ਸਿਦਕ, ਮਿਹਨਤ ਅਤੇ ਮਿਠਾਸ-ਨਿਊਜ਼ੀਲੈਂਡ ਦੀ ਵੱਡੀ ਪਛਾਣ!
ਏਅਰ ਨਿਊਜ਼ੀਲੈਂਡ ਨੂੰ ਟੌਫੀਆਂ ਸਪਲਾਈ ਕਰਨ ਵਾਲੀ ਭਾਰਤੀ ਮਾਲਕੀ ਵਾਲੀ ‘ਹੌਰਨਰਜ਼ ਕੰਪਨੀ’ ਦੀ ਸੰਘਰਸ਼ ਅਤੇ ਸਫਲਤਾ ਦੀ
ਅਨੋਖੀ ਕਹਾਣੀ
-ਏਅਰ ਨਿਊਜ਼ੀਲੈਂਡ ਲਈ ਹਰ ਸਾਲ ਲਗਭਗ 2 ਕਰੋੜ 20 ਲੱਖ ਟੌਫੀਆਂ
ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 11 ਅਗਸਤ 2026:-ਸਾਲ 2005 ਵਿੱਚ ਗੋਲਡ ਕੋਸਟ ਦੀ ਇੱਕ ਹਵਾਈ ਯਾਤਰਾ ਦੌਰਾਨ ਧੀਰੂ ਭੀਖਾ (ਗੁਜਰਾਤ ਮੂਲ) ਨੇ ਆਪਣੇ ਛੋਟੀ ਉਮਰ ਦੇ ਪੁੱਤਰ ਰਾਜ ਨੂੰ ਏਅਰ ਨਿਊਜ਼ੀਲੈਂਡ ਦੀ ਟੌਫੀ ਖੋਲ੍ਹਦਿਆਂ ਇੱਕ ਵਾਅਦਾ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਇੱਕ ਦਿਨ ਮੈਂ ਇਹ ਟੌਫੀਆਂ ਆਪ ਬਣਾਵਾਂਗਾ ਅਤੇ ਇਸ ਏਅਰਲਾਈਨ ਨੂੰ ਸਪਲਾਈ ਕਰਾਂਗਾ। ਅੱਜ ਉਹ ਸੁਪਨਾ ਪੂਰੀ ਤਰ੍ਹਾਂ ਹਕੀਕਤ ਬਣ ਚੁੱਕਾ ਹੈ। ਧੀਰੂ ਨੇ 1984 ਵਿੱਚ ਤੇ ਕੁਈਟੀ ਸ਼ਹਿਰ ਵਿੱਚ ਇੱਕ ਛੋਟੀ ਜਿਹੀ ਹੌਰਨਰਜ਼ ਕਨਫੈਕਸ਼ਨਰੀ ਫੈਕਟਰੀ ਖਰੀਦੀ ਸੀ। ਉਸ ਸਮੇਂ ਉਹ ਇੱਕ ਇਲੈਕਟਰੀਕਲ ਇੰਜੀਨੀਅਰ ਸਨ ਅਤੇ ਰੋਜ਼ਾਨਾ ਦੇ ਕੰਮ ਤੋਂ ਬਾਹਰ ਨਿਕਲਣਾ ਚਾਹੁੰਦੇ ਸਨ। ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਪਤਨੀ ਵੀਨਾ ਨੂੰ ਟੌਫੀਆਂ ਬਣਾਉਣ ਦਾ ਕੋਈ ਤਜਰਬਾ ਨਹੀਂ ਸੀ ਅਤੇ ਫੈਕਟਰੀ ਵਿੱਚ ਜ਼ਿਆਦਾਤਰ ਕੰਮ ਹੱਥਾਂ ਨਾਲ ਹੁੰਦਾ ਸੀ।
ਸਾਲ 1980 ਦੇ ਦਹਾਕੇ ਦੇ ਦੂਜੇ ਹਿੱਸੇ ਵਿੱਚ ਦੇਸ਼ ਵਿੱਚ ਮੁਫ਼ਤ ਵਪਾਰ ਨੀਤੀਆਂ ਕਾਰਨ ਸਸਤੇ ਵਿਦੇਸ਼ੀ ਮਾਲ ਨੇ ਬਾਜ਼ਾਰ ਘੇਰ ਲਿਆ। ਫੈਕਟਰੀ ਲਗਭਗ ਬੰਦ ਹੋਣ ਦੇ ਕੰਢੇ ਪਹੁੰਚ ਗਈ ਸੀ। ਪਰ ਧੀਰੂ ਨੇ ਹਿੰਮਤ ਨਹੀਂ ਹਾਰੀ। ਉਨ੍ਹਾਂ ਨੇ 1989 ਵਿੱਚ ਅਮਰੀਕਾ ਤੋਂ ਨਵੀਆਂ ਮਸ਼ੀਨਾਂ ਮੰਗਵਾਈਆਂ ਅਤੇ ਕੈਂਡੀ ਕੇਨ ਬਣਾਉਣ ਦਾ ਕੰਮ ਵੱਡੇ ਪੱਧਰ ’ਤੇ ਸ਼ੁਰੂ ਕੀਤਾ। ਇੱਕ ਦਹਾਕੇ ਦੇ ਅੰਦਰ ਹੀ ਉਨ੍ਹਾਂ ਦਾ ਨਿਊਜ਼ੀਲੈਂਡ ਅਤੇ ਆਸਟਰੇਲੀਆ ਦੇ ਬਾਜ਼ਾਰ ’ਤੇ ਇੱਕਛੱਤ ਰਾਜ ਹੋ ਗਿਆ। ਕਾਰੋਬਾਰ ਵਧਣ ਕਾਰਨ 1999 ਵਿੱਚ ਇਹ ਫੈਕਟਰੀ ਅੋਕਲੈਂਡ ਵਿੱਚ ਲਿਆਂਦੀ ਗਈ।
ਜਦੋਂ ਕੈਡਬਰੀ ਪਾਸਕਲ ਨੇ ਨਿਊਜ਼ੀਲੈਂਡ ਵਿੱਚ ਆਪਣਾ ਪਲਾਂਟ ਬੰਦ ਕੀਤਾ ਤਾਂ ਏਅਰ ਨਿਊਜ਼ੀਲੈਂਡ ਨੂੰ ਇੱਕ ਸਥਾਨਕ ਕੰਪਨੀ ਦੀ ਲੋੜ ਸੀ। ਏਅਰਲਾਈਨ ਲਈ ਇਹ ਟੌਫੀ ਸਿਰਫ਼ ਇੱਕ ਮਿਠਆਈ ਨਹੀਂ ਬਲਕਿ ਨਿਊਜ਼ੀਲੈਂਡ ਦੀ ਪਛਾਣ ਦਾ ਹਿੱਸਾ ਸੀ। ਇਹ ਠੇਕਾ ਹੌਰਨਰਜ਼ ਕੰਪਨੀ ਨੂੰ ਮਿਲ ਗਿਆ। ਕੈਡਬਰੀ ਨੇ ਟੌਫੀ ਦੀ ਰੈਸਿਪੀ ਸਾਂਝੀ ਨਹੀਂ ਕੀਤੀ ਸੀ, ਪਰ ਧੀਰੂ ਨੇ ਇੱਕ ਮਹੀਨੇ ਦੇ ਅੰਦਰ ਹੀ ਆਪਣੇ ਤਜਰਬੇ ਨਾਲ ਬਿਲਕੁਲ ਉਹੀ ਸਵਾਦ ਅਤੇ ਰੰਗ ਤਿਆਰ ਕਰ ਲਿਆ।
ਮੀਠੀ ਸਫ਼ਲਤਾ ਦੀ ਮਨਮੋਹਕ ਝਲਕ
ਅੱਜ ਹੌਰਨਰਜ਼ ਕੰਪਨੀ ਏਅਰ ਨਿਊਜ਼ੀਲੈਂਡ ਲਈ ਹਰ ਸਾਲ ਲਗਭਗ 2 ਕਰੋੜ 20 ਲੱਖ ਟੌਫੀਆਂ ਬਣਾਉਂਦੀ ਹੈ। ਹਵਾਈ ਜਹਾਜ਼ ਵਿੱਚ ਚੜ੍ਹਨ ਵਾਲੇ ਯਾਤਰੀਆਂ ਲਈ ਇਹ ਟੌਫੀ ਇੱਕ ਯਾਦਗਾਰ ਬਣ ਚੁੱਕੀ ਹੈ। ਕੰਪਨੀ ਦੇ ਸੰਸਥਾਪਕ ਧੀਰੂ ਭੀਖਾ ਅਨੁਸਾਰ ਇੱਕ ਯਾਤਰੀ ਨੂੰ ਆਪਣੇ ਲਈ ਅਤੇ ਹਵਾਈ ਅੱਡੇ ’ਤੇ ਉਡੀਕ ਕਰ ਰਹੇ ਹਰ ਵਿਅਕਤੀ ਲਈ ਇੱਕ-ਇੱਕ ਟੌਫੀ ਲੈਣੀ ਚਾਹੀਦੀ ਹੈ। ਹੁਣ ਉਨ੍ਹਾਂ ਦੇ 37 ਸਾਲਾ ਪੁੱਤਰ ਰਾਜ ਭੀਖਾ ਨੇ ਫੈਕਟਰੀ ਦੀ ਬਾਗਡੋਰ ਸੰਭਾਲ ਲਈ ਹੈ। ਕੰਪਨੀ ਹੁਣ ਮੈਨੂਕਾ ਸ਼ਹਿਦ ਦੀਆਂ ਗੋਲੀਆਂ ਅਤੇ ਵਿਟਾਮਿਨ ਗਮੀਜ਼ ਵਰਗੇ ਨਵੇਂ ਉਤਪਾਦ ਬਣਾ ਕੇ ਭਵਿੱਖ ਵੱਲ ਵਧ ਰਹੀ ਹੈ। ਨਵੀਂ ਪੀੜ੍ਹੀ ਦੀ ਅਗਵਾਈ ਹੇਠ ਇਹ ਪਰਿਵਾਰਕ ਕਾਰੋਬਾਰ ਨਵੀਆਂ ਉਚਾਈਆਂ ਛੂਹ ਰਿਹਾ ਹੈ।
- Download Babushahi App
-
-