ਵਿਸ਼ਵ COPD ਦਿਵਸ : ਫੇਫੜਿਆਂ ਦੀ ਬਿਮਾਰੀ ਤੋਂ ਬਚਣ ਲਈ ਤੰਬਾਕੂ ਅਤੇ ਸਿਗਰਟਾਂ ਤੋਂ ਦੂਰੀ ਦਾ ਸੱਦਾ
ਅਸ਼ੋਕ ਵਰਮਾ
ਬਠਿੰਡਾ ,17 ਨਵੰਬਰ 2026:ਸਿਹਤ ਵਿਭਾਗ ਬਠਿੰਡਾ ਵੱਲੋਂ ਵਿਸ਼ਵ ਸੀ.ਓ.ਪੀ.ਡੀ. ਦਿਵਸ ਮੌਕੇ ਲੋਕਾਂ ਨੂੰ ਫੇਫੜਿਆਂ ਦੀ ਇਸ ਗੰਭੀਰ ਬਿਮਾਰੀ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਸਿਹਤ ਮਾਹਿਰਾਂ ਨੇ ਦੱਸਿਆ ਕਿ ਸੀ.ਓ.ਪੀ.ਡੀ. ਫੇਫੜਿਆਂ ਦੀ ਇੱਕ ਲੰਬੇ ਸਮੇਂ ਤੱਕ ਰਹਿਣ ਵਾਲੀ ਬਿਮਾਰੀ ਹੈ, ਜਿਸ ਕਾਰਨ ਮਰੀਜ਼ ਨੂੰ ਸਾਹ ਲੈਣ ਵਿੱਚ ਤਕਲੀਫ਼, ਲਗਾਤਾਰ ਖੰਘ, ਬਲਗਮ ਅਤੇ ਸਾਹ ਚੜ੍ਹਨ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।ਇਸ ਸਬੰਧੀ ਸਿਵਲ ਸਰਜਨ ਡਾ. ਤਪਿੰਦਰਜੋਤ ਨੇ ਕਿਹਾ ਕਿ ਤੰਬਾਕੂਨੋਸ਼ੀ ਅਤੇ ਬੀੜੀ-ਸਿਗਰਟ ਦਾ ਸੇਵਨ ਸੀ.ਓ.ਪੀ.ਡੀ. ਦਾ ਇੱਕ ਮੁੱਖ ਕਾਰਨ ਹੈ। ਇਸ ਤੋਂ ਇਲਾਵਾ ਹਵਾ ਪ੍ਰਦੂਸ਼ਣ, ਧੂੜ-ਮਿੱਟੀ, ਧੂੰਏਂ ਅਤੇ ਰਸਾਇਣਕ ਪਦਾਰਥਾਂ ਦੇ ਲਗਾਤਾਰ ਸੰਪਰਕ ਵਿੱਚ ਰਹਿਣ ਨਾਲ ਵੀ ਇਸ ਬਿਮਾਰੀ ਦਾ ਖ਼ਤਰਾ ਵੱਧ ਜਾਂਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਤੰਬਾਕੂ ਦਾ ਸੇਵਨ ਤੁਰੰਤ ਛੱਡਣ ਅਤੇ ਸਾਹ ਸਬੰਧੀ ਕੋਈ ਵੀ ਸਮੱਸਿਆ ਹੋਣ 'ਤੇ ਡਾਕਟਰੀ ਸਲਾਹ ਜ਼ਰੂਰ ਲੈਣ ।
ਉਹਨਾਂ ਦੱਸਿਆ ਕਿ ਸੀ.ਓ.ਪੀ.ਡੀ. ਦੀ ਸਮੇਂ ਸਿਰ ਪਛਾਣ ਅਤੇ ਸਹੀ ਇਲਾਜ ਨਾਲ ਮਰੀਜ਼ ਦੀ ਜੀਵਨ ਸ਼ੈਲੀ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ। ਇਸ ਬਿਮਾਰੀ ਦੀ ਜਾਂਚ ਲਈ ਸਪਾਇਰੋਮੈਟਰੀ ਟੈਸਟ ਕੀਤਾ ਜਾਂਦਾ ਹੈ। ਮਰੀਜ਼ਾਂ ਨੂੰ ਡਾਕਟਰ ਦੀ ਸਲਾਹ ਅਨੁਸਾਰ ਦਵਾਈਆਂ ਅਤੇ ਇਨਹੇਲਰ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੀ.ਓ.ਪੀ.ਡੀ. ਤੋਂ ਬਚਾਅ ਲਈ ਤੰਬਾਕੂਨੋਸ਼ੀ ਤੋਂ ਦੂਰ ਰਹਿਣਾ, ਘਰਾਂ ਅਤੇ ਆਲੇ-ਦੁਆਲੇ ਧੂੰਏਂ ਤੋਂ ਬਚਾਅ ਕਰਨਾ, ਸਾਫ਼-ਸੁਥਰਾ ਵਾਤਾਵਰਨ ਰੱਖਣਾ, ਨਿਯਮਤ ਕਸਰਤ ਕਰਨਾ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣਾ ਬਹੁਤ ਜ਼ਰੂਰੀ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਸਾਹ ਲੈਣ ਵਿੱਚ ਲਗਾਤਾਰ ਤਕਲੀਫ਼ ਜਾਂ ਖੰਘ ਹੋਣ ਦੀ ਸੂਰਤ ਵਿੱਚ ਇਸ ਨੂੰ ਆਮ ਸਮੱਸਿਆ ਸਮਝ ਕੇ ਨਜ਼ਰਅੰਦਾਜ਼ ਨਾ ਕੀਤਾ ਜਾਵੇ ਅਤੇ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਵਿੱਚ ਜਾ ਕੇ ਜਾਂਚ ਕਰਵਾਈ ਜਾਵੇ।
- Download Babushahi App
-
-