ਗ੍ਰੇਟ ਨਵਭਾਰਤ ਮਿਸ਼ਨ ਫਾਊਂਡੇਸ਼ਨ ਵੱਲੋਂ ਵਿਦਿਅਕ ਸਸ਼ਕਤੀਕਰਨ ਲਈ ਨਵੀਂ ਪਹਿਲਕਦਮੀ
ਲੜਕੀਆਂ ਨੂੰ ਡਿਜੀਟਲ ਸਾਖਰਤਾ ਅਤੇ ਅਕਾਦਮਿਕ ਉੱਤਮਤਾ ਲਈ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਕੰਪਿਊਟਰ ਵੰਡੇ ਗਏ
ਮੋਹਾਲੀ, 01 ਫਰਵਰੀ
ਸਿੱਖਿਆ ਦੇ ਪਿਤਾਮਾ ਕੌਮਾਂਤਰੀ ਐਵਾਰਡ ਨਾਲ ਸਨਮਾਨਿਤ ਅਤੇ ਸੀ.ਜੀ.ਸੀ. ਯੂਨੀਵਰਸਿਟੀ ਮੋਹਾਲੀ ਦੇ ਮਾਨਯੋਗ ਚਾਂਸਲਰ ਰਸ਼ਪਾਲ ਸਿੰਘ ਧਾਲੀਵਾਲ ਦੀ ਦੂਰਅੰਦੇਸ਼ੀ ਅਗਵਾਈ ਹੇਠ, ਗ੍ਰੇਟ ਨਵਭਾਰਤ ਮਿਸ਼ਨ ਫਾਊਂਡੇਸ਼ਨ ਵੱਲੋਂ ਡਿਜੀਟਲ ਸਿੱਖਿਆ, ਲਿੰਗ ਸਮਾਨਤਾ ਅਤੇ ਸਾਰਿਆਂ ਲਈ ਬਰਾਬਰ ਸਿੱਖਿਆ ਦੇ ਉਦੇਸ਼ ਨਾਲ ਇੱਕ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਗਿਆ। ਫਾਊਂਡੇਸ਼ਨ ਵੱਲੋਂ ਝੰਜੇੜੀ ਦੇ ਆਲੇ-ਦੁਆਲੇ ਦੇ ਪਿੰਡਾਂ ਦੀਆਂ ਹੋਣਹਾਰ ਵਿਦਿਆਰਥਣਾਂ ਨੂੰ ਸਨਮਾਨਿਤ ਕਰਨ ਲਈ "ਸ਼ਿਖਸ਼ਿਤ ਬੇਟੀ, ਵਿਕਸਿਤ ਭਾਰਤ" ਪਹਿਲਕਦਮੀ ਕੀਤੀ ਗਈ। ਮੈਰਿਟ ਸੂਚੀ ਵਿੱਚ ਸਥਾਨ ਹਾਸਲ ਕਰਨ ਵਾਲੀਆਂ ਲੜਕੀਆਂ ਨੂੰ ਡਿਜੀਟਲ ਸਾਖਰਤਾ ਅਤੇ ਅਕਾਦਮਿਕ ਉੱਤਮਤਾ ਲਈ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਕੰਪਿਊਟਰ ਤੋਹਫ਼ੇ ਵਜੋਂ ਦਿੱਤੇ ਗਏ। ਫਾਊਂਡੇਸ਼ਨ ਦਾ ਮੰਨਣਾ ਹੈ ਕਿ ਇੱਕ ਲੜਕੀ ਨੂੰ ਸਿੱਖਿਅਤ ਕਰਨਾ ਇੱਕ ਪ੍ਰਗਤੀਸ਼ੀਲ ਅਤੇ ਵਿਕਸਿਤ ਰਾਸ਼ਟਰ ਦੀ ਨੀਂਹ ਰੱਖਣਾ ਹੈ।
ਜ਼ਿਕਰਯੋਗ ਹੈ ਕਿ ਰਸ਼ਪਾਲ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਰਾਸ਼ਟਰ ਨਿਰਮਾਣ ਦੀ ਵਚਨਬੱਧਤਾ ਨੂੰ ਜਾਰੀ ਰੱਖਦਿਆਂ, ਫਾਊਂਡੇਸ਼ਨ ਨੇ "ਸ਼ਿਖਸ਼ਿਤ ਭਾਰਤ, ਸਮਰੱਥ ਭਾਰਤ" ਥੀਮ ਹੇਠ ਸਰਕਾਰੀ ਸਕੂਲ ਝੰਜੇੜੀ ਅਤੇ ਚੁੰਨੀ ਕਲਾਂ ਵਿਖੇ ਅਤਿ-ਆਧੁਨਿਕ ਕੰਪਿਊਟਰ ਲੈਬਾਰਟਰੀਆਂ ਸਥਾਪਿਤ ਕੀਤੀਆਂ। ਇਹ ਲੈਬਾਂ ਵਿਦਿਆਰਥੀਆਂ ਨੂੰ ਆਧੁਨਿਕ ਡਿਜੀਟਲ ਸਿੱਖਿਆ ਦੀਆਂ ਸਹੂਲਤਾਂ ਪ੍ਰਦਾਨ ਕਰਨਗੀਆਂ ਅਤੇ ਉਨ੍ਹਾਂ ਨੂੰ ਭਵਿੱਖ ਦੇ ਕਰੀਅਰ ਲਈ ਤਿਆਰ ਕਰਨ ਵਿੱਚ ਸਹਾਇਤਾ ਕਰਨਗੀਆਂ। ਇਸ ਮੌਕੇ ਫਾਊਂਡੇਸ਼ਨ ਦੇ ਨੁਮਾਇੰਦਿਆਂ ਨੇ ਕਿਹਾ ਕਿ ਮਾਣਯੋਗ ਰਸ਼ਪਾਲ ਸਿੰਘ ਧਾਲੀਵਾਲ ਦੇ ਮਾਰਗਦਰਸ਼ਨ ਹੇਠ ਸੰਸਥਾ ਇਹ ਯਕੀਨੀ ਬਣਾਉਣ ਲਈ ਯਤਨਸ਼ੀਲ ਹੈ ਕਿ ਮਿਆਰੀ ਸਿੱਖਿਆ ਅਤੇ ਡਿਜੀਟਲ ਸਾਧਨ ਹਰ ਬੱਚੇ, ਖ਼ਾਸ ਕਰਕੇ ਪੇਂਡੂ ਖੇਤਰਾਂ ਦੇ ਬੱਚਿਆਂ ਤੱਕ ਪਹੁੰਚ ਸਕਣ।
ਇਸ ਉਪਰਾਲੇ ਦੀ ਵਿਦਿਆਰਥੀਆਂ, ਮਾਪਿਆਂ, ਸਕੂਲ ਪ੍ਰਬੰਧਕਾਂ ਅਤੇ ਸਥਾਨਕ ਭਾਈਚਾਰੇ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ। ਗ੍ਰੇਟ ਨਵਭਾਰਤ ਮਿਸ਼ਨ ਫਾਊਂਡੇਸ਼ਨ ਨੇ ਨੌਜਵਾਨਾਂ ਨੂੰ ਸਸ਼ਕਤ ਬਣਾਉਣ ਅਤੇ ਇੱਕ ਸਿੱਖਿਅਤ ਭਾਰਤ ਦੇ ਨਿਰਮਾਣ ਵਿੱਚ ਆਪਣਾ ਯੋਗਦਾਨ ਪਾਉਣ ਦੇ ਮਿਸ਼ਨ ਨੂੰ ਮੁੜ ਦੁਹਰਾਇਆ।