ਲੜਕੀਆਂ ਦੀ 12ਵੀਂ ਰਾਜ ਗੱਤਕਾ ਚੈਂਪੀਅਨਸ਼ਿਪ 1 ਤੋਂ 3 ਮਈ ਤੱਕ ਹੋਵੇਗੀ ਕੋਟਕਪੂਰਾ ‘ਚ : ਗਰੇਵਾਲ
ਚੰਡੀਗੜ੍ਹ, 22 ਅਪ੍ਰੈਲ, 2026 : ਗੱਤਕਾ ਐਸੋਸੀਏਸ਼ਨ ਆਫ਼ ਪੰਜਾਬ ਵੱਲੋਂ ਗੱਤਕਾ ਐਸੋਸੀਏਸ਼ਨ ਜ਼ਿਲ੍ਹਾ ਫ਼ਰੀਦਕੋਟ ਦੇ ਸਹਿਯੋਗ ਨਾਲ 12ਵੀਂ ਰਾਜ ਗੱਤਕਾ ਚੈਂਪੀਅਨਸ਼ਿਪ 2026 (ਲੜਕੀਆਂ) 1 ਤੋਂ 3 ਮਈ ਤੱਕ ਬਾਬਾ ਫ਼ਰੀਦ ਗੁਰੂਕੁਲ ਕਾਲਜ ਕੋਟਕਪੂਰਾ ਜ਼ਿਲ੍ਹਾ ਫ਼ਰੀਦਕੋਟ ਵਿੱਚ ਕਰਵਾਈ ਜਾ ਰਹੀ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਦੇ ਪ੍ਰਧਾਨ ਐਡਵੋਕੇਟ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਤਿੰਨ ਰੋਜ਼ਾ ਚੈਂਪੀਅਨਸ਼ਿਪ ਸੂਬੇ ਭਰ ਦੀਆਂ ਉਨ੍ਹਾਂ ਹੋਣਹਾਰ ਖਿਡਾਰਨਾਂ ਨੂੰ ਇੱਕ ਢੁਕਵਾਂ ਮੰਚ ਪ੍ਰਦਾਨ ਕਰੇਗੀ ਜੋ ਇਸ ਪ੍ਰਾਚੀਨ ਸਿੱਖ ਜੰਗਜੂ ਕਲਾ ਦੀ ਵਿਰਾਸਤ ਨੂੰ ਅੱਗੇ ਵਧਾ ਰਹੀਆਂ ਹਨ। ਇਹ ਪ੍ਰਤੀਯੋਗਤਾ ਯੁੱਧ ਕਲਾ, ਸਵੈ-ਜ਼ਾਬਤਾ, ਮਰਿਆਦਾ ਅਤੇ ਪਰੰਪਰਾ ਦਾ ਇੱਕ ਅਨੋਖਾ ਸੁਮੇਲ ਪੇਸ਼ ਕਰੇਗੀ। ਗੱਤਕਾ ਪ੍ਰਮੋਟਰ ਗਰੇਵਾਲ ਨੇ ਦੱਸਿਆ ਕਿ ਸਾਰੇ ਜ਼ਿਲ੍ਹਿਆਂ ਦੀਆਂ ਟੀਮਾਂ 1 ਮਈ ਨੂੰ ਨਿਰਧਾਰਿਤ ਸਥਾਨ ’ਤੇ ਪਹੁੰਚਣਗੀਆਂ ਅਤੇ ਮੁਕਾਬਲੇ 2 ਮਈ ਨੂੰ ਸਵੇਰੇ 9 ਵਜੇ ਉਦਘਾਟਨੀ ਸਮਾਰੋਹ ਦੌਰਾਨ ਵਿਧੀਵਤ ਰੂਪ ਵਿੱਚ ਆਰੰਭ ਹੋਣਗੇ। ਚੈਂਪੀਅਨਸ਼ਿਪ ਦਾ ਸਮਾਪਤੀ ਸਮਾਰੋਹ 3 ਮਈ ਨੂੰ ਹੋਵੇਗਾ ਜਿਸ ਵਿੱਚ ਪ੍ਰਮੁੱਖ ਸ਼ਖ਼ਸੀਅਤਾਂ ਸ਼ਿਰਕਤ ਕਰਨਗੀਆਂ। ਗੱਤਕਾ ਐਸੋਸੀਏਸ਼ਨ ਆਫ਼ ਪੰਜਾਬ ਦੇ ਉਪ-ਪ੍ਰਧਾਨ ਸਰਬਜੀਤ ਸਿੰਘ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਸਾਰੇ ਜ਼ਿਲ੍ਹਿਆਂ ਦੀਆਂ ਲੜਕੀਆਂ ਦੀਆਂ ਟੀਮਾਂ ਅੰਡਰ-14, ਅੰਡਰ-17, ਅੰਡਰ-19, ਅੰਡਰ-22 ਅਤੇ ਅੰਡਰ-25 ਉਮਰ ਵਰਗਾਂ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਗੀਆਂ ਜਿਸ ਨਾਲ ਹਰ ਉਮਰ ਦੀਆਂ ਖਿਡਾਰਨਾਂ ਨੂੰ ਆਪਣੀ ਸਮਰੱਥਾ ਪਰਖਣ ਦਾ ਸੁਨਹਿਰਾ ਮੌਕਾ ਮਿਲੇਗਾ। ਗੱਤਕਾ ਐਸੋਸੀਏਸ਼ਨ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ ਅਤੇ ਇਸ ਚੈਂਪੀਅਨਸ਼ਿਪ ਦੇ ਕੋਆਰਡੀਨੇਟਰ ਨਰਿੰਦਰਪਾਲ ਸਿੰਘ ਪਾਰਸ ਨੇ ਸਾਰੀਆਂ ਭਾਗ ਲੈਣ ਵਾਲੀਆਂ ਟੀਮਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣੀਆਂ ਐਂਟਰੀਆਂ 26 ਅਪ੍ਰੈਲ ਸ਼ਾਮ 4 ਵਜੇ ਤੱਕ ਲਾਜ਼ਮੀ ਤੌਰ ’ਤੇ ਜਮ੍ਹਾਂ ਕਰਵਾ ਦੇਣ ਤਾਂ ਜੋ ਲੋੜੀਂਦੀ ਰਿਹਾਇਸ਼ ਅਤੇ ਲੰਗਰ ਦਾ ਬਿਹਤਰ ਪ੍ਰਬੰਧ ਸਮੇਂ ਸਿਰ ਯਕੀਨੀ ਬਣਾਇਆ ਜਾ ਸਕੇ। ਕੋਚ ਹਰਸਿਮਰਨ ਸਿੰਘ ਅਤੇ ਸ਼ੈਰੀ ਸਿੰਘ ਨੇ ਦੱਸਿਆ ਕਿ ਸ਼੍ਰੇਸ਼ਟ ਪ੍ਰਦਰਸ਼ਨ ਕਰਨ ਵਾਲੀਆਂ ਸਾਰੀਆਂ ਜੇਤੂ ਟੀਮਾਂ ਅਤੇ ਉੱਤਮ ਖਿਡਾਰਨਾਂ ਨੂੰ ਮੈਡਲ ਅਤੇ ਸਰਟੀਫ਼ੀਕੇਟ ਪ੍ਰਦਾਨ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਭਰ ਦੇ ਵੱਖ-ਵੱਖ ਜ਼ਿਲ੍ਹਾ ਗੱਤਕਾ ਐਸੋਸੀਏਸ਼ਨਾਂ ਦੇ ਪ੍ਰਧਾਨਾਂ ਅਤੇ ਸਕੱਤਰਾਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਇਸ ਟੂਰਨਾਮੈਂਟ ਵਿੱਚ ਸ਼ਮੂਲੀਅਤ ਕਰਨ ਲਈ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।
Click to Follow Babushahi Facebook page →