ਬਰਨਾਲਾ ’ਚ ਕੱਲ੍ਹ ਪ੍ਰਾਈਵੇਟ ਸਕੂਲ ਰਹਿਣਗੇ ਬੰਦ
ਸਕੂਲ ਬੱਸ-ਵੈਨ ਡਰਾਈਵਰਾਂ ਦੀ ਹੜਤਾਲ
Kamaljeet Sandhu
ਬਰਨਾਲਾ, 2 ਸਤੰਬਰ 2026: ਸਕੂਲ ਬੱਸ ਅਤੇ ਵੈਨ ਡਰਾਈਵਰਾਂ ਵੱਲੋਂ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਸ਼ੁਰੂ ਕੀਤੀ ਹੜਤਾਲ ਦਾ ਅਸਰ ਹੁਣ ਸਕੂਲਾਂ ਦੀ ਪੜ੍ਹਾਈ ’ਤੇ ਵੀ ਪੈਣ ਜਾ ਰਿਹਾ ਹੈ। ਡਰਾਈਵਰਾਂ ਦੀ ਹੜਤਾਲ ਦੇ ਮੱਦੇਨਜ਼ਰ ਬਰਨਾਲਾ ਜ਼ਿਲ੍ਹੇ ਦੇ ਕਰੀਬ 40 ਤੋਂ 50 ਪ੍ਰਾਈਵੇਟ ਸਕੂਲ ਕੱਲ੍ਹ ਬੰਦ ਰਹਿਣਗੇ।
ਜਾਣਕਾਰੀ ਅਨੁਸਾਰ ਪ੍ਰਾਈਵੇਟ ਸਕੂਲਾਂ ਵਿੱਚ ਬੱਸਾਂ ਅਤੇ ਵੈਨਾਂ ਚਲਾਉਣ ਵਾਲੇ ਡਰਾਈਵਰ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਪੰਜਾਬ ਸਰਕਾਰ ਕੋਲ ਰੱਖਦੇ ਆ ਰਹੇ ਹਨ। ਡਰਾਈਵਰਾਂ ਨੇ ਹੁਣ ਆਪਣੀਆਂ ਮੰਗਾਂ ਦੇ ਹੱਕ ਵਿੱਚ ਪੰਜਾਬ ਪੱਧਰੀ ਅੰਦੋਲਨ ਦਾ ਐਲਾਨ ਕੀਤਾ ਹੈ। ਇਸ ਤਹਿਤ 3 ਸਤੰਬਰ ਨੂੰ ਬਰਨਾਲਾ, ਮਾਨਸਾ ਅਤੇ ਬਠਿੰਡਾ ਸਮੇਤ ਵੱਖ-ਵੱਖ ਇਲਾਕਿਆਂ ਦੇ ਸਕੂਲ ਬੱਸ ਅਤੇ ਵੈਨ ਡਰਾਈਵਰ ਵੱਡੀ ਗਿਣਤੀ ਵਿੱਚ ਬਠਿੰਡਾ ਵਿਖੇ ਇਕੱਠੇ ਹੋ ਕੇ ਪੰਜਾਬ ਸਰਕਾਰ ਅੱਗੇ ਆਪਣੀਆਂ ਮੰਗਾਂ ਰੱਖਣਗੇ।
ਡਰਾਈਵਰਾਂ ਦੀ ਹੜਤਾਲ ਨੂੰ ਦੇਖਦਿਆਂ ਬਰਨਾਲਾ ਜ਼ਿਲ੍ਹੇ ਦੇ ਲਗਭਗ 40 ਤੋਂ 50 ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕਾਂ ਨੇ ਸਕੂਲ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ। ਸਕੂਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਬੱਸਾਂ ਅਤੇ ਵੈਨਾਂ ਦੀ ਸੇਵਾ ਪ੍ਰਭਾਵਿਤ ਹੋਣ ਕਾਰਨ ਵਿਦਿਆਰਥੀਆਂ ਦੀ ਆਵਾਜਾਈ ਵਿੱਚ ਦਿੱਕਤ ਆ ਸਕਦੀ ਹੈ।
ਸਕੂਲ ਬੱਸ ਡਰਾਈਵਰਾਂ ਦਾ ਕਹਿਣਾ ਹੈ ਕਿ ਵਧਦੀ ਮਹਿੰਗਾਈ ਅਤੇ ਲਗਾਤਾਰ ਵਧ ਰਹੇ ਖ਼ਰਚਿਆਂ ਨੇ ਉਨ੍ਹਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਡੀਜ਼ਲ-ਪੈਟਰੋਲ ਦੀਆਂ ਕੀਮਤਾਂ ਤੋਂ ਇਲਾਵਾ ਮਹਿੰਗੇ ਵਾਹਨਾਂ ਦੀਆਂ ਲੋਨ ਕਿਸ਼ਤਾਂ, ਰੋਡ ਟੈਕਸ, ਇੰਸ਼ੋਰੈਂਸ, ਜੀਪੀਐਸ ਦਾ ਖ਼ਰਚਾ ਅਤੇ ਵਾਹਨਾਂ ਦੇ ਚਲਾਨ ਉਨ੍ਹਾਂ ’ਤੇ ਵਾਧੂ ਵਿੱਤੀ ਬੋਝ ਪਾ ਰਹੇ ਹਨ।
ਡਰਾਈਵਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀਆਂ ਜਾਇਜ਼ ਮੰਗਾਂ ’ਤੇ ਗੰਭੀਰਤਾ ਨਾਲ ਵਿਚਾਰ ਕਰਦਿਆਂ ਵਧਦੇ ਖ਼ਰਚਿਆਂ ਤੋਂ ਰਾਹਤ ਦਿੱਤੀ ਜਾਵੇ। ਹੁਣ ਸਭ ਦੀਆਂ ਨਜ਼ਰਾਂ 3 ਸਤੰਬਰ ਨੂੰ ਬਠਿੰਡਾ ਵਿੱਚ ਹੋਣ ਵਾਲੇ ਪੰਜਾਬ ਪੱਧਰੀ ਇਕੱਠ ’ਤੇ ਟਿਕੀਆਂ ਹਨ। ਦੇਖਣਾ ਹੋਵੇਗਾ ਕਿ ਇਸ ਤੋਂ ਬਾਅਦ ਸਰਕਾਰ ਵੱਲੋਂ ਡਰਾਈਵਰਾਂ ਦੀਆਂ ਮੰਗਾਂ ਨੂੰ ਲੈ ਕੇ ਕੀ ਫ਼ੈਸਲਾ ਲਿਆ ਜਾਂਦਾ ਹੈ।
- Download Babushahi App
-
-