ਬਰਨਾਲਾ 'ਚ ਡਿਊਟੀ ਦੌਰਾਨ ਅਗਨੀਵੀਰ ਜਵਾਨ ਦੀ ਮੌਤ, ਪਿੰਡ ਕਾਹਨੇਕੇ 'ਚ ਛਾਇਆ ਮਾਤਮ
ਬਰਨਾਲਾ / ਭਦੌੜ, 15 ਅਗਸਤ: ਜ਼ਿਲ੍ਹਾ ਬਰਨਾਲਾ ਦੇ ਵਿਧਾਨ ਸਭਾ ਹਲਕਾ ਭਦੌੜ ਦੇ ਪਿੰਡ ਕਾਹਨੇਕੇ ਵਿਖੇ ਉਸ ਸਮੇਂ ਸ਼ੋਕ ਦੀ ਲਹਿਰ ਦੌੜ ਗਈ, ਜਦੋਂ ਗਰੀਬ ਪਰਿਵਾਰ ਨਾਲ ਸਬੰਧਤ 23 ਸਾਲਾ ਅਗਨੀਵੀਰ ਜਵਾਨ ਕੁਲਵਿੰਦਰ ਸਿੰਘ ਦੀ ਫਿਰੋਜ਼ਪੁਰ ਵਿਖੇ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਕੁਲਵਿੰਦਰ ਸਿੰਘ ਲਗਭਗ ਤਿੰਨ-ਚਾਰ ਸਾਲ ਪਹਿਲਾਂ ਭਾਰਤੀ ਫ਼ੌਜ ਦੀ 113 ਇੰਜੀਨੀਅਰ ਯੂਨਿਟ ਵਿੱਚ ਭਰਤੀ ਹੋਇਆ ਸੀ। ਪਰਿਵਾਰ ਦੀ ਆਰਥਿਕ ਸਥਿਤੀ ਸੁਧਾਰਨ ਦਾ ਸੁਪਨਾ ਲੈ ਕੇ ਦੇਸ਼ ਦੀ ਸੇਵਾ ਕਰ ਰਹੇ ਜਵਾਨ ਦੀ ਅਚਾਨਕ ਮੌਤ ਨਾਲ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਸ਼ਹੀਦ ਜਵਾਨ ਕੁਲਵਿੰਦਰ ਸਿੰਘ ਦੀ ਮ੍ਰਿਤਕ ਦੇਹ ਤਿਰੰਗੇ ਵਿੱਚ ਲਪੇਟੀ ਹੋਈ ਉਨ੍ਹਾਂ ਦੇ ਜੱਦੀ ਪਿੰਡ ਕਾਹਨੇਕੇ ਪਹੁੰਚੀ। ਫ਼ੌਜ ਦੇ ਅਧਿਕਾਰੀ ਲੈਫਟੀਨੈਂਟ ਸ਼ਿਵ ਲੋਚਨ ਅਤੇ ਸੈਨਾ ਦੀ ਟੁਕੜੀ ਨੇ ਪੂਰੇ ਸੈਨਿਕ ਸਨਮਾਨਾਂ ਨਾਲ ਜਵਾਨ ਨੂੰ ਅੰਤਿਮ ਸਲਾਮੀ ਦਿੱਤੀ। ਇਸ ਤੋਂ ਬਾਅਦ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਮ੍ਰਿਤਕ ਦੇ ਪਿਤਾ ਜਗਸੀਰ ਸਿੰਘ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਪਰਿਵਾਰ ਦੀ ਵਿੱਤੀ ਹਾਲਤ ਬਹੁਤ ਮਾੜੀ ਹੈ। ਉਨ੍ਹਾਂ ਦਾ ਪੁੱਤਰ ਪਰਿਵਾਰ ਦੀ ਗਰੀਬੀ ਦੂਰ ਕਰਨ ਅਤੇ ਘਰ ਦਾ ਸਹਾਰਾ ਬਣਨ ਲਈ ਫ਼ੌਜ ਵਿੱਚ ਭਰਤੀ ਹੋਇਆ ਸੀ। ਉਨ੍ਹਾਂ ਦੱਸਿਆ ਕਿ ਜਦੋਂ ਪੁੱਤਰ ਦੀ ਤਬੀਅਤ ਖ਼ਰਾਬ ਹੋਣ ਦੀ ਖ਼ਬਰ ਮਿਲੀ ਤਾਂ ਗਰੀਬੀ ਕਾਰਨ ਫਿਰੋਜ਼ਪੁਰ ਜਾਣ ਲਈ ਕਿਰਾਏ ਤੱਕ ਦੇ ਪੈਸੇ ਨਹੀਂ ਸਨ। ਪਰਿਵਾਰ ਦਿਹਾੜੀ-ਮਜ਼ਦੂਰੀ ਕਰਕੇ ਗੁਜ਼ਾਰਾ ਕਰਦਾ ਹੈ ਅਤੇ ਕੁਲਵਿੰਦਰ ਹੀ ਘਰ ਵਿੱਚ ਕਮਾਉਣ ਵਾਲਾ ਮੁੱਖ ਮੈਂਬਰ ਸੀ। ਪਰਿਵਾਰ ਵਿੱਚ ਹੁਣ ਮਾਤਾ-ਪਿਤਾ ਅਤੇ ਇੱਕ ਛੋਟਾ ਭਰਾ ਰਹਿ ਗਏ ਹਨ। ਪਰਿਵਾਰ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਆਰਥਿਕ ਮਦਦ ਅਤੇ ਪਰਿਵਾਰ ਦੇ ਇੱਕ ਮੈਂਬਰ ਲਈ ਸਰਕਾਰੀ ਨੌਕਰੀ ਦੀ ਮੰਗ ਕੀਤੀ ਹੈ। ਇਸ ਦੁੱਖ ਦੀ ਘੜੀ ਵਿੱਚ ਪਿੰਡ ਵਾਸੀਆਂ ਨੇ ਵੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਸਰਕਾਰ ਤੋਂ ਤੁਰੰਤ ਮਦਦ ਦੀ ਮੰਗ ਕੀਤੀ। ਆਮ ਆਦਮੀ ਪਾਰਟੀ ਦੇ ਆਗੂ ਅਤੇ ਮਾਰਕੀਟ ਕਮੇਟੀ ਤਪਾ ਦੇ ਚੇਅਰਮੈਨ ਤਰਸੇਮ ਸਿੰਘ ਕਾਹਨੇਕੇ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਪੰਜਾਬ ਸਰਕਾਰ ਸਮੱਖ ਰੱਖਿਆ ਜਾਵੇਗਾ। ਦੂਜੇ ਪਾਸੇ, ਹਲਕਾ ਭਦੌੜ ਦੇ ਸਾਬਕਾ ਵਿਧਾਇਕ ਅਤੇ ਕਾਂਗਰਸੀ ਆਗੂ ਪਿਰਮਲ ਸਿੰਘ ਢਿੱਲੋਂ (ਧੌਲਾ) ਨੇ ਅਗਨੀਵੀਰ ਯੋਜਨਾ 'ਤੇ ਸਵਾਲ ਚੁੱਕਦਿਆਂ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਪਰਿਵਾਰ ਨੂੰ 1 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਅਤੇ ਇੱਕ ਮੈਂਬਰ ਨੂੰ ਪੱਕੀ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ। ਅੰਤਿਮ ਸੰਸਕਾਰ ਦੌਰਾਨ ਫ਼ੌਜ ਦੇ ਅਧਿਕਾਰੀ ਲੈਫਟੀਨੈਂਟ ਸ਼ਿਵ ਲੋਚਨ ਨੇ ਪਰਿਵਾਰ ਨੂੰ ਤਿਰੰਗਾ ਸੌਂਪਦਿਆਂ ਹੌਂਸਲਾ ਦਿੱਤਾ। ਇਸ ਮੌਕੇ ਥਾਣਾ ਰੂੜੇਕੇ ਕਲਾਂ ਦੇ ਐੱਸ.ਐੱਚ.ਓ. ਗੁਰਮਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਨੇ ਵੀ ਪਰਿਵਾਰ ਨਾਲ ਹਮਦਰਦੀ ਜਤਾਈ। 23 ਸਾਲ ਦੀ ਛੋਟੀ ਉਮਰ ਵਿੱਚ ਕੁਲਵਿੰਦਰ ਸਿੰਘ ਦੇ ਅਚਾਨਕ ਵਿੱਛੜ ਜਾਣ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।
- Download Babushahi App
-
-