ਧਾਰਮਿਕ ਡੇਰੇ ’ਚ ਲਾਸ਼ ਦਫ਼ਨਾਉਣ ਨੂੰ ਲੈ ਕੇ ਭਖਿਆ ਵਿਵਾਦ ਪ੍ਰਸ਼ਾਸਨ ਨੇ ਸੁਲਝਾਇਆ
ਪਿੰਡ ਵਾਸੀਆਂ ਦੇ ਵਿਰੋਧ ਮਗਰੋਂ ਦਫ਼ਨ ਕੀਤੀ ਮ੍ਰਿਤਕ ਦੇਹ ਕਢਵਾ ਕੇ ਹੋਰ ਥਾਂ ਭੇਜੀ
ਬਲਵਿੰਦਰ ਸਿੰਘ ਧਾਲੀਵਾਲ
ਕਪੂਰਥਲਾ 5 ਅਕਤੂਬਰ 2026- ਕਪੂਰਥਲਾ ਜ਼ਿਲ੍ਹੇ ਦੇ ਸੁਲਤਾਨਪੁਰ ਲੋਧੀ ਹਲਕੇ ਅਧੀਨ ਪੈਂਦੇ ਪਿੰਡ ਹੁਸੈਨਪੁਰ ਦੂਲੋਵਾਲ ਵਿੱਚ ਵਾਲਮੀਕਿ ਸਮਾਜ ਨਾਲ ਸਬੰਧਤ ਬਾਬਾ ਗਿਆਨ ਨਾਥ ਦੇ ਧਾਰਮਿਕ ਡੇਰੇ ਵਿੱਚ ਇੱਕ ਵਿਅਕਤੀ ਦੀ ਮ੍ਰਿਤਕ ਦੇਹ ਦਫ਼ਨਾਉਣ ਨੂੰ ਲੈ ਕੇ ਪੈਦਾ ਹੋਇਆ ਵਿਵਾਦ ਆਖ਼ਰਕਾਰ ਪ੍ਰਸ਼ਾਸਨ ਦੀ ਦਖ਼ਲਅੰਦਾਜ਼ੀ ਨਾਲ ਸ਼ਾਂਤੀਪੂਰਵਕ ਹੱਲ ਹੋ ਗਿਆ। ਪ੍ਰਸ਼ਾਸਨ ਦੀ ਮੌਜੂਦਗੀ ਵਿੱਚ ਦਫ਼ਨ ਕੀਤੀ ਮ੍ਰਿਤਕ ਦੇਹ ਨੂੰ ਕਢਵਾ ਕੇ ਹੋਰ ਥਾਂ ਭੇਜ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਲੋਹੀਆ ਧਾਰਮਿਕ ਡੇਰੇ ਵਿੱਚ ਇੱਕ ਵਿਅਕਤੀ ਸੇਵਾਦਾਰ ਵਜੋਂ ਰਹਿੰਦਾ ਸੀ। ਉਸ ਦੀ ਮੌਤ ਤੋਂ ਬਾਅਦ ਉਸ ਦੀ ਮ੍ਰਿਤਕ ਦੇਹ ਨੂੰ ਲੋਹੀਆਂ ਖਾਸ ਤੋ ਲਿਆ ਕੇ ਦੂਲੋਵਾਲ ਡੇਰੇ ਵਿੱਚ ਹੀ ਦਫ਼ਨਾ ਦਿੱਤਾ ਗਿਆ। ਜਦੋਂ ਇਸ ਦੀ ਜਾਣਕਾਰੀ ਪਿੰਡ ਵਾਸੀਆਂ ਨੂੰ ਹੋਈ ਤਾਂ ਉਨ੍ਹਾਂ ਵੱਲੋਂ ਇਸ ’ਤੇ ਇਤਰਾਜ਼ ਜਤਾਇਆ ਗਿਆ। ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਕੇ ’ਤੇ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਧਾਰਮਿਕ ਅਸਥਾਨ ਵਿੱਚ ਮ੍ਰਿਤਕ ਦੇਹ ਦਫ਼ਨਾਉਣ ਦਾ ਵਿਰੋਧ ਕੀਤਾ।
ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਧਾਰਮਿਕ ਅਸਥਾਨ ਦੀ ਜਗ੍ਹਾ ’ਤੇ ਮ੍ਰਿਤਕ ਦੇਹ ਦਫ਼ਨਾਉਣ ਤੋਂ ਪਹਿਲਾਂ ਪਿੰਡ ਵਾਸੀਆਂ ਦੀ ਸਹਿਮਤੀ ਨਹੀਂ ਲਈ ਗਈ। ਇਸ ਕਾਰਨ ਮਾਮਲਾ ਗੰਭੀਰ ਹੋ ਗਿਆ ਅਤੇ ਮੌਕੇ ’ਤੇ ਤਣਾਅ ਵਾਲੀ ਸਥਿਤੀ ਬਣ ਗਈ। ਕੁਝ ਲੋਕਾਂ ਵੱਲੋਂ ਮ੍ਰਿਤਕ ਦੀ ਪਛਾਣ ਅਤੇ ਉਸ ਨੂੰ ਡੇਰੇ ਵਿੱਚ ਦਫ਼ਨਾਉਣ ਸਬੰਧੀ ਵੀ ਸਥਿਤੀ ਸਪੱਸ਼ਟ ਕਰਨ ਦੀ ਮੰਗ ਕੀਤੀ ਗਈ।
ਮਾਮਲੇ ਦੀ ਸੂਚਨਾ ਮਿਲਣ ’ਤੇ ਥਾਣਾ ਤਲਵੰਡੀ ਚੌਧਰੀਆਂ ਦੀ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ’ਤੇ ਪਹੁੰਚੇ। ਪੁਲਸ ਵੱਲੋਂ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਕਾਨੂੰਨ ਆਪਣੇ ਹੱਥ ਵਿੱਚ ਨਾ ਲੈਣ ਦੀ ਅਪੀਲ ਕੀਤੀ ਗਈ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪ੍ਰਸ਼ਾਸਨ ਵੱਲੋਂ ਧਾਰਾ 145 ਤਹਿਤ ਕਾਰਵਾਈ ਦੀ ਗੱਲ ਵੀ ਸਾਹਮਣੇ ਆਈ ਸੀ।
ਪ੍ਰਸ਼ਾਸਨ ਵੱਲੋਂ ਦੋਵੇਂ ਧਿਰਾਂ ਨਾਲ ਗੱਲਬਾਤ ਕੀਤੀ ਗਈ ਅਤੇ ਮਾਮਲੇ ਦਾ ਸ਼ਾਂਤੀਪੂਰਵਕ ਹੱਲ ਕੱਢਣ ਲਈ ਸਹਿਮਤੀ ਬਣਾਈ ਗਈ। ਇਸ ਤੋਂ ਬਾਅਦ ਪ੍ਰਸ਼ਾਸਨ ਦੀ ਮੌਜੂਦਗੀ ਵਿੱਚ ਡੇਰੇ ਵਿੱਚ ਦਫ਼ਨ ਕੀਤੀ ਮ੍ਰਿਤਕ ਦੇਹ ਨੂੰ ਕਢਵਾਇਆ ਗਿਆ ਅਤੇ ਉਸ ਨੂੰ ਹੋਰ ਥਾਂ ਭੇਜ ਦਿੱਤਾ ਗਿਆ।
ਐੱਸ.ਡੀ.ਐੱਮ. ਸੁਲਤਾਨਪੁਰ ਲੋਧੀ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦਿਆਂ ਦੋਵੇਂ ਪੱਖਾਂ ਨਾਲ ਗੱਲਬਾਤ ਕੀਤੀ ਗਈ। ਆਪਸੀ ਸਹਿਮਤੀ ਬਣਨ ਤੋਂ ਬਾਅਦ ਮਾਮਲੇ ਨੂੰ ਸ਼ਾਂਤੀਪੂਰਵਕ ਹੱਲ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਪ੍ਰਸ਼ਾਸਨ ਵੱਲੋਂ ਪੂਰੀ ਸਾਵਧਾਨੀ ਵਰਤੀ ਗਈ।
ਪਿੰਡ ਵਾਸੀਆਂ ਅਤੇ ਸਰਪੰਚ ਨੇ ਵੀ ਪ੍ਰਸ਼ਾਸਨ ਦੀ ਦਖ਼ਲਅੰਦਾਜ਼ੀ ਤੋਂ ਬਾਅਦ ਮਾਮਲਾ ਸੁਲਝਣ ਦੀ ਪੁਸ਼ਟੀ ਕੀਤੀ। ਮ੍ਰਿਤਕ ਦੇਹ ਨੂੰ ਹੋਰ ਥਾਂ ਭੇਜੇ ਜਾਣ ਤੋਂ ਬਾਅਦ ਪਿੰਡ ਵਿੱਚ ਪੈਦਾ ਹੋਇਆ ਤਣਾਅ ਵੀ ਖ਼ਤਮ ਹੋ ਗਿਆ।
- Download Babushahi App
-
-