ਬੇਅਦਬੀ ਵਿਰੋਧੀ ਬਿੱਲ; ਹਰਪਾਲ ਚੀਮਾ ਦਾ ਭਾਜਪਾ ਨੂੰ ਚੈਲੇਂਜ; 'ਜੇ ਹਿੰਮਤ ਹੈ ਤਾਂ ਪਾਰਲੀਮੈਂਟ 'ਚ ਪਾਸ ਕਰੋ ਸਖ਼ਤ ਕਾਨੂੰਨ'
ਹਰਪਾਲ ਚੀਮਾ ਨੇ ਕਿਹਾ- ਕੇਂਦਰ ਤੋਂ ਮਨਜ਼ੂਰੀ ਲੈਣ ਦੀ ਲੋੜ ਨਹੀਂ
ਚੰਡੀਗੜ੍ਹ, 13 ਅਪ੍ਰੈਲ 2026: ਪੰਜਾਬ ਵਿਧਾਨ ਸਭਾ ਵਿੱਚ ਬੇਅਦਬੀ ਵਿਰੋਧੀ ਬਿੱਲ ਪਾਸ ਹੋਣ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਭਾਰਤੀ ਜਨਤਾ ਪਾਰਟੀ 'ਤੇ ਤਿੱਖੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਸਿਰਫ਼ ਪੰਜਾਬ ਨੂੰ ਵਰਗਲਾਉਣ ਦੀ ਕੋਸ਼ਿਸ਼ ਨਾ ਕਰੇ, ਸਗੋਂ ਕੇਂਦਰ ਵਿੱਚ ਆਪਣੀ ਸਰਕਾਰ ਹੋਣ ਦਾ ਫਾਇਦਾ ਉਠਾ ਕੇ ਦੇਸ਼ ਪੱਧਰ 'ਤੇ ਸਖ਼ਤ ਕਾਨੂੰਨ ਬਣਾਵੇ।
ਗਵਰਨਰ ਦੀ ਮਨਜ਼ੂਰੀ 'ਤੇ ਦਿੱਤਾ ਹਵਾਲਾ
ਹਰਪਾਲ ਚੀਮਾ ਨੇ ਕਿਹਾ ਕਿ ਪੰਜਾਬ ਕੋਈ ਪਹਿਲਾ ਸੂਬਾ ਨਹੀਂ ਹੈ ਜੋ ਅਜਿਹਾ ਕਾਨੂੰਨ ਲਿਆ ਰਿਹਾ ਹੈ। ਉਨ੍ਹਾਂ ਦੱਸਿਆ, "ਬਹੁਤ ਸਾਰੇ ਸੂਬਿਆਂ ਨੇ ਪਹਿਲਾਂ ਵੀ ਅਜਿਹੇ ਐਕਟ ਬਣਾਏ ਹਨ ਅਤੇ ਉੱਥੋਂ ਦੇ ਗਵਰਨਰਾਂ ਨੇ ਉਨ੍ਹਾਂ ਬਿੱਲਾਂ ਨੂੰ ਪ੍ਰਵਾਨਗੀ (Assent) ਦਿੱਤੀ ਹੈ। ਇਸ ਲਈ ਪੰਜਾਬ ਦੇ ਬਿੱਲ 'ਤੇ ਕੋਈ ਕਾਨੂੰਨੀ ਅੜਚਨ ਨਹੀਂ ਆਉਣੀ ਚਾਹੀਦੀ।" ਭਾਜਪਾ ਵੱਲੋਂ ਪੰਜਾਬ ਸਰਕਾਰ ਦੇ ਕਦਮਾਂ 'ਤੇ ਚੁੱਕੇ ਜਾ ਰਹੇ ਸਵਾਲਾਂ ਦਾ ਜਵਾਬ ਦਿੰਦਿਆਂ ਚੀਮਾ ਨੇ ਕਿਹਾ, "ਮੈਂ BJP ਨੂੰ ਪੁੱਛਣਾ ਚਾਹੁੰਦਾ ਹਾਂ ਕਿ ਕੇਂਦਰ ਵਿੱਚ ਤੁਹਾਡੀ ਸਰਕਾਰ ਹੈ, ਤੁਸੀਂ ਦੇਸ਼ ਦੇ ਸੰਵਿਧਾਨ ਵਿੱਚ ਸੋਧ ਕਿਉਂ ਨਹੀਂ ਕਰਦੇ? ਤੁਸੀਂ ਸਿਰਫ਼ ਪੰਜਾਬ ਦੀ ਗੱਲ ਕਰਦੇ ਹੋ, ਪਰ ਪੂਰੇ ਦੇਸ਼ ਲਈ ਸਖ਼ਤ ਕਾਨੂੰਨ ਕਿਉਂ ਨਹੀਂ ਬਣਾਉਂਦੇ?"
ਚੀਮਾ ਨੇ ਚੁਣੌਤੀ ਦਿੰਦਿਆਂ ਕਿਹਾ ਕਿ ਇਸ ਵੇਲੇ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਹੈ। ਜੇਕਰ ਭਾਜਪਾ ਦੀ ਨੀਅਤ ਸਾਫ਼ ਹੈ, ਤਾਂ ਉਹ ਤੁਰੰਤ ਬੇਅਦਬੀ ਵਿਰੁੱਧ ਕੇਂਦਰੀ ਕਾਨੂੰਨ ਲੈ ਕੇ ਆਉਣ ਅਤੇ ਉਸ ਨੂੰ ਪਾਸ ਕਰਾਉਣ ਤਾਂ ਜੋ ਇਹ ਪੂਰੇ ਦੇਸ਼ ਵਿੱਚ ਲਾਗੂ ਹੋ ਸਕੇ।
"ਪੰਜਾਬ ਨੂੰ ਗੁਮਰਾਹ ਕਰਨਾ ਬੰਦ ਕਰੇ ਭਾਜਪਾ"- ਵਿੱਤ ਮੰਤਰੀ ਚੀਮਾ
ਵਿੱਤ ਮੰਤਰੀ ਨੇ ਕਿਹਾ ਕਿ ਭਾਜਪਾ ਸਿਰਫ਼ ਰਾਜਨੀਤਿਕ ਲਾਹਾ ਲੈਣ ਲਈ ਪੰਜਾਬੀਆਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸੂਬਾ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਵਿਧਾਨ ਸਭਾ ਵਿੱਚ ਸਖ਼ਤ ਬਿੱਲ ਪਾਸ ਕਰ ਦਿੱਤਾ ਹੈ, ਹੁਣ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਮੁੱਦੇ 'ਤੇ ਆਪਣੀ ਮਨਸ਼ਾ ਸਾਫ਼ ਕਰੇ।
- Download Babushahi App
-
-