ਗੁਰਦਾਸਪੁਰ: ਤੇਜ਼ ਰਫ਼ਤਾਰ ਕਾਰ ਨੇ ਗਰੀਬ ਸਬਜ਼ੀ ਵਾਲੇ ਨੂੰ ਦਰੜਿਆ; ਕਾਰ ਸਵਾਰ ਪੁਲਿਸ ਅਧਿਕਾਰੀ 'ਤੇ ਲੱਗੇ ਇਲਜ਼ਾਮ
ਗੁਰਦਾਸਪੁਰ, 22 ਅਪ੍ਰੈਲ, 2026 (ਰੋਹਿਤ ਗੁਪਤਾ)
ਗੁਰਦਾਸਪੁਰ ਵਿੱਚ ਇੱਕ ਤੇਜ਼ ਰਫ਼ਤਾਰ ਕਾਰ ਵੱਲੋਂ ਸੜਕ ਕਿਨਾਰੇ ਰੇਹੜੀ ਲਗਾ ਕੇ ਗੁਜ਼ਾਰਾ ਕਰਨ ਵਾਲੇ ਇੱਕ ਗਰੀਬ ਸਬਜ਼ੀ ਵਿਕਰੇਤਾ ਨੂੰ ਦਰੜਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕਾਰ ਇੱਕ ਪੁਲਿਸ ਅਧਿਕਾਰੀ ਚਲਾ ਰਿਹਾ ਸੀ। ਇਸ ਭਿਆਨਕ ਟੱਕਰ ਵਿੱਚ ਸਬਜ਼ੀ ਵਾਲਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ ਅਤੇ ਉਸ ਦਾ ਸਾਰਾ ਸਾਮਾਨ ਬਰਬਾਦ ਹੋ ਗਿਆ ਹੈ।
ਜਾਣਕਾਰੀ ਅਨੁਸਾਰ, ਇੱਕ ਤੇਜ਼ ਰਫ਼ਤਾਰ ਕਾਰ ਨੇ ਅੱਗੇ ਜਾ ਰਹੇ ਸਬਜ਼ੀ ਦੀ ਰੇਹੜੀ ਵਾਲੇ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਬੇਕਾਬੂ ਹੋ ਕੇ ਇੱਕ ਖੰਭੇ ਨਾਲ ਜਾ ਟਕਰਾਈ। ਗਰੀਬ ਸਬਜ਼ੀ ਵਿਕਰੇਤਾ ਦੀ ਪਛਾਣ ਰਤਨ ਲਾਲ ਵਜੋਂ ਹੋਈ ਹੈ। ਰਤਨ ਲਾਲ ਨੂੰ ਪਹਿਲਾਂ ਸਰਕਾਰੀ ਹਸਪਤਾਲ ਲਿਜਾਇਆ ਗਿਆ, ਪਰ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਹਾਦਸੇ ਵਿੱਚ ਰੇਹੜੀ ਬੁਰੀ ਤਰ੍ਹਾਂ ਟੁੱਟ ਗਈ ਹੈ ਅਤੇ ਸਾਰੀਆਂ ਸਬਜ਼ੀਆਂ ਸੜਕ 'ਤੇ ਬਿਖਰ ਕੇ ਖ਼ਰਾਬ ਹੋ ਗਈਆਂ ਹਨ।
ਰਤਨ ਲਾਲ ਦੀ ਪਤਨੀ ਕਾਂਤਾ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦਾ ਗੁਜ਼ਾਰਾ ਸਿਰਫ਼ ਇਸ ਰੇਹੜੀ ਦੀ ਕਮਾਈ ਨਾਲ ਹੀ ਚੱਲਦਾ ਹੈ। ਉਨ੍ਹਾਂ ਦੱਸਿਆ ਕਿ ਰਤਨ ਲਾਲ ਅਕਸਰ ਰਾਤ 10 ਵਜੇ ਤੱਕ ਘਰ ਆ ਜਾਂਦਾ ਸੀ, ਪਰ ਬੀਤੀ ਰਾਤ ਜਦੋਂ ਉਹ ਨਹੀਂ ਆਇਆ ਤਾਂ ਉਨ੍ਹਾਂ ਨੂੰ ਫ਼ਿਕਰ ਹੋਣ ਲੱਗੀ। ਬਾਅਦ ਵਿੱਚ ਦੋ ਨੌਜਵਾਨਾਂ ਨੇ ਘਰ ਆ ਕੇ ਇਸ ਹਾਦਸੇ ਦੀ ਜਾਣਕਾਰੀ ਦਿੱਤੀ।
ਪੀੜਤ ਦੀ ਪਤਨੀ ਨੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕਰਦਿਆਂ ਕਿਹਾ ਹੈ ਕਿ, ਰਤਨ ਲਾਲ ਦੇ ਇਲਾਜ ਦਾ ਸਾਰਾ ਖਰਚਾ ਗੱਡੀ ਮਾਰਨ ਵਾਲੇ ਪੁਲਿਸ ਅਧਿਕਾਰੀ ਕੋਲੋਂ ਕਰਵਾਇਆ ਜਾਵੇ। ਟੁੱਟੀ ਹੋਈ ਰੇਹੜੀ ਅਤੇ ਖ਼ਰਾਬ ਹੋਈਆਂ ਸਬਜ਼ੀਆਂ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ। ਦੋਸ਼ੀ ਕਾਰ ਸਵਾਰ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ।
Click to Follow Babushahi Facebook page →