ਕੈਨੇਡਾ 'ਚ ਬਠਿੰਡਾ ਦੇ ਸੰਦੋਹਾ ਪਿੰਡ ਦੀ ਕੁੜੀ ਲਾਪਤਾ
ਬਾਬੂਸ਼ਾਹੀ ਬਿਊਰੋ
ਬਠਿੰਡਾ, 23 ਜਨਵਰੀ 2025: ਬਠਿੰਡਾ ਦੇ ਪਿੰਡ ਸੰਦੋਹਾ ਦੀ ਕੈਨੇਡਾ ਗਈ ਸੰਦੀਪ ਕੌਰ 15 ਜਨਵਰੀ ਤੋਂ ਭੇਦਭਰੀ ਹਾਲਤ ਵਿੱਚ ਲਾਪਤਾ ਹੋਣ ਦੇ ਮਾਮਲੇ ਵਿੱਚ ਪਰਿਵਾਰ ਨੇ ਹੁਣ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਆਪਣੀ ਧੀ ਦਾ ਪਤਾ ਲਗਾਉਣ ਦੀ ਗੁਹਾਰ ਲਗਵਾਈ ਹੈ।
ਇਸ ਮਾਮਲੇ ਵਿੱਚ ਬੇਸ਼ੱਕ ਕੈਨੇਡਾ ਪੁਲਿਸ ਕੁੜੀ ਦੀ ਬੀਚ 'ਤੇ ਲਹਿਰਾਂ ਆਉਣ ਨਾਲ ਬੀਚ ਵਿੱਚ ਡੁੱਬਣ ਦੀ ਗੱਲ ਕਰ ਰਹੀ ਹੈ ਪਰ ਪਰਿਵਾਰ ਹੁਣ ਆਪਣੀ ਧੀ ਦੇ ਮਾਮਲੇ ਵਿੱਚ ਜਿਥੇ ਉੱਚ ਪਧਰੀ ਜਾਂਚ ਕਰਕੇ ਪੂਰੇ ਮਾਮਲੇ ਦੀ ਸੱਚਾਈ ਦੀ ਮੰਗ ਕਰ ਰਿਹਾ ਹੈ, ਉੱਥੇ ਹੀ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਵੀ ਇਸ ਮਾਮਲੇ ਵਿੱਚ ਦਖਲ ਦੇ ਕੇ ਆਪਣੀ ਧੀ ਦਾ ਪਤਾ ਲਗਾਉਣ ਦੀ ਮੰਗ ਉਠਾ ਰਹੇ ਹਨ।
ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਧੀ ਸੰਦੀਪ ਕੌਰ ਨੂੰ ਉਨ੍ਹਾਂ ਨੇ ਨਾਨਕਿਆਂ ਨਾਲ ਰਲ ਕੇ ਜ਼ਮੀਨ ਵੇਚ ਕੇ ਕੈਨੇਡਾ ਭੇਜਿਆ ਸੀ ਤਾਂ ਜੋ ਘਰ ਦੀ ਗਰੀਬੀ ਦੂਰ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਸੰਦੀਪ ਕੌਰ ਹੁਣ ਉੱਥੇ ਆਪਣੀ ਪੜ੍ਹਾਈ ਪੂਰੀ ਕਰ ਚੁੱਕੀ ਸੀ ਅਤੇ ਹੁਣ ਉਹ ਰੁਜ਼ਗਾਰ ਦੀ ਭਾਲ ਵਿੱਚ ਸੀ।
ਪਰਿਵਾਰਿਕ ਮੈਂਬਰਾਂ ਮੁਤਾਬਕ ਗੱਲਬਾਤ ਦੌਰਾਨ ਸੰਦੀਪ ਅਕਸਰ ਭਾਵੁਕ ਹੋ ਜਾਂਦੀ ਸੀ ਅਤੇ ਘਰ ਦੀ ਗਰੀਬੀ ਦੂਰ ਕਰਨ ਦਾ ਭਰੋਸਾ ਦਿੰਦੀ ਸੀ ਅਤੇ ਮਿਹਨਤ ਕਰਕੇ ਪੈਸੇ ਕਮਾ ਕੇ ਉਹਨਾਂ ਦਾ ਕਰਜ਼ਾ ਵੀ ਝੁਕਾਉਣ ਦਾ ਵਾਅਦਾ ਕਰਦੀ ਸੀ, ਪਰ 15 ਜਨਵਰੀ ਤੋਂ ਕੁੜੀ ਦਾ ਫੋਨ ਆਉਣਾ ਬੰਦ ਹੋ ਗਿਆ। ਕੁੜੀ ਬੀਚ 'ਤੇ ਆਪਣੇ ਦੋਸਤ ਨਾਲ ਫੋਟੋਆਂ ਖਿਚਾ ਰਹੀ ਸੀ ਤਾਂ ਸਮੁੰਦਰ ਦੀਆਂ ਲਹਿਰਾਂ ਆਉਣ ਕਾਰਨ ਉਹ ਸਮੁੰਦਰ ਵਿੱਚ ਵਹਾਅ 'ਚ ਰੁੜ੍ਹ ਗਈ।
ਪਰਿਵਾਰਿਕ ਮੈਂਬਰਾਂ ਨੇ ਇਸ ਘਟਨਾ 'ਤੇ ਸਵਾਲ ਚੁੱਕੇ ਹਨ। ਉਹਨਾਂ ਦਾ ਕਹਿਣਾ ਹੈ ਕਿ ਇਸ ਘਟਨਾ ਦੀ ਗਹਿਰਾਈ ਨਾਲ ਜਾਂਚ ਕੀਤੀ ਜਾਵੇ।
- Download Babushahi App
-
-