ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਫਲ, ਸਬਜ਼ੀਆਂ ਅਤੇ ਦੁੱਧ ਤੋਂ ਵੈਲਿਊ ਐਡੀਸ਼ਨ ਬਾਰੇ ਸਿਖਲਾਈ ਕੋਰਸ ਸਮਾਪਤ
ਅਸ਼ੋਕ ਵਰਮਾ
ਬਠਿੰਡਾ, 13 ਮਾਰਚ 2026 : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ.), ਬਠਿੰਡਾ ਵੱਲੋਂ ਆਰੀਆ ਪ੍ਰੋਜੈਕਟ ਅਧੀਨ ਫਲਾਂ, ਸਬਜ਼ੀਆਂ ਅਤੇ ਦੁੱਧ ਤੋਂ ਵੱਖ-ਵੱਖ ਉਤਪਾਦ ਤਿਆਰ ਕਰਨ ਸਬੰਧੀ ਪੰਜ ਰੋਜ਼ਾ ਸਿਖਲਾਈ ਕੋਰਸ ਅੱਜ ਸਮਾਪਤ ਹੋ ਗਿਆ। ਇਸ ਸਿਖਲਾਈ ਪ੍ਰੋਗਰਾਮ ਵਿੱਚ ਇਲਾਕੇ ਦੇ ਕਿਸਾਨਾਂ, ਮਹਿਲਾਵਾਂ ਅਤੇ ਨੌਜਵਾਨਾਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਖੇਤੀ ਉਤਪਾਦਾਂ ਦੇ ਮੁੱਲ ਵਾਧੇ ਬਾਰੇ ਪ੍ਰੈਕਟੀਕਲ ਜਾਣਕਾਰੀ ਪ੍ਰਾਪਤ ਕੀਤੀ।
ਇਸ ਮੌਕੇ ਡਾ. ਗੁਰਦੀਪ ਸਿੰਘ ਸਿੱਧੂ, ਡਿਪਟੀ ਡਾਇਰੈਕਟਰ, ਕੇ.ਵੀ.ਕੇ., ਬਠਿੰਡਾ ਨੇ ਦੱਸਿਆ ਕਿ ਇਸ ਸਿਖਲਾਈ ਕੋਰਸ ਦਾ ਮੁੱਖ ਉਦੇਸ਼ ਕਿਸਾਨਾਂ ਅਤੇ ਮਹਿਲਾਵਾਂ ਨੂੰ ਫਲਾਂ, ਸਬਜ਼ੀਆਂ ਅਤੇ ਦੁੱਧ ਤੋਂ ਵੱਖ-ਵੱਖ ਤਿਆਰਸ਼ੁਦਾ ਉਤਪਾਦ ਬਣਾਉਣ ਦੀ ਤਕਨੀਕ ਨਾਲ ਜਾਣੂ ਕਰਵਾਉਣਾ ਸੀ। ਉਨ੍ਹਾਂ ਕਿਹਾ ਕਿ ਸੀਜ਼ਨ ਦੌਰਾਨ ਫਲਾਂ ਅਤੇ ਸਬਜ਼ੀਆਂ ਦੀ ਉਪਜ ਜ਼ਿਆਦਾ ਹੋਣ ਕਾਰਨ ਕਿਸਾਨਾਂ ਨੂੰ ਅਕਸਰ ਆਪਣੀ ਉਪਜ ਦਾ ਉਚਿਤ ਮੁੱਲ ਨਹੀਂ ਮਿਲਦਾ। ਜੇਕਰ ਇਸ ਉਪਜ ਤੋਂ ਵੱਖ-ਵੱਖ ਪ੍ਰੋਸੈਸ ਕੀਤੇ ਉਤਪਾਦ ਤਿਆਰ ਕੀਤੇ ਜਾਣ ਤਾਂ ਨਾ ਸਿਰਫ਼ ਖਰਾਬੀ ਤੋਂ ਬਚਾਅ ਕੀਤਾ ਜਾ ਸਕਦਾ ਹੈ ਸਗੋਂ ਕਿਸਾਨਾਂ ਦੀ ਆਮਦਨ ਵਿੱਚ ਵੀ ਵਾਧਾ ਕੀਤਾ ਜਾ ਸਕਦਾ ਹੈ।
ਇਸ ਦੌਰਾਨ ਡਾ. ਗੁਰਪ੍ਰੀਤ ਕੌਰ, ਫੂਡ ਟੈਕਨੋਲੋਜਿਸਟ, ਖੇਤਰੀ ਖੋਜ ਕੇਂਦਰ, ਬਠਿੰਡਾ ਨੇ ਭੋਜਨ ਪਦਾਰਥਾਂ ਦੀ ਪ੍ਰੋਸੈਸਿੰਗ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਸਿਖਿਆਰਥੀਆਂ ਨੂੰ ਅਚਾਰ, ਮੁਰੱਬੇ, ਚਟਨੀਆਂ, ਸੌਸ ਅਤੇ ਹੋਰ ਕਈ ਤਰ੍ਹਾਂ ਦੇ ਉਤਪਾਦ ਤਿਆਰ ਕਰਨ ਦੇ ਤਰੀਕੇ ਪ੍ਰਯੋਗਾਤਮਕ ਢੰਗ ਨਾਲ ਸਿਖਾਏ। ਇਸ ਮੌਕੇ ਸਿਖਿਆਰਥੀਆਂ ਨੂੰ ਆਪਣੇ ਹੱਥੀਂ ਇਹ ਉਤਪਾਦ ਤਿਆਰ ਕਰਨ ਦਾ ਮੌਕਾ ਵੀ ਦਿੱਤਾ ਗਿਆ ਤਾਂ ਜੋ ਉਹ ਘਰ ਜਾਂ ਵਪਾਰਕ ਪੱਧਰ ’ਤੇ ਇਸ ਕੰਮ ਨੂੰ ਆਸਾਨੀ ਨਾਲ ਅਪਣਾ ਸਕਣ।
ਪ੍ਰੋਫੈਸਰ ਡਾ. ਜਸਵਿੰਦਰ ਕੌਰ ਬਰਾੜ ਨੇ ਦੁੱਧ ਤੋਂ ਬਣਨ ਵਾਲੇ ਵੱਖ-ਵੱਖ ਉਤਪਾਦਾਂ ਬਾਰੇ ਜਾਣਕਾਰੀ ਦਿੰਦਿਆਂ ਪਾਲਕ ਬਰਫੀ, ਪਨੀਰ, ਖੋਆ ਅਤੇ ਹੋਰ ਦੁੱਧ ਉਤਪਾਦ ਤਿਆਰ ਕਰਨ ਦੇ ਤਰੀਕੇ ਵੀ ਸਾਂਝੇ ਕੀਤੇ।
ਸ੍ਰੀਮਤੀ ਚਰਨਜੀਤ ਕੌਰ, ਡੈਮੋਨਸਟਰੇਟਰ (ਗ੍ਰਹਿ ਵਿਗਿਆਨ), ਕੇ.ਵੀ.ਕੇ., ਮੁਕਤਸਰ ਸਾਹਿਬ ਨੇ ਸਿਖਿਆਰਥੀਆਂ ਨੂੰ ਫਲਾਂ ਅਤੇ ਸਬਜ਼ੀਆਂ ਤੋਂ ਤਿਆਰ ਕੀਤੇ ਉਤਪਾਦਾਂ ਦੀ ਕੀਮਤ ਵਧਾਉਣ, ਉਨ੍ਹਾਂ ਦੀ ਸਹੀ ਪੈਕਿੰਗ ਕਰਨ ਅਤੇ ਲੰਬੇ ਸਮੇਂ ਤੱਕ ਸੁਰੱਖਿਅਤ ਰੱਖਣ ਦੇ ਤਰੀਕਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਵਧੀਆ ਪੈਕਿੰਗ ਅਤੇ ਗੁਣਵੱਤਾ ਨਾਲ ਉਤਪਾਦਾਂ ਦੀ ਮਾਰਕੀਟ ਵਿੱਚ ਮੰਗ ਵਧਦੀ ਹੈ ਅਤੇ ਇਸ ਨਾਲ ਕਿਸਾਨਾਂ ਨੂੰ ਵਧੀਆ ਮੁੱਲ ਪ੍ਰਾਪਤ ਹੋ ਸਕਦਾ ਹੈ।
ਸਿਖਲਾਈ ਦੇ ਅਖੀਰਲੇ ਦਿਨ ਡਾ. ਗੁਰਮੀਤ ਸਿੰਘ ਢਿੱਲੋਂ ਨੇ ਤਿਆਰ ਕੀਤੇ ਭੋਜਨ ਪਦਾਰਥਾਂ ਦੇ ਮੰਡੀਕਰਨ (ਮਾਰਕੀਟਿੰਗ) ਸਬੰਧੀ ਮਹੱਤਵਪੂਰਣ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਇਹ ਉਤਪਾਦ ਸਥਾਨਕ ਮੰਡੀਆਂ, ਮੇਲਿਆਂ, ਕਿਸਾਨ ਬਾਜ਼ਾਰਾਂ ਅਤੇ ਆਨਲਾਈਨ ਮਾਧਿਅਮਾਂ ਰਾਹੀਂ ਵੀ ਵੇਚੇ ਜਾ ਸਕਦੇ ਹਨ। ਉਨ੍ਹਾਂ ਜ਼ੋਰ ਦਿੱਤਾ ਕਿ ਸਹੀ ਪੈਕਿੰਗ ਅਤੇ ਉੱਚ ਗੁਣਵੱਤਾ ਨਾਲ ਉਤਪਾਦਾਂ ਦੀ ਮਾਰਕੀਟ ਵਿੱਚ ਪਛਾਣ ਬਣਾਈ ਜਾ ਸਕਦੀ ਹੈ।
Click to Follow Babushahi Facebook page →