ਦੀਵਾਲੀ ਦੀ ਰਾਤ ਸਿਟੀ ਸੈਂਟਰ ਵਿੱਚ ਲੱਗੀ ਭਿਆਨਕ ਅੱਗ, 475 ਏਕੜ ਸਕੀਮ ਦੇ ਵਸਨੀਕਾਂ ਦੀ ਸੁਰੱਖਿਆ ’ਤੇ ਖੜ੍ਹੇ ਹੋਏ ਸਵਾਲ
ਸੁਖਮਿੰਦਰ ਭੰਗੂ
ਲੁਧਿਆਣਾ, 9 ਨਵੰਬਰ 2026
ਲੁਧਿਆਣਾ ਇੰਪਰੂਵਮੈਂਟ ਟਰੱਸਟ ਦੀ 475 ਏਕੜ ਸਕੀਮ ਵਿੱਚ ਸਥਿਤ 26 ਏਕੜ ਵਿੱਚ ਫੈਲਿਆ ਵਿਵਾਦਤ ਸਿਟੀ ਸੈਂਟਰ ਲੰਮੇ ਸਮੇਂ ਤੋਂ ਬੰਦ ਪਿਆ ਹੈ। ਦੇਖ-ਰੇਖ ਅਤੇ ਸੁਰੱਖਿਆ ਪ੍ਰਬੰਧਾਂ ਦੀ ਕਥਿਤ ਘਾਟ ਕਾਰਨ ਇਹ ਥਾਂ ਹੁਣ ਆਸ-ਪਾਸ ਦੀਆਂ ਰਿਹਾਇਸ਼ੀ ਕਲੋਨੀਆਂ ਵਿੱਚ ਰਹਿਣ ਵਾਲੇ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ। ਦੀਵਾਲੀ ਦੀ ਰਾਤ ਇੱਥੇ ਲੱਗੀ ਭਿਆਨਕ ਅੱਗ ਨੇ ਇੱਕ ਵਾਰ ਫਿਰ ਸਿਟੀ ਸੈਂਟਰ ਦੀ ਸੁਰੱਖਿਆ ਵਿਵਸਥਾ ਅਤੇ ਸਬੰਧਤ ਵਿਭਾਗਾਂ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਜਾਣਕਾਰੀ ਅਨੁਸਾਰ, ਦੀਵਾਲੀ ਦੀ ਰਾਤ ਕਰੀਬ 8:15 ਵਜੇ ਸਿਟੀ ਸੈਂਟਰ ਦੇ ਈ-ਬਲਾਕ ਵੱਲ ਗੇਟ ਦੇ ਅੰਦਰ ਅਚਾਨਕ ਅੱਗ ਲੱਗ ਗਈ। ਘਟਨਾ ਦੀ ਸੂਚਨਾ ਮਿਲਣ ’ਤੇ ਸਮਾਜਿਕ ਕਾਰਕੁਨ ਅਰਵਿੰਦ ਸ਼ਰਮਾ ਨੇ ਤੁਰੰਤ ਸਬੰਧਤ ਅਧਿਕਾਰੀਆਂ, ਜਿਨ੍ਹਾਂ ਵਿੱਚ ਐਕਸੀਅਨ ਵਿਕਰਮ ਕੁਮਾਰ ਅਤੇ ਬੂਟਾ ਰਾਮ ਸ਼ਾਮਲ ਹਨ, ਨਾਲ ਫੋਨ ਰਾਹੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਅਨੁਸਾਰ ਸ਼ੁਰੂਆਤੀ ਸਮੇਂ ਦੌਰਾਨ ਕਿਸੇ ਵੀ ਅਧਿਕਾਰੀ ਨੇ ਫੋਨ ਨਹੀਂ ਚੁੱਕਿਆ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਅੱਗ ਦੀਆਂ ਤਸਵੀਰਾਂ ਭੇਜੀਆਂ ਗਈਆਂ, ਜਿਸ ਮਗਰੋਂ ਕਾਫ਼ੀ ਦੇਰ ਬਾਅਦ ਫਾਇਰ ਟੈਂਡਰ ਭੇਜਣ ਸਬੰਧੀ ਜਵਾਬ ਮਿਲਿਆ। ਹਾਲਾਂਕਿ, ਉਨ੍ਹਾਂ ਦਾ ਕਹਿਣਾ ਹੈ ਕਿ ਫਾਇਰ ਬ੍ਰਿਗੇਡ ਨੂੰ ਇਸ ਘਟਨਾ ਦੀ ਸੂਚਨਾ ਪਹਿਲਾਂ ਹੀ ਦਿੱਤੀ ਜਾ ਚੁੱਕੀ ਸੀ।
ਘਟਨਾ ਤੋਂ ਅਗਲੀ ਸਵੇਰ ਵੀ ਸਿਟੀ ਸੈਂਟਰ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਧੂੰਆਂ ਉੱਠਦਾ ਦੇਖਿਆ ਗਿਆ, ਜਿਸ ਕਾਰਨ ਅੱਗ ਦੇ ਮੁੜ ਭੜਕਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਸੁਰੱਖਿਆ ਲਈ ਆਰਜ਼ੀ ਤੌਰ ’ਤੇ ਲਗਾਈਆਂ ਗਈਆਂ ਸ਼ੀਟਾਂ ਵੀ ਕਈ ਥਾਵਾਂ ਤੋਂ ਟੁੱਟੀਆਂ ਹੋਈਆਂ ਹਨ। ਅਜਿਹੀ ਸਥਿਤੀ ਵਿੱਚ ਬੰਦ ਪਏ ਇਸ ਵਿਸ਼ਾਲ ਕੰਪਲੈਕਸ ਦੀ ਸੁਰੱਖਿਆ ਅਤੇ ਨਿਗਰਾਨੀ ਪ੍ਰਬੰਧਾਂ ਨੂੰ ਲੈ ਕੇ ਸਥਾਨਕ ਵਸਨੀਕਾਂ ਦੀ ਚਿੰਤਾ ਹੋਰ ਵਧ ਗਈ ਹੈ।
ਅਰਵਿੰਦ ਸ਼ਰਮਾ ਨੇ ਲੁਧਿਆਣਾ ਇੰਪਰੂਵਮੈਂਟ ਟਰੱਸਟ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਿਟੀ ਸੈਂਟਰ ਦਾ ਤੁਰੰਤ ਨਿਰੀਖਣ ਕਰਵਾਇਆ ਜਾਵੇ ਅਤੇ ਅੱਗ ਲੱਗਣ ਦੇ ਕਾਰਨਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕੰਪਲੈਕਸ ਵਿੱਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣ ਅਤੇ ਇਸ ਸਮੱਸਿਆ ਦਾ ਸਥਾਈ ਹੱਲ ਕੱਢਿਆ ਜਾਵੇ, ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਦੀ ਮੁੜ ਨੌਬਤ ਨਾ ਆਵੇ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪ੍ਰਸ਼ਾਸਨ ਨੂੰ ਕਿਸੇ ਵੱਡੇ ਹਾਦਸੇ ਦੀ ਉਡੀਕ ਕਰਨ ਦੀ ਬਜਾਏ ਸਮੇਂ ਸਿਰ ਕਾਰਵਾਈ ਕਰਨੀ ਚਾਹੀਦੀ ਹੈ, ਕਿਉਂਕਿ ਸਿਟੀ ਸੈਂਟਰ ਦੇ ਬਿਲਕੁਲ ਨੇੜੇ ਰਿਹਾਇਸ਼ੀ ਇਲਾਕੇ ਹੋਣ ਕਾਰਨ ਇੱਥੇ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਲੋਕਾਂ ਦੀ ਜਾਨ-ਮਾਲ ਨੂੰ ਗੰਭੀਰ ਖ਼ਤਰਾ ਪੈਦਾ ਹੋ ਸਕਦਾ ਹੈ।
- Download Babushahi App
-
-