ਪੰਜਾਬ ਦੇ ਮੁੱਦਿਆਂ ਲਈ ਕਿਸਾਨਾਂ ਮਜਦੂਰਾਂ ਮੁਲਾਜ਼ਮਾਂ ਅਤੇ ਨੌਜਵਾਨਾਂ ਨੇ ਬਣਾਇਆ ਸਾਂਝਾ ਪੰਜਾਬ ਮੋਰਚਾ
ਸੂਬੇ ਸਮੇਤ ਦੇਸ਼ ਦੇ ਰਾਜਨੀਤਿਕ ਹਾਲਾਤਾਂ ਅਨੁਸਾਰ ਸੰਘਰਸ਼ ਲਈ ਵੱਖ ਵੱਖ ਵਰਗਾਂ ਨੂੰ ਇਕਜੁੱਟ ਕਰਾਂਗੇ - ਜੁਗਰਾਜ ਟੱਲੇਵਾਲ
ਅਸ਼ੋਕ ਵਰਮਾ
ਬਰਨਾਲਾ 8 ਅਗਸਤ 2026:ਅੱਜ ਵੱਖ ਵੱਖ ਜੱਥਬੰਦੀਆਂ ਦੀ ਅਗਵਾਈ ਵਿੱਚ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਅਤੇ ਨੌਜਵਾਨਾਂ ਨੇ ਪਿੰਡ ਭੋਤਨਾ ਦੇ ਗੁਰਦਵਾਰਾ ਸਾਹਿਬ ਵਿਖ਼ੇ ਇਕੱਤਰ ਹੋ ਕੇ ਪੰਜਾਬ ਦੇ ਮੁੱਦਿਆਂ ਉੱਪਰ ਵਿਚਾਰਾਂ ਕੀਤੀਆਂ | ਅੱਜ ਦੀ ਕਨਵੈਨਸ਼ਨ ਦੀ ਪ੍ਰਧਾਨਗੀ ਡਾ ਦਰਸ਼ਨਪਾਲ, ਸ਼ਿਵਚਰਨ ਮਾਨਸਾ, ਸੁਦਾਗਰ ਸਿੰਘ ਭੋਤਨਾ, ਰਾਉ ਗਜਿੰਦਰ ਸਿੰਘ, ਦਲਵਿੰਦਰ ਸਿੰਘ ਸ਼ੇਰਖਾਂ ਅਤੇ ਜਗਰੂਪ ਸਿੰਘ ਭੁੱਲਰ ਨੇ ਕੀਤੀ | ਵਿਚਾਰ ਚਰਚਾ ਕਰਨ ਉਪਰੰਤ ਪੰਜਾਬ ਅਤੇ ਦੇਸ਼ ਦੇ ਮੁੱਦਿਆਂ ਤੇ ਆਵਾਜ਼ ਬੁਲੰਦ ਕਰਨ ਲਈ ਸਾਂਝਾ ਪੰਜਾਬ ਮੋਰਚਾ ਦਾ ਗਠਨ ਕੀਤਾ ਗਿਆ | ਜਿਸ ਵਿੱਚ ਸਰਬਸੰਮਤੀ ਨਾਲ ਜੁਗਰਾਜ ਸਿੰਘ ਟੱਲੇਵਾਲ ਨੂੰ ਕੰਨਵੀਂਨਰ ਚੁਣਨ ਦੇ ਨਾਲ ਸ਼ਿਵਚਰਨ ਮਾਨਸਾ, ਅਵਤਾਰ ਸਿੰਘ ਮਹਿਮਾਂ, ਰਾਉਗਜਿੰਦਰ ਸਿੰਘ ਫਤਿਹਪੁਰ, ਭਜਨ ਸਿੰਘ ਘੁੰਮਣ ਅਤੇ ਗੁਰਮੇਲ ਸਿੰਘ ਮਾਛੀਕੇ ਨੂੰ ਕਮੇਟੀ ਮੈਬਰ ਚੁਣਿਆਂ ਗਿਆ |
. ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਜੁਗਰਾਜ ਸਿੰਘ ਟੱਲੇਵਾਲ ਨੇ ਕਿਹਾ ਕਿ ਅੰਤਰਰਾਸ਼ਟਰੀ ਪੱਧਰ ਤੇ ਵੱਖ ਵੱਖ ਦੇਸ਼ਾਂ ਦੀਆਂ ਜੰਗਾ ਅਤੇ ਆਰਥਿਕ ਸੰਕਟ ਨੇ ਦੁਨੀਆਂ ਦੇ ਹਾਲਾਤ ਬਦਲ ਦਿੱਤੇ ਹਨ | ਇਸਦੇ ਨਾਲ ਹੀ ਦੇਸ਼ ਅੰਦਰ ਵੱਧ ਰਹੇ ਫਾਸ਼ੀਵਾਦ ਅਤੇ ਸੂਬੇ ਅੰਦਰ ਲੋਕਾਂ ਦੇ ਮੁੱਦਿਆਂ ਤੋਂ ਦੂਰ ਹੋ ਚੁੱਕੀਆ ਸਿਆਸੀ ਪਾਰਟੀ ਕਾਰਨ ਲੋਕਾਂ ਦਾ ਭਵਿੱਖ ਡੂੰਘੇ ਸੰਕਟ ਵਿੱਚ ਹੈ | ਜਿਸ ਨਾਲ ਕਿਸਾਨਾ ਮਜਦੂਰਾਂ ਮੁਲਾਜ਼ਮਾਂ ਅਤੇ ਖਾਸ ਕਰਕੇ ਵਿਦਿਆਰਥੀਆ ਅਤੇ ਨੌਜਵਾਨਾਂ ਅੰਦਰ ਬਹੁਤ ਬੇਚੈਨੀ ਪਾਈ ਜਾ ਰਹੀ ਹੈ | ਅਜਿਹੇ ਵਿੱਚ ਲੋਕਾਂ ਲਹਿਰਾਂ ਨੂੰ ਸਹੀ ਦਿਸ਼ਾ ਦੇਣ ਲਈ ਅਤੇ ਸਾਂਝੇ ਅੰਦੋਲਨਾਂ ਨੂੰ ਤੇਜ ਕਰਨ ਲਈ ਸਾਂਝਾ ਪੰਜਾਬ ਮੋਰਚਾ ਹੋਂਦ ਵਿਚ ਆਇਆ ਹੈ | ਓਹਨਾ ਕਿਹਾ ਕਿ ਅਸੀ ਮੋਰਚੇ ਦੇ ਇਸ ਥੜੇ ਤੋਂ ਸੂਬੇ ਸਮੇਤ ਦੇਸ਼ ਦੇ ਰਾਜਨੀਤਿਕ ਹਾਲਾਤਾਂ ਅਨੁਸਾਰ ਸੰਘਰਸ਼ ਲਈ ਵੱਖ ਵੱਖ ਵਰਗਾਂ ਨੂੰ ਇਕ ਜੁਟ ਕਰਾਂਗੇ |
. ਅੱਜ ਦੀ ਕਨਵੈਨਸ਼ਨ ਵੱਲੋ ਮਤੇ ਪਾਸ ਕਰਕੇ ਮੰਗ ਕੀਤੀ ਕਿ ਚੰਡੀਗੜ੍ਹ ਵਿੱਚ ਹੱਕ ਮੰਗੇ ਮੁਲਾਜ਼ਮਾਂ ਉੱਪਰ ਲਾਠੀਚਾਰਜ ਕਰਨ ਦੀ ਨਿਖੇਧੀ ਕੀਤੀ, ਦਿੱਲੀ ਜੰਤਰ ਮੰਤਰ ਉੱਪਰ ਜੇਤੂ ਸੰਘਰਸ਼ ਤੋਂ ਬਾਅਦ ਆਰ ਐੱਸ ਐੱਸ ਦੇ ਗੁੰਡਿਆਂ ਵੱਲੋਂ ਵਿਦਿਆਰਥੀਆਂ ਅਤੇ ਖਾਸ ਕਰਕੇ ਲੜਕੀਆਂ ਉੱਪਰ ਕੀਤੇ ਜਾ ਰਹੇ ਹਮਲਿਆ ਦੀ ਨਿਖੇਧੀ ਕਰਦਿਆਂ ਤੁਰੰਤ ਇਹ ਹਮਲੇ ਬੰਦ ਕਰਨ ਦੀ ਚੇਤਾਵਨੀ ਦਿੱਤੀ| ਸਫਾਈ ਕਾਮਿਆ ਸਮੇਤ ਮਜਦੂਰਾਂ ਦੇ ਸੰਘਰਸ਼ਾਂ ਨੂੰ ਜਬਰੀ ਦਬਾਉਣ ਦੀ ਬਜਾਏ ਓਹਨਾ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ, ਅਮਰੀਕਾ ਨਾਲ਼ ਟਰੇਡ ਡੀਲ ਰੱਦ ਕੀਤੀ ਜਾਵੇ ਅਤੇ ਕਿਸਾਨਾਂ ਮਜਦੂਰਾਂ ਦੇ ਕਰਜਿਆ ਤੇ ਲੀਕ ਫੇਰਨ ਸਮੇਤ ਸਾਰੀਆ ਮੰਗਾਂ ਮੰਨੀਆਂ ਜਾਣ, ਪੰਜਾਬ ਯੂਨੀਵਰਸਿਟੀ ਵਿਚ ਆਰ ਐੱਸ ਐੱਸ ਦੀ ਦਖ਼ਲਅੰਦਾਜ਼ੀ ਬੰਦ ਕਰਕੇ ਯੂਨੀਵਰਸਿਟੀ, ਚੰਡੀਗੜ੍ਹ ਰਾਜਧਾਨੀ, ਪੰਜਾਬੀ ਬੋਲਦੇ ਇਲਾਕੇ ਅਤੇ ਪਾਣੀਆਂ ਉੱਪਰ ਪੰਜਾਬ ਦਾ ਹੱਕ ਤਸੱਲੀਮ ਕੀਤਾ ਜਾਵੇ, ਲੰਮੀਆਂ ਜੇਲ੍ਹਾਂ ਕੱਟ ਚੁੱਕੇ ਬੰਦੀ ਸਿੰਘਾਂ , ਐੱਨ ਐੱਸ ਏ ਅਤੇ ਯੂਏ ਪੀਏ ਵਿੱਚ ਜੇਲ੍ਹਾਂ ਕੱਟ ਰਹੇ ਸਾਰੇ ਸਿਆਸੀਆਂ ਕੈਦੀਆਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਗਈ |
- Download Babushahi App
-
-