ਬੱਸ ਅੱਡਾ ਬਚਾਉਣ ਤੇ ਟੋ ਵੈਨਾਂ ਦੀ ਧੱਕੇਸ਼ਾਹੀ ਖਿਲਾਫ ਲੁਧਿਆਣਾ ਵਿਖੇ ਪ੍ਰਦਰਸ਼ਨ ਸੋਮਵਾਰ ਨੂੰ
ਅਸ਼ੋਕ ਵਰਮਾ
ਬਠਿੰਡਾ, 15 ਜੂਨ 2025: ਬੱਸ ਸਟੈਂਡ ਨੂੰ ਮੌਜੂਦਾ ਥਾਂ 'ਤੇ ਕਾਇਮ ਰੱਖਣ ਲਈ ਵਪਾਰੀਆਂ, ਸਮਾਜਿਕ ਸੰਗਠਨਾਂ, ਸੰਘਰਸ਼ਸ਼ੀਲ ਜਥੇਬੰਦੀਆਂ ਅਤੇ ਵੱਖ-ਵੱਖ ਧਿਰਾਂ ਸੋਮਵਾਰ ਨੂੰ ਹਾਕਮ ਧਿਰ ਆਮ ਆਦਮੀ ਪਾਰਟੀ ਖਿਲਾਫ ਲੁਧਿਆਣਾ ਵਿਖੇ ਰੋਸ ਪ੍ਰਦਰਸ਼ਨ ਕਰਨਗੀਆਂ। ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ ਨੇ ਸਮੂਹ ਇਲਾਕਾ ਵਾਸੀਆਂ ਨੂੰ ਇਸ ਰੋਸ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਣ ਦਾ ਸੱਦਾ ਵੀ ਦਿੱਤਾ ਹੈ।ਬੱਸ ਅੱਡਾ ਕਮੇਟੀ ਦੇ ਕਨਵੀਨਰ ਬਲਤੇਜ ਸਿੰਘ ਵਾਂਦਰ ਅਤੇ ਕੌਂਸਲਰ ਸੰਦੀਪ ਬਾਬੀ ਨੇ ਦੱਸਿਆ ਕਿ ਸੋਮਵਾਰ ਸਵੇਰੇ 7:30 ਵਜੇ ਅੰਬੇਡਕਰ ਪਾਰਕ ਕੋਲੋਂ ਬੱਸਾਂ ਦਾ ਕਾਫਿਲਾ ਪੰਜਾਬ ਸਰਕਾਰ ਦੀ ਧੱਕੇਸ਼ਾਹੀ ਨੂੰ ਬੇਨਕਾਬ ਕਰਨ ਲਈ ਲੁਧਿਆਣਾ ਵੱਲ ਰਵਾਨਾ ਹੋਵੇਗਾ ਅਤੇ ਲੁਧਿਆਣਾ ਵਿਖੇ ਸਰਕਾਰ ਵੱਲੋਂ ਬਠਿੰਡਾ ਨੂੰ ਉਜਾੜਨ ਦੀ ਨੀਤੀ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।
ਉਹਨਾਂ ਕਿਹਾ ਕਿ ਕਿਉਂਕਿ ਲਗਭਗ ਪਿਛਲੇ 2 ਮਹੀਨਿਆਂ ਤੋਂ ਸਰਕਾਰ ਕੋਲ ਅਪੀਲ ਕਰਕੇ ਸ਼ਹਿਰ ਦੇ ਵਿਰੁੱਧ ਫੈਸਲੇ ਨਾ ਲੈਣ ਦੀ ਗੁਜ਼ਾਰਿਸ਼ ਕੀਤੀ ਜਾ ਰਹੀ ਸੀ, ਪਰ ਭੂ ਮਾਫੀਆ ਨੂੰ ਖੁਸ਼ ਕਰਨ ਦੇ ਲਈ ਤਤਪਰ ਪੰਜਾਬ ਸਰਕਾਰ ਅਤੇ ਬਠਿੰਡਾ ਪ੍ਰਸ਼ਾਸਨ ਲੋਕਾਂ ਦੀ ਗੱਲ ਸੁਣਨ ਤੋਂ ਇਨਕਾਰ ਕਰ ਰਿਹਾ ਸੀ। ਸੋਨੂ ਮਹੇਸ਼ਵਰੀ ਨੇ ਦੱਸਿਆ ਕਿ ਟੋਹ ਵੈਨਾਂ ਦੀ ਧੱਕੇਸ਼ਾਹੀ ਨਾਲ ਹਰ ਵਰਗ ਪੀੜਤ ਹੈ ਅਤੇ ਵਪਾਰ ਖਤਮ ਹੋਣ ਦੀ ਕਗਾਰ 'ਤੇ ਹੈ। ਹੁਣ ਬੱਸ ਸਟੈਂਡ ਨੂੰ ਤਬਦੀਲ ਕਰਕੇ ਵਪਾਰੀਆਂ ਨੂੰ ਤਾਡੋਪੀੜਤ ਕੀਤਾ ਜਾ ਰਿਹਾ ਹੈ ਜੋ ਕਿ ਅਸਹਿਣਸ਼ੀਲ ਹੈ। ਵਪਾਰ ਮੰਡਲ ਦੇ ਪ੍ਰਧਾਨ ਜੀਵਨ ਗੋਇਲ ਨੇ ਕਿਹਾ ਕਿ ਬਠਿੰਡਾ ਵਿੱਚ ਨਵਨਿਯੁਕਤ ਮੇਅਰ ਵੀ ਲੋਕਾਂ ਦੀ ਆਵਾਜ਼ ਸੁਣਨ ਦੀ ਬਜਾਏ ਚੰਦ ਲੋਕਾਂ ਲਈ ਕੰਮ ਕਰਨ ਵਿੱਚ ਲੱਗੇ ਹੋਏ ਹਨ। ਅਮਿਤ ਕਪੂਰ ਨੇ ਕਿਹਾ ਕਿ ਜੇ ਬੱਸ ਅੱਡੇ ਦੀ ਤਬਦੀਲੀ ਨਾ ਰੋਕੀ ਗਈ ਅਤੇ ਟੋਹ ਵੈਨਾਂ ਨੂੰ ਬੰਦ ਨਾ ਕੀਤਾ ਗਿਆ ਤਾਂ ਦੁਬਾਰਾ ਬਠਿੰਡਾ ਬੰਦ ਕਰਵਾਇਆ ਜਾਵੇਗਾ, ਜੋ ਕਿ ਪ੍ਰਸ਼ਾਸਨ ਅਤੇ ਸਰਕਾਰ ਲਈ ਨਮੋਸ਼ੀ ਵਾਲੀ ਗੱਲ ਹੋਵੇਗੀ।
Click to Follow Babushahi Facebook page →