, ਸਿਹਤ ਸਟਾਫ ਦੇ ਡਿਊਟੀ ਰੋਸਟਰ, ਦਵਾਈ ਵੰਡ ਪ੍ਰਣਾਲੀ, ਟੈਸਟਾਂ ਦੀ ਉਪਲਬਤਾ ਅਤੇ ਸੰਸਥਾ ਵਿਖੇ ਸਾਫ-ਸਫ਼ਾਈ ਦੀ ਜਾਂਚ ਵੀ ਕੀਤੀ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿਚ ਮਰੀਜ਼ਾਂ ਨੂੰ ਵਧੀਆ ਤੇ ਸਮੇਂ-ਸਿਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਸਾਰੇ ਡਾਕਟਰਾਂ ਅਤੇ ਸਟਾਫ਼ ਨੂੰ ਜ਼ਿੰਮੇਵਾਰੀ ਨਾਲ ਕੰਮ ਕਰਨਾ ਚਾਹੀਦਾ ਹੈ। ਇਸ ਮੌਕੇ ਸਿਵਲ ਸਰਜਨ ਨੇ ਲੈਬ, ਫਾਰਮੇਸੀ ਅਤੇ ਰਜਿਸਟ੍ਰੇਸ਼ਨ ਕਾਊਂਟਰ ਦੀ ਵੀ ਜਾਂਚ ਕੀਤੀ ਅਤੇ ਹਦਾਇਤਾਂ ਦਿੱਤੀਆਂ ਕਿ ਮਰੀਜ਼ਾਂ ਨੂੰ ਕਿਸੇ ਵੀ ਤਕਲੀਫ਼ ਤੋਂ ਬਚਾਇਆ ਜਾਵੇ।
ਇਸ ਮੌਕੇ ਉਨ੍ਹਾਂ ਡਾਕਟਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਮਰੀਜਾਂ ਨੂੰ ਕੋਈ ਵੀ ਦਵਾਈ ਬਾਹਰ ਤੋਂ ਨਾ ਲਿਖੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਹਸਪਤਾਲ ਦੀ ਕਾਰਗੁਜ਼ਾਰੀ ਨੂੰ ਹੋਰ ਵੀ ਬਿਹਤਰ ਬਣਾਉਣ ਲਈ ਅਕਸਰ ਅਚਾਨਕ ਦੌਰੇ ਕੀਤੇ ਜਾਣਗੇ। ਉਹਨਾਂ ਕਿਹਾ ਕਿ ਲੋਕਾਂ ਨੂੰ ਸੱਪ ਦੇ ਡੰਗ ਵਾਲੇ ਮਰੀਜ਼ਾਂ ਦਾ ਇਲਾਜ ਸਰਕਾਰੀ ਹਸਪਤਾਲ ਵਿੱਚ ਹੋਣ ਬਾਰੇ ਦੱਸਿਆ ਜਾਵੇ ਇਸ ਦੇ ਨਾਲ ਹੀ ਡੇਂਗੂ ਮਲੇਰੀਆ ਦੇ ਸੀਜ਼ਨ ਕਰਕੇ ਸਰਵੇ ਕਰਨ ਤੇ ਲੋਕਾਂ ਨੂੰ ਜਾਗਰੂਕ ਕਰਨ ਬਾਰੇ ਨਿਰਦੇਸ਼ ਦਿੱਤੇ । ਇਸ ਮੌਕੇ ਉਹਨਾਂ ਨੇ ਸੀਨੀਅਰ ਮੈਡੀਕਲ ਅਫ਼ਸਰ ਗੁਰਪ੍ਰੀਤ ਸਿੰਘ ਮਾਹਲ ਨੂੰ ਤਪਦਿਕ ਰੋਗ ਦੇ ਛੱਕੀ ਮਰੀਜਾਂ ਦੀ ਸਕਰੀਨਿੰਗ ਕਰਕੇ ਸਮੇਂ ਸਿਰ ਇਲਾਜ ਸ਼ੁਰੂ ਕਰਨ ਦੀ ਹਦਾਇਤ ਦਿੱਤੀ । -
Click to Follow Babushahi Facebook page →