ਪਰਮਿੰਦਰ ਝੋਟੇ ਦੇ ਅੰਤਿਮ ਸੰਸਕਾਰ ਮਗਰੋਂ ਮਾਨਸਾ ਧਰਨੇ ਬਾਰੇ ਵੱਡੀ ਅਪਡੇਟ
ਤਿਕੋਣੀ ਚੌਕ 'ਚ 26 ਦਿਨਾਂ ਤੋਂ ਚੱਲ ਰਿਹਾ ਪ੍ਰਦਰਸ਼ਨ ਸਮਾਪਤ; ਮੁੜ ਸ਼ੁਰੂ ਹੋਈ ਵਾਹਨਾਂ ਦੀ ਆਵਾਜਾਈ
ਬਾਬੂਸ਼ਾਹੀ ਬਿਊਰੋ
ਮਾਨਸਾ, 9 ਨਵੰਬਰ, 2026: ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟੇ ਦੇ ਅੰਤਿਮ ਸੰਸਕਾਰ ਤੋਂ ਬਾਅਦ ਮਾਨਸਾ ਸ਼ਹਿਰ ਤੋਂ ਆਮ ਜਨਤਾ ਲਈ ਵੱਡੀ ਰਾਹਤ ਵਾਲੀ ਖ਼ਬਰ ਸਾਹਮਣੇ ਆਈ ਹੈ। ਪਿਛਲੇ ਕਈ ਦਿਨਾਂ ਤੋਂ ਸ਼ਹਿਰ ਦੇ ਮੁੱਖ ਤਿਕੋਣੀ ਚੌਕ ਵਿੱਚ ਚੱਲ ਰਹੇ ਧਰਨੇ ਕਾਰਨ ਬੰਦ ਪਈਆਂ ਸੜਕਾਂ 'ਤੇ ਆਖ਼ਰਕਾਰ ਵਾਹਨਾਂ ਦੀ ਆਵਾਜਾਈ ਮੁੜ ਸੁਚਾਰੂ ਰੂਪ ਨਾਲ ਸ਼ੁਰੂ ਹੋ ਗਈ ਹੈ।
ਪਰਵਿੰਦਰ ਝੋਟੇ ਦੇ ਅੰਤਿਮ ਸੰਸਕਾਰ ਤੋਂ ਬਾਅਦ ਪਰਿਵਾਰ ਅਤੇ ਇਨਸਾਫ਼ ਐਕਸ਼ਨ ਕਮੇਟੀ ਵੱਲੋਂ ਸਰਬਸੰਮਤੀ ਨਾਲ ਤਿਕੋਣੀ ਚੌਕ 'ਚ ਲਗਾਇਆ ਧਰਨਾ ਚੁੱਕਣ ਦਾ ਐਲਾਨ ਕੀਤਾ ਗਿਆ, ਜਿਸ ਤੋਂ ਬਾਅਦ ਆਵਾਜਾਈ ਵਿੱਚ ਰੁਕਾਵਟ ਬਣੇ ਧਰਨਾ ਸਥਾਨ ਅਤੇ ਰੋਡ ਬਲਾਕ ਹਟਾ ਦਿੱਤੇ ਗਏ।
ਜ਼ਿਕਰਯੋਗ ਹੈ ਕਿ 13 ਅਕਤੂਬਰ ਨੂੰ ਪਰਵਿੰਦਰ ਝੋਟੇ ਦੀ ਮੌਤ ਤੋਂ ਬਾਅਦ ਇਨਸਾਫ਼ ਦੀ ਮੰਗ ਨੂੰ ਲੈ ਕੇ ਪਰਿਵਾਰ ਅਤੇ ਸਮਰਥਕਾਂ ਵੱਲੋਂ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਸੀ। ਲੰਬੇ ਸਮੇਂ ਤੋਂ ਮੁੱਖ ਰਸਤੇ ਬੰਦ ਹੋਣ ਕਾਰਨ ਮਾਨਸਾ ਸ਼ਹਿਰ ਦੇ ਨਿਵਾਸੀਆਂ ਅਤੇ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਧਰਨਾ ਚੁੱਕੇ ਜਾਣ ਨਾਲ ਤਿਕੋਣੀ ਚੌਕ ਸਮੇਤ ਆਸ-ਪਾਸ ਦੇ ਸਾਰੇ ਲਿੰਕ ਰੋਡ ਪੂਰੀ ਤਰ੍ਹਾਂ ਖਾਲੀ ਕਰਵਾ ਲਏ ਗਏ ਹਨ, ਜਿਸ ਨਾਲ 26 ਦਿਨਾਂ ਬਾਅਦ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਪੂਰੀ ਤਰ੍ਹਾਂ ਬਹਾਲ ਹੋ ਗਈ ਹੈ।
- Download Babushahi App
-
-