ਧਾਰਮਿਕ ਅਸਥਾਨ ਦੇ ਬਾਹਰ ਕੂੜੇ ਦੇ ਅੰਬਾਰ; ਪਿੰਡ ਤਿੱਬੜ ਦੇ ਨਿਵਾਸੀ 20 ਸਾਲਾਂ ਤੋਂ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜ਼ਬੂਰ
ਰੋਹਿਤ ਗੁਪਤਾ, ਗੁਰਦਾਸਪੁਰ
ਗੁਰਦਾਸਪੁਰ-ਕਾਹਨੂੰਵਾਨ ਰੋਡ 'ਤੇ ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਤਿੱਬੜ ਵਿਖੇ ਸਤੀ ਮਾਤਾ ਮੰਦਰ ਦੇ ਨੇੜੇ ਕੂੜੇ ਦੇ ਅੰਬਾਰ ਲੱਗੇ ਹਨ, ਜੋ ਦਿਨੋ-ਦਿਨ ਵੱਧਦੇ ਜਾ ਰਹੇ ਹਨ। ਇਸ ਧਾਰਮਿਕ ਸਥਾਨ ਦੀ ਬਹੁਤ ਮਾਨਤਾ ਹੈ ਅਤੇ ਮਹੀਨੇ ਵਿੱਚ ਚਾਰ-ਪੰਜ ਲੰਗਰ ਇੱਥੇ ਲਗਾਏ ਜਾਂਦੇ ਹਨ, ਪਰ ਫਿਰ ਵੀ ਸਾਰੇ ਪਿੰਡ ਦੇ ਕੂੜੇ ਦੇ ਢੇਰ ਇੱਥੇ ਲੱਗੇ ਵੇਖੇ ਜਾ ਸਕਦੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿੰਡ ਵਿੱਚ ਕੂੜਾ ਸੁੱਟਣ ਦੀ ਕੋਈ ਵੀ ਜਗ੍ਹਾ ਜਾਂ ਗੜ੍ਹਾ ਮੁਹੱਈਆ ਨਹੀਂ ਕਰਵਾਇਆ ਗਿਆ। ਉਹ 20 ਸਾਲ ਤੋਂ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਵੱਖ-ਵੱਖ ਸਮੇਂ 'ਤੇ ਬਣੀਆਂ ਪੰਚਾਇਤਾਂ ਅੱਗੇ ਗੁਹਾਰ ਲਗਾਉਂਦੇ ਆ ਰਹੇ ਹਨ ਕਿ ਧਾਰਮਿਕ ਅਸਥਾਨ ਦੇ ਬਾਹਰੋਂ ਕੂੜਾ ਚੁਕਵਾ ਕੇ ਕੂੜਾ ਸੁੱਟਣ ਦੀ ਕੋਈ ਜਗ੍ਹਾ ਮੁਹੱਈਆ ਕਰਵਾਈ ਜਾਵੇ, ਪਰ ਕਦੇ ਸੁਣਵਾਈ ਨਹੀਂ ਹੋਈ।
ਧਾਰਮਿਕ ਅਸਥਾਨ 'ਤੇ ਮੌਜੂਦ ਨਵਨੀਸ਼ ਕੁਮਾਰ, ਰਾਜੇਸ਼ ਕੁਮਾਰ ਅਤੇ ਬਬਲੂ ਪੰਡਿਤ ਨੇ ਦੱਸਿਆ ਕਿ ਇਸ ਧਾਰਮਿਕ ਸਥਾਨ ਵਿੱਚ ਮਾਤਾ ਚਿੰਤਪੁਰਨੀ ਅਤੇ ਭੋਲੇਨਾਥ ਦਾ ਦਰਬਾਰ ਹੈ। ਪਿੰਡ ਦੇ ਲੋਕਾਂ ਦੀ ਇਸ ਅਸਥਾਨ 'ਤੇ ਬਹੁਤ ਸ਼ਰਧਾ ਹੈ ਅਤੇ ਲਗਾਤਾਰ ਇੱਥੇ ਲੰਗਰ ਲਗਾਏ ਜਾਂਦੇ ਹਨ, ਪਰ ਜਦੋਂ ਬਰਸਾਤ ਹੁੰਦੀ ਹੈ ਤਾਂ ਇੱਥੇ ਬੈਠ ਕੇ ਲੰਗਰ ਛਕਣਾ ਵੀ ਔਖਾ ਹੋ ਜਾਂਦਾ ਹੈ, ਕਿਉਂਕਿ ਕੂੜੇ ਕਾਰਨ ਬਦਬੂ ਦੂਰ-ਦੂਰ ਤੱਕ ਫੈਲ ਜਾਂਦੀ ਹੈ। ਦੂਜੇ ਪਾਸੇ ਇੱਕ ਬਹੁਤ ਵੱਡਾ ਪਿੰਡ ਹੋਣ ਦੇ ਬਾਵਜੂਦ ਪਿੰਡ ਵਿੱਚ ਕੂੜਾ ਸੁੱਟਣ ਲਈ ਕੋਈ ਵੀ ਜਗ੍ਹਾ ਮੁਹੱਈਆ ਨਹੀਂ ਕਰਵਾਈ ਗਈ। 20 ਸਾਲਾਂ ਤੋਂ ਇੱਥੇ ਕੂੜਾ ਸੁੱਟਿਆ ਜਾ ਰਿਹਾ ਹੈ ਅਤੇ ਦੇਖਾ-ਦੇਖੀ ਪੂਰੇ ਪਿੰਡ ਦੇ ਲੋਕ ਆ ਕੇ ਇੱਥੇ ਕੂੜਾ ਸੁੱਟਣ ਲੱਗ ਪਏ, ਜਿਸ ਕਾਰਨ ਹੌਲੀ-ਹੌਲੀ ਇੱਥੇ ਕੂੜੇ ਦੇ ਅੰਬਾਰ ਬਣ ਗਏ।
ਉਹਨਾਂ ਵੱਲੋਂ ਕੁਝ ਦਿਨ ਪਹਿਲਾਂ ਮੌਜੂਦਾ ਸਰਪੰਚ, ਜਿਸ ਦੀ ਰਿਹਾਇਸ਼ ਇਸ ਧਾਰਮਿਕ ਅਸਥਾਨ ਦੇ ਬਿਲਕੁਲ ਨੇੜੇ ਹੀ ਹੈ, ਨੂੰ ਵੀ ਮੰਗ ਕੀਤੀ ਗਈ ਕਿ ਪਿੰਡ ਵਿੱਚ ਕੂੜਾ ਸੁੱਟਣ ਦੀ ਕੋਈ ਜਗ੍ਹਾ ਮੁਹੱਈਆ ਕਰਵਾਈ ਜਾਵੇ ਤਾਂ ਜੋ ਧਾਰਮਿਕ ਸਥਾਨ ਦੇ ਨੇੜਿਓਂ ਕੂੜੇ ਦੇ ਢੇਰ ਖਤਮ ਹੋ ਸਕਣ, ਪਰ ਅਜੇ ਤੱਕ ਉਹਨਾਂ ਨੇ ਵੀ ਕੋਈ ਕਦਮ ਨਹੀਂ ਚੁੱਕਿਆ। ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ।