ਮੁਕਤਸਰ ਪੁਲਿਸ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਅਤੇ ਟਰੈਫਿਕ ਨਿਯਮਾਂ ਪ੍ਰਤੀ ਜਾਗਰੂਕਤਾ ਮੁਹਿੰਮ
ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ, 30 ਜਨਵਰੀ 2026 :
ਪੰਜਾਬ ਸਰਕਾਰ ਅਤੇ ਡੀ.ਜੀ.ਪੀ. ਪੰਜਾਬ ਦੀਆਂ ਹਦਾਇਤਾਂ ਅਨੁਸਾਰ ਪੂਰੇ ਸੂਬੇ ਵਿੱਚ ਚਲਾਈ ਜਾ ਰਹੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਅਤੇ ਸੜਕੀ ਹਾਦਸਿਆਂ ਤੋਂ ਬਚਾਅ ਲਈ ਟਰੈਫਿਕ ਜਾਗਰੂਕਤਾ ਅਭਿਆਨ ਦੇ ਤਹਿਤ, ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਜ਼ਿਲ੍ਹਾ ਅੰਦਰ ਨਿਰੰਤਰ ਅਤੇ ਵਿਸ਼ਾਲ ਪੱਧਰ ‘ਤੇ ਜਾਗਰੂਕਤਾ ਪ੍ਰੋਗਰਾਮ ਅਤੇ ਸੈਮੀਨਾਰ ਕਰਵਾਏ ਜਾ ਰਹੇ ਹਨ।ਐਸ.ਐਸ.ਪੀ. ਸ੍ਰੀ ਮੁਕਤਸਰ ਸਾਹਿਬ ਸ੍ਰੀ ਅਭਿਮੰਨਿਊ ਰਾਣਾ, ਆਈ.ਪੀ.ਐਸ. ਦੀ ਅਗਵਾਈ ਅਤੇ ਦਿਸ਼ਾ-ਨਿਰਦੇਸ਼ਾਂ ਹੇਠ ਜਿੱਥੇ ਇੱਕ ਪਾਸੇ ਨਸ਼ਾ ਤਸਕਰਾਂ ਅਤੇ ਸ਼ਰਾਰਤੀ ਅੰਸਰਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਲਗਾਤਾਰ ਕੀਤੀ ਜਾ ਰਹੀ ਹੈ, ਉੱਥੇ ਹੀ ਦੂਜੇ ਪਾਸੇ ਨੌਜਵਾਨ ਵਰਗ ਅਤੇ ਆਮ ਲੋਕਾਂ ਨੂੰ ਨਸ਼ਿਆਂ ਦੀ ਦਲਦਲ ਤੋਂ ਦੂਰ ਰੱਖਣ ਲਈ ਜਾਗਰੂਕਤਾ ਨੂੰ ਖਾਸ ਤਰਜੀਹ ਦਿੱਤੀ ਜਾ ਰਹੀ ਹੈ।
ਸ੍ਰੀ ਮੁਕਤਸਰ ਸਾਹਿਬ ਪੁਲਿਸ ਦੇ ਵੱਖ-ਵੱਖ ਥਾਣਿਆਂ ਦੇ ਮੁਲਾਜ਼ਮਾਂ ਅਤੇ ਅਵੇਅਰਨੈਸ ਟੀਮਾਂ ਵੱਲੋਂ ਜ਼ਿਲ੍ਹੇ ਦੇ ਸਕੂਲਾਂ, ਕਾਲਜਾਂ, ਪਿੰਡਾਂ, ਸ਼ਹਿਰੀ ਸੱਥਾਂ, ਟੈਕਸੀ ਸਟੈਂਡਾਂ ਅਤੇ ਟਰਾਂਸਪੋਰਟ ਯੂਨਿਟਾਂ ਵਿੱਚ ਪਹੁੰਚ ਕਰਕੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਇਹ ਵੀ ਸਮਝਾਇਆ ਗਿਆ ਕਿ ਨਸ਼ੇ ਨਾ ਸਿਰਫ਼ ਸਿਹਤ ਨੂੰ ਗੰਭੀਰ ਨੁਕਸਾਨ ਪਹੁੰਚਾਉਂਦੇ ਹਨ, ਸਗੋਂ ਪਰਿਵਾਰਕ, ਸਮਾਜਿਕ ਅਤੇ ਭਵਿੱਖੀ ਜੀਵਨ ਨੂੰ ਵੀ ਪ੍ਰਭਾਵਿਤ ਕਰਦੇ ਹਨ।ਇਸ ਦੇ ਨਾਲ ਹੀ ਲੋਕਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਤੇਜ਼ ਰਫ਼ਤਾਰ, ਬਿਨਾਂ ਹੈਲਮੈਟ, ਸੀਟ ਬੈਲਟ ਦੀ ਅਣਦੇਖੀ ਅਤੇ ਨਸ਼ੇ ਦੀ ਹਾਲਤ ਵਿੱਚ ਵਾਹਨ ਚਲਾਉਣ ਨਾਲ ਹੋਣ ਵਾਲੇ ਘਾਤਕ ਸੜਕੀ ਹਾਦਸਿਆਂ ਬਾਰੇ ਸਪਸ਼ਟ ਤੌਰ ‘ਤੇ ਜਾਣੂ ਕਰਵਾਇਆ ਗਿਆ।
ਇਸ ਮੁਹਿੰਮ ਦੇ ਤਹਿਤ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਖ਼ਾਸ ਤੌਰ ‘ਤੇ ਪਿੰਡਾਂ ਵਿੱਚ ਸੱਥਾਂ ਅੰਦਰ ਅਤੇ ਪਿੰਡ ਪੱਧਰ ‘ਤੇ ਜਾ ਕੇ ਸੈਮੀਨਾਰ ਅਤੇ ਮੀਟਿੰਗਾਂ ਕਰਵਾਈਆਂ ਜਾ ਰਹੀਆਂ ਹਨ, ਤਾਂ ਜੋ ਆਮ ਲੋਕਾਂ ਨਾਲ ਸਿੱਧਾ ਅਤੇ ਭਰੋਸੇਯੋਗ ਸੰਪਰਕ ਕਾਇਮ ਕੀਤਾ ਜਾ ਸਕੇ। ਇਨ੍ਹਾਂ ਮੀਟਿੰਗਾਂ ਦੌਰਾਨ ਲੋਕਾਂ ਨਾਲ ਨਸ਼ਿਆਂ ਦੇ ਮਸਲੇ ‘ਤੇ ਖੁੱਲ੍ਹ ਕੇ ਗੱਲਬਾਤ ਕੀਤੀ ਗਈ ਅਤੇ ਪਿੰਡ ਵਾਸੀਆਂ ਦੀਆਂ ਦੁੱਖ-ਤਕਲੀਫਾਂ, ਸਮਾਜਿਕ ਸਮੱਸਿਆਵਾਂ ਅਤੇ ਚਿੰਤਾਵਾਂ ਨੂੰ ਗੰਭੀਰਤਾ ਨਾਲ ਸੁਣਿਆ ਗਿਆ। ਇਸ ਦੌਰਾਨ ਪਿੰਡਾਂ ਵਿੱਚ ਨਸ਼ਾ ਵੇਚਣ ਵਾਲੇ ਤੱਤਾਂ ਬਾਰੇ ਮਿਲੀਆਂ ਜਾਣਕਾਰੀਆਂ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਵੱਲੋਂ CASO ਪ੍ਰੋਗਰਾਮਾਂ, ਨਾਕਾਬੰਦੀਆਂ ਅਤੇ ਰੇਡਾਂ ਰਾਹੀਂ ਨਸ਼ਾ ਤਸਕਰਾਂ ਨੂੰ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ, ਜਿਨ੍ਹਾਂ ਪਿੰਡਾਂ ਵਿੱਚ ਨੌਜਵਾਨ ਨਸ਼ਿਆਂ ਦੀ ਲਪੇਟ ਵਿੱਚ ਹਨ, ਉਨ੍ਹਾਂ ਦੇ ਮਾਪਿਆਂ ਨਾਲ ਰਾਬਤਾ ਕਾਇਮ ਕਰਕੇ ਸਰਪੰਚਾਂ ਅਤੇ ਪੰਚਾਇਤਾਂ ਦੇ ਸਹਿਯੋਗ ਨਾਲ ਉਨ੍ਹਾਂ ਨੂੰ ਹਸਪਤਾਲਾਂ ਵਿੱਚ ਇਲਾਜ ਲਈ ਭੇਜਿਆ ਜਾ ਰਿਹਾ ਹੈ, ਜਿੱਥੇ ਡਾਕਟਰੀ ਦੇਖਰੇਖ ਹੇਠ ਇਲਾਜ ਅਤੇ ਜ਼ਰੂਰੀ ਦਵਾਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਤਾਂ ਜੋ ਨੌਜਵਾਨਾਂ ਨੂੰ ਮੁੜ ਸਿਹਤਮੰਦ ਜੀਵਨ ਵੱਲ ਲਿਆਂਦਾ ਜਾ ਸਕੇ।