ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਬਠਿੰਡਾ ਜ਼ਿਲ੍ਹੇ ਵਿੱਚ1.91 ਲੱਖ ਲਾਭਪਾਤਰੀ ਯੋਜਨਾ ਹੇਠ ਰਜਿਸਟਰ-DC ਬਠਿੰਡਾ
--12,578 ਲੋਕਾਂ ਨੇ ਲਿਆ ਮੁਫ਼ਤ ਇਲਾਜ ਦਾ ਲਾਭ
--ਐਡਵਾਂਸ ਕੈਂਸਰ ਕੇਂਦਰ ਦੇ 2,068 ਮਰੀਜ਼ਾਂ ਦਾ ਹੋਇਆ ਮੁਫ਼ਤ ਇਲਾਜ
ਅਸ਼ੋਕ ਵਰਮਾ
ਬਠਿੰਡਾ, 17 ਅਪ੍ਰੈਲ 2026: ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ ਹੈ, ਜਿਸ ਹੇਠ ਲੋਕਾਂ ਨੂੰ 10 ਲੱਖ ਰੁਪਏ ਤੱਕ ਮੁਫ਼ਤ ਇਲਾਜ ਦੀ ਸਹੂਲਤ ਮਿਲ ਰਹੀ ਹੈ। ਜ਼ਿਲ੍ਹਾ ਬਠਿੰਡਾ 'ਚ ਹੁਣ ਤੱਕ 1,91,007 ਲੋਕ ਇਸ ਯੋਜਨਾ ਹੇਠ ਲਾਭਪਾਤਰੀ ਵਜੋਂ ਰਜਿਸਟਰ ਹੋ ਚੁੱਕੇ ਹਨ, ਜਦਕਿ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ ਵਿੱਚ 12,578 ਮਰੀਜ਼ ਇਸ ਦਾ ਲਾਭ ਲੈ ਚੁੱਕੇ ਹਨ।
ਇਹ ਜਾਣਕਾਰੀ ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਰਾਜੇਸ਼ ਧੀਮਾਨ ਨੇ ਅੱਜ ਇਸ ਸਬੰਧੀ ਬੁਲਾਈ ਗਈ ਮੀਟਿੰਗ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਐਡਵਾਂਸ ਕੈਂਸਰ ਕੇਅਰ ਇੰਸਟੀਚਿਊਟ ਬਠਿੰਡਾ ਵਿੱਚ 2,068 ਮਰੀਜ਼ਾਂ ਦਾ ਇਸ ਯੋਜਨਾ ਹੇਠ ਮੁਫ਼ਤ ਇਲਾਜ ਕੀਤਾ ਗਿਆ ਹੈ।
ਉਨ੍ਹਾਂ ਹੋਰ ਦੱਸਿਆ ਕਿ ਜ਼ਿਲ੍ਹੇ ਦੇ 13 ਸਰਕਾਰੀ ਹਸਪਤਾਲਾਂ ਵਿੱਚ ਕੁੱਲ 5,584 ਮਰੀਜ਼ਾਂ ਨੂੰ ਮੁਫ਼ਤ ਇਲਾਜ ਪ੍ਰਦਾਨ ਕੀਤਾ ਗਿਆ ਹੈ। ਇਨ੍ਹਾਂ ਵਿੱਚ ਜ਼ਿਲ੍ਹਾ ਹਸਪਤਾਲ ਬਠਿੰਡਾ, ਸਬ ਡਿਵੀਜ਼ਨ ਹਸਪਤਾਲ ਰਾਮਪੁਰਾ, ਤਲਵੰਡੀ ਸਾਬੋ ਅਤੇ ਘੁੱਦਾ ਸ਼ਾਮਲ ਹਨ। ਇਸ ਤੋਂ ਇਲਾਵਾ ਕਮਿਊਨਿਟੀ ਹੈਲਥ ਸੈਂਟਰ ਗੋਨਿਆਣਾ, ਰਾਮਾਂ, ਸੰਗਤ, ਭਗਤਾ, ਬਾਲਿਆਂਵਾਲੀ, ਮੌੜ, ਮਹਿਰਾਜ, ਨਥਾਣਾ ਅਤੇ ਭੁੱਚੋ ਵਿੱਚ ਵੀ ਮਰੀਜ਼ਾਂ ਨੂੰ ਮੁਫ਼ਤ ਇਲਾਜ ਦੀ ਸਹੂਲਤ ਦਿੱਤੀ ਗਈ।
ਡਿਪਟੀ ਕਮਿਸ਼ਨਰ ਨੇ ਹੁਕਮ ਦਿੱਤਾ ਕਿ ਵੱਧ ਤੋਂ ਵੱਧ ਲੋਕਾਂ ਨੂੰ ਲਾਭਪਾਤਰੀ ਵਜੋਂ ਰਜਿਸਟਰ ਕੀਤਾ ਜਾਵੇ ਤਾਂ ਜੋ ਸਮਾਜ ਦੇ ਹਰ ਵਰਗ ਨੂੰ ਇਸ ਯੋਜਨਾ ਦਾ ਫ਼ਾਇਦਾ ਮਿਲ ਸਕੇ।
ਬਾਕਸ:
* ਮੁੱਖ ਮੰਤਰੀ ਸਿਹਤ ਯੋਜਨਾ ਹੇਠ ਕੌਣ ਰਜਿਸਟਰ ਹੋ ਸਕਦਾ ਹੈ?
ਪੰਜਾਬ ਦੇ ਸਾਰੇ ਨਾਗਰਿਕ, ਭਾਵੇਂ ਉਨ੍ਹਾਂ ਦੀ ਆਮਦਨ ਜੋ ਮਰਜ਼ੀ ਹੋਵੇ, ਇਸ ਸਿਹਤ ਬੀਮਾ ਯੋਜਨਾ ਹੇਠ ਰਜਿਸਟਰ ਹੋ ਸਕਦੇ ਹਨ।
* ਕੀ ਲਾਭ ਹੈ?
ਇਸ ਯੋਜਨਾ ਤਹਿਤ ਹਰ ਪਰਿਵਾਰ ਨੂੰ ਹਰ ਸਾਲ ₹10 ਲੱਖ ਤੱਕ ਕੈਸ਼ਲੈੱਸ ਸਿਹਤ ਬੀਮਾ ਮਿਲਦਾ ਹੈ। ਦਿਲ, ਕੈਂਸਰ, ਸਰਜਰੀ ਆਦਿ ਸਮੇਤ ਵੱਖ-ਵੱਖ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ।
* ਰਜਿਸਟ੍ਰੇਸ਼ਨ ਕਿਵੇਂ ਕਰਵਾਈ ਜਾ ਸਕਦੀ ਹੈ?
ਕੋਈ ਵੀ ਵਿਅਕਤੀ ਆਪਣੇ ਨੇੜਲੇ ਸਰਕਾਰੀ ਹਸਪਤਾਲ ਜਾਂ ਕਾਮਨ ਸਰਵਿਸ ਸੈਂਟਰ (CSC) ਵਿੱਚ ਵੋਟਰ ਆਈ ਕਾਰਡ ਅਤੇ ਆਧਾਰ ਕਾਰਡ ਨਾਲ ਜਾ ਕੇ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ। ਹਰ ਪਰਿਵਾਰ ਵਿੱਚੋਂ ਘੱਟੋ-ਘੱਟ 18 ਸਾਲ ਤੋਂ ਉੱਪਰ ਦੇ ਦੋ ਮੈਂਬਰਾਂ ਦਾ ਜਾਣਾ ਲਾਜ਼ਮੀ ਹੈ। 18 ਸਾਲ ਤੋਂ ਘੱਟ ਉਮਰ ਵਾਲਿਆਂ ਲਈ ਜਨਮ ਸਰਟੀਫਿਕੇਟ ਦੇਣਾ ਹੋਵੇਗਾ।
Click to Follow Babushahi Facebook page →