ਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਪੁਰਬ ਮੌਕੇ ਪ੍ਰਧਾਨ ਮੰਤਰੀ 1 ਫ਼ਰਵਰੀ ਨੂੰ ਪੰਜਾਬ ਦਾ ਦੌਰਾ ਕਰਨਗੇ
ਸਤਿਕਾਰਯੋਗ ਸੰਤ ਅਤੇ ਸਮਾਜ ਸੁਧਾਰਕ ਵਜੋਂ ਉਨ੍ਹਾਂ ਦੇ ਸਨਮਾਨ ਵਿੱਚ ਆਦਮਪੁਰ ਹਵਾਈ ਅੱਡੇ ਦਾ ਨਾਮ ਬਦਲ ਕੇ 'ਸ਼੍ਰੀ ਗੁਰੂ ਰਵਿਦਾਸ ਜੀ ਹਵਾਈ ਅੱਡਾ, ਆਦਮਪੁਰ' ਰੱਖਿਆ ਜਾਵੇਗਾ
ਪ੍ਰਧਾਨ ਮੰਤਰੀ ਲੁਧਿਆਣਾ ਦੇ ਹਲਵਾਰਾ ਹਵਾਈ ਅੱਡੇ 'ਤੇ ਟਰਮੀਨਲ ਇਮਾਰਤ ਦਾ ਉਦਘਾਟਨ ਕਰਨਗੇ
ਲੁਧਿਆਣਾ , 31ਜਨਵਰੀ 2026 : ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 1 ਫ਼ਰਵਰੀ, 2026 ਨੂੰ ਪੰਜਾਬ ਦਾ ਦੌਰਾ ਕਰਨਗੇ। ਦੁਪਹਿਰ ਲਗਭਗ 3:45 ਵਜੇ, ਪ੍ਰਧਾਨ ਮੰਤਰੀ ਆਦਮਪੁਰ ਹਵਾਈ ਅੱਡੇ ਦਾ ਦੌਰਾ ਕਰਨਗੇ, ਜਿੱਥੇ ਉਹ ਹਵਾਈ ਅੱਡੇ ਦਾ ਨਵਾਂ ਨਾਮ 'ਸ਼੍ਰੀ ਗੁਰੂ ਰਵਿਦਾਸ ਜੀ ਹਵਾਈ ਅੱਡਾ, ਆਦਮਪੁਰ' ਰੱਖਣ ਦੀ ਰਸਮ ਅਦਾ ਕਰਨਗੇ। ਉਹ ਪੰਜਾਬ ਦੇ ਲੁਧਿਆਣਾ ਦੇ ਹਲਵਾਰਾ ਹਵਾਈ ਅੱਡੇ 'ਤੇ ਟਰਮੀਨਲ ਇਮਾਰਤ ਦਾ ਵੀ ਉਦਘਾਟਨ ਕਰਨਗੇ।
ਸੰਤ ਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਪੁਰਬ ਦੇ ਸ਼ੁਭ ਮੌਕੇ 'ਤੇ ਆਦਮਪੁਰ ਹਵਾਈ ਅੱਡੇ ਦਾ ਨਾਮ ਬਦਲਣਾ ਸਤਿਕਾਰਯੋਗ ਸੰਤ ਅਤੇ ਸਮਾਜ ਸੁਧਾਰਕ ਦਾ ਸਨਮਾਨ ਹੈ, ਜਿਨ੍ਹਾਂ ਦੀਆਂ ਬਰਾਬਰੀ, ਦਇਆ ਅਤੇ ਮਨੁੱਖੀ ਮਾਣ-ਸਨਮਾਨ ਦੀਆਂ ਸਿੱਖਿਆਵਾਂ ਭਾਰਤ ਦੀਆਂ ਸਮਾਜਿਕ ਕਦਰਾਂ-ਕੀਮਤਾਂ ਨੂੰ ਪ੍ਰੇਰਿਤ ਕਰਦੀਆਂ ਹਨ।
ਪੰਜਾਬ ਵਿੱਚ ਹਵਾਬਾਜ਼ੀ ਬੁਨਿਆਦੀ ਢਾਂਚੇ ਨੂੰ ਹੋਰ ਅੱਗੇ ਵਧਾਉਂਦੇ ਹੋਏ ਹਲਵਾਰਾ ਹਵਾਈ ਅੱਡੇ 'ਤੇ ਪ੍ਰਧਾਨ ਮੰਤਰੀ ਵੱਲੋਂ ਉਦਘਾਟਨ ਕੀਤਾ ਜਾ ਰਿਹਾ ਟਰਮੀਨਲ ਭਵਨ ਸੂਬੇ ਲਈ ਇੱਕ ਨਵੇਂ ਗੇਟਵੇਅ ਵਜੋਂ ਕੰਮ ਕਰੇਗਾ, ਜੋ ਲੁਧਿਆਣਾ ਅਤੇ ਇਸਦੇ ਆਲ਼ੇ-ਦੁਆਲ਼ੇ ਦੇ ਉਦਯੋਗਿਕ ਅਤੇ ਖੇਤੀਬਾੜੀ ਖੇਤਰਾਂ ਦੀਆਂ ਲੋੜਾਂ ਨੂੰ ਪੂਰਾ ਕਰੇਗਾ। ਹਲਵਾਰਾ, ਲੁਧਿਆਣਾ ਜ਼ਿਲ੍ਹੇ ਵਿੱਚ ਸਥਿਤ, ਇੱਕ ਰਣਨੀਤਕ ਤੌਰ 'ਤੇ ਮਹੱਤਵਪੂਰਨ ਭਾਰਤੀ ਹਵਾਈ ਫ਼ੌਜ ਦਾ ਸਟੇਸ਼ਨ ਵੀ ਹੈ।
ਲੁਧਿਆਣਾ ਦੇ ਪਹਿਲੇ ਹਵਾਈ ਅੱਡੇ ਦਾ ਰਨਵੇਅ ਮੁਕਾਬਲਤਨ ਛੋਟਾ ਸੀ, ਜੋ ਛੋਟੇ ਆਕਾਰ ਦੇ ਜਹਾਜ਼ਾਂ ਲਈ ਢੁਕਵਾਂ ਸੀ। ਸੰਪਰਕ ਨੂੰ ਬਿਹਤਰ ਬਣਾਉਣ ਅਤੇ ਵੱਡੇ ਜਹਾਜ਼ਾਂ ਲਈ ਅਨੁਕੂਲ ਬਣਾਉਣ ਵਾਸਤੇ ਹਲਵਾਰਾ ਵਿਖੇ ਇੱਕ ਨਵਾਂ ਸਿਵਲ ਐਨਕਲੇਵ ਵਿਕਸਿਤ ਕੀਤਾ ਗਿਆ ਹੈ, ਜਿਸ ਵਿੱਚ ਏ320-ਕਿਸਮ ਦੇ ਜਹਾਜ਼ਾਂ ਨੂੰ ਸੰਭਾਲਣ ਦੇ ਸਮਰੱਥ ਇੱਕ ਲੰਬਾ ਰਨਵੇਅ ਹੈ।
ਪ੍ਰਧਾਨ ਮੰਤਰੀ ਦੇ ਟਿਕਾਊ ਅਤੇ ਵਾਤਾਵਰਨ ਪੱਖੋਂ ਜ਼ਿੰਮੇਵਾਰ ਵਿਕਾਸ ਦੇ ਦ੍ਰਿਸ਼ਟੀਕੋਣ ਨਾਲ ਮੇਲ ਖਾਂਦੇ ਇਸ ਟਰਮੀਨਲ ਦੀਆਂ ਕਈ ਵਾਤਾਵਰਨ ਅਨੁਕੂਲ ਅਤੇ ਊਰਜਾ-ਕੁਸ਼ਲ ਵਿਸ਼ੇਸ਼ਤਾਵਾਂ ਹਨ, ਜਿਸ ਵਿੱਚ ਐੱਲਈਡੀ ਲਾਈਟਿੰਗ, ਇੰਸੂਲੇਟਡ ਛੱਤ, ਮੀਂਹ ਦੇ ਪਾਣੀ ਦੀ ਸੰਭਾਲ ਲਈ ਪ੍ਰਣਾਲੀ, ਸੀਵਰੇਜ ਅਤੇ ਪਾਣੀ ਦੀ ਸੋਧ ਲਈ ਪਲਾਂਟ ਅਤੇ ਭੂ-ਸਜਾਵਟ ਲਈ ਸੋਧੇ ਪਾਣੀ ਦੀ ਵਰਤੋਂ ਸ਼ਾਮਲ ਹੈ। ਇਮਾਰਤਸਾਜ਼ੀ ਦਾ ਡਿਜ਼ਾਈਨ ਪੰਜਾਬ ਦੀ ਅਮੀਰ ਸਭਿਆਚਾਰਕ ਵਿਰਾਸਤ ਨੂੰ ਦਰਸਾਉਂਦਾ ਹੈ, ਜੋ ਯਾਤਰੀਆਂ ਨੂੰ ਇੱਕ ਵਿਲੱਖਣ ਅਤੇ ਖੇਤਰੀ ਤੌਰ 'ਤੇ ਪ੍ਰੇਰਿਤ ਯਾਤਰਾ ਅਹਿਸਾਸ ਪ੍ਰਦਾਨ ਕਰਦਾ ਹੈ।