ਨਵੀਂ ਸੋਚ, ਨਵੀਆਂ ਕਾਢਾਂ ਤੇ ਖੋਜੀ ਬਿਰਤੀ ਦਾ ਸੰਗਮ ਬਣੀ ਮਾਨਸਾ ਜ਼ਿਲ੍ਹੇ ਦੀ ਵਿਗਿਆਨ ਪ੍ਰਦਰਸ਼ਨੀ
ਅਸ਼ੋਕ ਵਰਮਾ
ਮਾਨਸਾ, 25 ਨਵੰਬਰ 2026 :ਸਿੱਖਿਆ ਵਿਭਾਗ ਪੰਜਾਬ ਵੱਲੋਂ ਵਿਦਿਆਰਥੀਆਂ ਅੰਦਰ ਵਿਗਿਆਨਕ ਸੋਚ, ਨਵੀਆਂ ਕਾਢਾਂ ਅਤੇ ਖੋਜੀ ਬਿਰਤੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਨੀਲਮ ਰਾਣੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਲਾਈ ਗਈ। ਇਸ ਪ੍ਰਦਰਸ਼ਨੀ ਵਿੱਚ ਜ਼ਿਲ੍ਹੇ ਭਰ ਦੇ ਨੌਵੀਂ ਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੀਆਂ ਕੁੱਲ 26 ਟੀਮਾਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੇ ਵਿਗਿਆਨਕ ਮਾਡਲਾਂ ਰਾਹੀਂ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।ਇਸ ਪ੍ਰਦਰਸ਼ਨੀ ਦੌਰਾਨ ਵਿਦਿਆਰਥੀਆਂ ਵੱਲੋਂ ਛੇ ਵੱਖ-ਵੱਖ ਮਹੱਤਵਪੂਰਨ ਵਿਸ਼ਿਆਂ 'ਤੇ ਆਧਾਰਿਤ ਮਾਡਲ ਤਿਆਰ ਕੀਤੇ ਗਏ। ਇਨ੍ਹਾਂ ਵਿੱਚ ਬਿਹਤਰ ਜੀਵਨ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ, ਹਰੀ ਊਰਜਾ ਅਤੇ ਵਾਤਾਵਰਣ ਦੀ ਸੰਭਾਲ, ਸਿਹਤ, ਸਫ਼ਾਈ ਅਤੇ ਸਵੱਛਤਾ, ਰਵਾਇਤੀ ਖੇਤੀਬਾੜੀ ਦੇ ਤਰੀਕੇ, ਪੇਂਡੂ ਵਿਕਾਸ ਵਿੱਚ ਵਿਗਿਆਨ ਦੀ ਭੂਮਿਕਾ ਅਤੇ ਆਫ਼ਤ ਪ੍ਰਬੰਧਨ ਵਰਗੇ ਵਿਸ਼ੇ ਸ਼ਾਮਲ ਸਨ।
ਵਿਦਿਆਰਥੀਆਂ ਨੇ ਆਪਣੇ ਮਾਡਲਾਂ ਰਾਹੀਂ ਰੋਜ਼ਾਨਾ ਜੀਵਨ ਦੀਆਂ ਸਮੱਸਿਆਵਾਂ ਦੇ ਵਿਗਿਆਨਕ ਹੱਲ ਪੇਸ਼ ਕਰਦਿਆਂ ਆਪਣੀ ਸਿਰਜਣਾਤਮਕ ਸੋਚ ਅਤੇ ਤਕਨੀਕੀ ਸਮਝ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਹਰੀ ਊਰਜਾ ਅਤੇ ਵਾਤਾਵਰਣ ਦੀ ਸੰਭਾਲ ਵਿੱਚ ਸਰਕਾਰੀ ਹਾਈ ਸਕੂਲ ਗੁੜੱਦੀ ਨੇ ਪਹਿਲਾ, ਸਰਕਾਰੀ ਸੈਕੰਡਰੀ ਸਕੂਲ ਕੁਲਰੀਆਂ ਨੇ ਦੂਜਾ, ਸਰਕਾਰੀ ਹਾਈ ਸਕੂਲ ਕੋਟ ਧਰਮੂ ਨੇ ਤੀਜਾ,ਸਿਹਤ, ਸਫ਼ਾਈ ਅਤੇ ਸਵੱਛਤਾ ਵਿੱਚ ਸਰਕਾਰੀ ਹਾਈ ਸਕੂਲ ਦੋਦੜਾ ਨੇ ਪਹਿਲਾ, ਪੀਐਮ ਸ਼੍ਰੀ ਸਰਕਾਰੀ ਸਕੈਂਡਰੀ ਸਕੂਲ ਨੰਗਲ ਕਲਾਂ ਨੇ ਦੂਜਾ, ਸਰਕਾਰੀ ਸੈਕੰਡਰੀ ਸਕੂਲ ਝੁਨੀਰ ਨੇ ਤੀਜਾ,ਰਵਾਇਤੀ ਖੇਤੀਬਾੜੀ ਦੇ ਤਰੀਕੇ ਵਿੱਚ ਸਰਕਾਰੀ ਸੈਕੰਡਰੀ ਸਕੂਲ ਰੰਗੜਿਆਲ ਨੇ ਪਹਿਲਾ, ਸਰਕਾਰੀ ਹਾਈ ਸਕੂਲ ਰੱਲਾ ਨੇ ਦੂਜਾ, ਸਰਕਾਰੀ ਸੈਕੰਡਰੀ ਸਕੂਲ ਰੱਲੀ ਨੇ ਤੀਜਾ,ਪੇਂਡੂ ਵਿਕਾਸ ਵਿੱਚ ਵਿਗਿਆਨ ਦੀ ਭੂਮਿਕਾ ਵਿੱਚ ਸਰਕਾਰੀ ਸੈਕੰਡਰੀ ਸਕੂਲ ਖਾਰਾ ਨੇ ਪਹਿਲਾ,
ਸਰਕਾਰੀ ਹਾਈ ਸਕੂਲ ਮਾਖਾ ਨੇ ਦੂਜਾ, ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਬੁਢਲਾਡਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।
ਆਫ਼ਤ ਪ੍ਰਬੰਧਨ ਕੁਦਰਤੀ ਆਫ਼ਤਾਂ ਨਾਲ ਨਜਿੱਠਣਾ ਵਿੱਚ ਸਰਕਾਰੀ ਸਕੈਂਡਰੀ ਸਕੂਲ ਭੰਮੇ ਕਲਾਂ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀਰ ਕਲਾਂ ਨੇ ਦੂਜਾ, ਸਰਕਾਰੀ ਹਾਈ ਸਕੂਲ ਦਿਆਲਪੁਰਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਏਆਈ ਫਾਰ ਬੈਟਰ ਲਾਈਫ ਥੀਮ ਵਿੱਚ ਸਰਕਾਰੀ ਸੈਕੰਡਰੀ ਸਕੂਲ ਆਹਲੂਪੁਰ ਨੇ ਪਹਿਲਾ, ਸਰਕਾਰੀ ਸਕੈਂਡਰੀ ਸਕੂਲ ਕਾਹਨਗੜ੍ਹ ਨੇ ਦੂਸਰਾ ਅਤੇ ਸਰਕਾਰੀ ਹਾਈ ਸਕੂਲ ਤਾਮਕੋਟ ਨੇ ਤੀਜਾ ਸਥਾਨ ਹਾਸਿਲ ਕੀਤਾ। ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡਣ ਦੀ ਰਸਮ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਡਾ. ਪਰਮਜੀਤ ਸਿੰਘ ਭੋਗਲ ਵੱਲੋਂ ਅਦਾ ਕੀਤੀ ਗਈ।
ਇਸ ਮੌਕੇ ਉਹਨਾਂ ਕਿਹਾ ਕਿ ਵਿਗਿਆਨ ਪ੍ਰਦਰਸ਼ਨੀਆਂ ਵਿਦਿਆਰਥੀਆਂ ਦੀਆਂ ਛੁਪੀਆਂ ਪ੍ਰਤਿਭਾਵਾਂ ਨੂੰ ਉਜਾਗਰ ਕਰਨ ਅਤੇ ਉਨ੍ਹਾਂ ਵਿੱਚ ਨਵੀਂ ਸੋਚ ਦਾ ਸੰਚਾਰ ਕਰਨ ਦਾ ਮਹੱਤਵਪੂਰਨ ਮੰਚ ਹਨ।
ਉਨ੍ਹਾਂ ਕਿਹਾ ਕਿ ਵਿਗਿਆਨਕ ਦ੍ਰਿਸ਼ਟੀਕੋਣ ਅਤੇ ਤਕਨੀਕੀ ਗਿਆਨ ਨਾਲ ਲੈਸ ਵਿਦਿਆਰਥੀ ਹੀ ਭਵਿੱਖ ਦੀਆਂ ਚੁਣੌਤੀਆਂ ਦਾ ਸਫ਼ਲਤਾਪੂਰਵਕ ਸਾਹਮਣਾ ਕਰ ਸਕਦੇ ਹਨ। ਅਜਿਹੇ ਮੁਕਾਬਲੇ ਬੱਚਿਆਂ ਨੂੰ ਸਿਰਫ਼ ਕਿਤਾਬੀ ਗਿਆਨ ਤੱਕ ਸੀਮਤ ਰਹਿਣ ਦੀ ਬਜਾਏ ਆਪਣੇ ਗਿਆਨ ਨੂੰ ਅਮਲੀ ਰੂਪ ਵਿੱਚ ਵਰਤਣ ਲਈ ਪ੍ਰੇਰਿਤ ਕਰਦੇ ਹਨ।
ਇਸ ਮੌਕੇ ਪ੍ਰਿੰਸੀਪਲ ਕੁਲਦੀਪ ਸਿੰਘ ਚਹਿਲ ਬਲਾਕ ਨੋਡਲ ਅਫ਼ਸਰ ਮਾਨਸਾ ਨੇ ਕਿਹਾ ਕਿ ਵਿਗਿਆਨ ਪ੍ਰਦਰਸ਼ਨੀਆਂ ਵਿਦਿਆਰਥੀਆਂ ਨੂੰ ਆਪਣੇ ਨਵੇਂ ਵਿਚਾਰਾਂ ਅਤੇ ਕਲਪਨਾਵਾਂ ਨੂੰ ਮਾਡਲਾਂ ਰਾਹੀਂ ਪੇਸ਼ ਕਰਨ ਦਾ ਵਿਲੱਖਣ ਮੌਕਾ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਸਰਗਰਮੀਆਂ ਬੱਚਿਆਂ ਵਿੱਚ ਖੋਜੀ ਬਿਰਤੀ, ਸਾਂਝੇ ਤੌਰ ’ਤੇ ਕੰਮ ਕਰਨ ਦੀ ਸਮਰੱਥਾ ਅਤੇ ਆਤਮ-ਵਿਸ਼ਵਾਸ ਮਜ਼ਬੂਤ ਕਰਦੀਆਂ ਹਨ। ਇਸ ਮੌਕੇ ਪ੍ਰਿੰਸੀਪਲ ਵਿਜੈ ਮਿੱਢਾ, ਅਮਰਜੀਤ ਸਿੰਘ ਰੱਲੀ, ਇੰਦਰਪਾਲ ਸਿੰਘ ਜ਼ਿਲ੍ਹਾ ਨੋਡਲ ਅਫ਼ਸਰ, ਭੁਪਿੰਦਰ ਸਿੰਘ ਤੱਗੜ, ਵਿਜੈ ਚੁਰਾਇਆ, ਵਿਸ਼ਾਲ ਬਾਂਸਲ, ਰੋਹਿਤ ਬਾਂਸਲ, ਰਾਜਿੰਦਰ ਸਿੰਗਲਾ, ਅਮਨਦੀਪ ਸਿੰਘ ਪੰਨੂ,ਸੰਦੀਪ ਕੌਰ, ਮਨਪ੍ਰੀਤ ਕੌਰ, ਰੇਣੂ ਬਾਲਾ ਅਤੇ ਰੁਪਿੰਦਰ ਕੌਰ ਹਾਜ਼ਰ ਸਨ।
- Download Babushahi App
-
-