ਮਾਨਸਾ ਦੇ ਕਿਸਾਨ ਮੋਰਚੇ ਵਿੱਚ ਛਾਇਆ ਖਾਦਾਂ ਨਾਲ ਬੇਲੋੜੀਆਂ ਵਸਤਾਂ ਮੜ੍ਹਨ ਦਾ ਮੁੱਦਾ
ਅਸ਼ੋਕ ਵਰਮਾ
ਮਾਨਸਾ , 9 ਸਤੰਬਰ 2026 :ਡੀ.ਸੀ. ਦਫ਼ਤਰ ਮਾਨਸਾ ਅੱਗੇ ਕਿਸਾਨ ਮੰਗਾਂ ਨੂੰ ਲੈ ਕੇ ਭਾਰਤੀਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸ਼ੁਰੂ ਕੀਤਾ ਦਿਨ-ਰਾਤ ਦਾ ਮੋਰਚਾ ਅੱਜ 11ਵੇਂ ਦਿਨ ਵਿੱਚ ਦਾਖਲ ਹੋਇਆ ਜਿੱਥੇ ਕਿਸਾਨ ਜਥੇਬੰਦੀ ਨੇ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਖਾਦ ਸਪਲਾਈ ਕਰਨ ਵਾਲੀਆਂ ਕੰਪਨੀਆਂ ਦੇ ਨਿਕੇਲ ਪਾਵੇ ਅਤੇ ਕਿਸਾਨਾਂ ਦੀ ਕੀਤੀ ਜਾਂਦੀ ਨਜਾਇਜ਼ ਲੁੱਟ ਨੂੰ ਤੁਰੰਤ ਰੋਕਿਆ ਜਾਵੇ। ਕਿਸਾਨ ਆਗੂ ਨੇ ਕਿਹਾ ਕਿ ਖਾਦ ਵਾਲੀਆਂ ਕੰਪਨੀਆਂ ਡੀ.ਏ.ਪੀ., ਖਾਦ ਅਤੇ ਯੂਰੀਆ, ਖਾਦ ਦੇ ਨਾਲ ਆਪਣੇ ਡਿਸਟੀਬਿਊਟਰਾਂ ਨੂੰ ਜਬਰਦਸਤੀ ਬੇਲੋੜਾਂ ਹੋਰ ਸਮਾਨ ਸਪਲਾਈ ਕਰਦੀਆਂ ਹਨ। ਜਿਸ ਵਿੱਚ ਨੈਨੋ ਯੂਰੀਆਂ, ਪੋਟਾਸ਼, ਜ਼ਿੰਕ ਅਤੇ ਹੋਰ ਸਾਜੋ ਸਮਾਨ ਦਿੱਤਾ ਜਾਂਦਾ ਹੈ।
ਉਹਨਾਂ ਕਿਹਾ ਕਿ ਜਦੋਂ ਖਾਦ ਵੇਚਣ ਵਾਲੇ ਪ੍ਰਾਈਵੇਟ ਡੀਲਰ ਡਿਸਟੀਬਿਊਟਰਾਂ ਕੋਲੋਂ ਡੀ.ਏ.ਪੀ., ਯੂਰੀਆਂ, ਖਾਦ ਚੁੱਕਦੇ ਹਨ ਤਾਂ ਉਹ ਜ਼ਬਰਦਸਤੀ ਇਹੀ ਸਮਾਨ ਖਾਦ ਡੀਲਰਾਂ ਨੂੰ ਦਿੰਦੇ ਹਨ। ਅੱਗੇ ਜਦੋਂ ਕਿਸਾਨ ਖਾਦ ਲੈਣ ਲਈ ਡੀਲਰਾਂ ਦੀਆਂ ਪ੍ਰਾਈਵੇਟ ਦੁਕਾਨਾਂ ਤੇ ਜਾਂਦੇ ਹਨ ਤਾਂ ਦੁਕਾਨਦਾਰ ਉਨਾਂ ਨੂੰ ਇਹੀ ਸਮਾਨ ਖਾਦ ਦੇ ਨਾਲ ਦਿੰਦੇ ਹਨ ਜਿਸ ਨਾਲ ਕਿਸਾਨਾਂ ਨੂੰ ਬੇਲੋੜਾਂ ਆਰਥਿਕ ਨੁਕਸਾਨ ਉਠਾਉਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਹ ਮਸਲਾ ਪਿਛਲੇ ਦਿਨੀਂ ਏ.ਡੀ.ਸੀ. ਮਾਨਸਾ ਨਾਲ ਹੋਈ ਮੀਟਿੰਗ ਦੇ ਦਰਮਿਆਨ ਉਨਾਂ ਦੇ ਧਿਆਨ ਵਿੱਚ ਜਥੇਬੰਦੀ ਵੱਲੋਂ ਲਿਆਂਦਾ ਗਿਆ ਹੈ । ਸ੍ਰੀ ਭੈਣੀ ਬਾਘਾ ਨੇ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਮਾਨਸਾ ਨੂੰ ਸਖਤ ਲਹਿਜ਼ੇ ਵਿੱਚ ਕਿਹਾ ਕਿ ਉਹ ਖਾਦ ਸਪਲਾਈ ਕਰਨ ਵਾਲੀਆਂ ਕੰਪਨੀਆਂ ਦੀਆਂ ਮਨਮਾਨੀਆਂ ਨੂੰ ਰੋਕਣ, ਖਾਦਾਂ ਦੇ ਨਾਲ ਬੇਲੋੜਾਂ ਸਮਾਨ ਦੁਕਾਨਦਾਰਾਂ ਨੂੰ ਨਾ ਦੇਣ ਤਾਂ ਜੋ ਕਿਸਾਨਾਂ ਦੀ ਲੁੱਟ ਨੂੰ ਰੋਕਿਆ ਜਾ ਸਕੇ। ਉਨਾਂ ਕਿਹਾ ਜੇਕਰ ਜਿਲ੍ਹਾ ਪ੍ਰਸ਼ਾਸਨ ਨੇ ਇਸ ਵੱਡੀ ਸਮੱਸਿਆ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ ਜਥੇਬੰਦੀ ਕੋਈ ਤਿੱਖਾ ਐਕਸ਼ਨ ਕਰਨ ਲਈ ਮਜ਼ਬੂਰ ਹੋਵੇਗੀ। ਇਸ ਮੌਕੇ ਇੰਦਰਜੀਤ ਸਿੰਘ ਝੱਬਰ, ਉੱਤਮ ਸਿੰਘ ਰਾਮਾਨੰਦੀ, ਕੁਲਦੀਪ ਸਿੰਘ ਚਚੋਹਰ, ਜਗਸੀਰ ਸਿੰਘ ਜਵਾਹਰਕੇ ਨੇ ਵੀ ਸੰਬੋਧਨ ਕੀਤਾ।
- Download Babushahi App
-
-