ਆਮ ਆਦਮੀ ਪਾਰਟੀ ਪੰਜਾਬ ਨੇ ਕੇਂਦਰੀ ਬੱਜਟ ਨੂੰ ਦੱਸਿਆ ਜੁਮਲਿਆਂ ਦਾ ਪਿਟਾਰਾ
ਦੇਸ਼ ਦਾ ਅਨਾਜ ਭੰਡਾਰ ਭਰਨ ਵਾਲਾ ਪੰਜਾਬ ਬਜਟ ਵਿੱਚ ਦੂਰਬੀਨ ਨਾਲ ਵੀ ਨਹੀਂ ਲੱਭਦਾ: 'ਆਪ'
ਅਸ਼ੋਕ ਵਰਮਾ
ਬਠਿੰਡਾ, 1 ਫਰਵਰੀ 2026 :ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਆਗੂ ਨੀਲ ਗਰਗ ਨੇ ਕੇਂਦਰ ਸਰਕਾਰ ਦੇ ਬਜਟ 'ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਬਜਟ ਵੱਡੇ-ਵੱਡੇ ਅੰਕੜਿਆਂ ਅਤੇ ਖੋਖਲੀਆਂ ਘੋਸ਼ਣਾਵਾਂ ਨਾਲ ਤਾਂ ਭਰਪੂਰ ਹੈ ਪਰ ਪੰਜਾਬ ਲਈ ਇਸ ਵਿੱਚ ਕੁਝ ਵੀ ਨਹੀਂ। ਉਨ੍ਹਾਂ ਕਿਹਾ ਕਿ ਦੇਸ਼ ਦੇ ਅਨਾਜ ਭੰਡਾਰ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਉਣ ਵਾਲਾ ਅਤੇ ਦੇਸ਼ ਦੀ ਸੁਰੱਖਿਆ ਵਿੱਚ ਸਭ ਤੋਂ ਅਹਿਮ ਭੂਮਿਕਾ ਨਿਭਾਉਣ ਵਾਲਾ ਪੰਜਾਬ ਇਸ ਬਜਟ ਵਿੱਚ ਦੂਰਬੀਨ ਲੈ ਕੇ ਵੀ ਲੱਭਣ ਜੋਗਾ ਨਹੀਂ।
ਨੀਲ ਗਰਗ ਨੇ ਕਿਹਾ ਕਿ ਬਜਟ ਵਿੱਚ ਪੰਜਾਬ ਲਈ ਕਿਸੇ ਵੀ ਵਿਸ਼ੇਸ਼ ਆਰਥਿਕ ਪੈਕੇਜ, ਇੰਡਸਟਰੀਅਲ ਸਪੈਸ਼ਲ ਜ਼ੋਨ ਜਾਂ ਨਿਵੇਸ਼ ਇਨਸੈਂਟਿਵ ਦਾ ਕੋਈ ਜ਼ਿਕਰ ਨਹੀਂ ਹੈ। ਨਾ ਕਿਸਾਨਾਂ ਲਈ ਕੋਈ ਠੋਸ ਰਾਹਤ ਹੈ, ਨਾ ਨੌਜਵਾਨਾਂ ਲਈ ਰੁਜ਼ਗਾਰ ਦੀ ਸਪਸ਼ਟ ਯੋਜਨਾ ਹੈ, ਨਾ ਇੰਡਸਟਰੀ ਲਈ ਕੋਈ ਨਵਾਂ ਰੋਡਮੈਪ ਹੈ ਅਤੇ ਨਾ ਹੀ ਆਮ ਪਰਿਵਾਰਾਂ ਨੂੰ ਮਹਿੰਗਾਈ ਅਤੇ ਗਰੀਬੀ ਤੋਂ ਬਚਾਉਣ ਲਈ ਕੋਈ ਪ੍ਰਭਾਵਸ਼ਾਲੀ ਕਦਮ ਹੈ।
ਆਪ ਆਗੂ ਨੇ ਯਾਦ ਦਿਵਾਇਆ ਕਿ ਪੰਜਾਬ ਦਾ ਕਿਸਾਨ ਅੱਜ ਵੀ MSP ਦੀ ਕਾਨੂੰਨੀ ਗਾਰੰਟੀ ਦੀ ਉਡੀਕ ਕਰ ਰਿਹਾ ਹੈ ਪਰ ਬਜਟ ਵਿੱਚ ਇਸ 'ਤੇ ਇੱਕ ਸ਼ਬਦ ਵੀ ਨਹੀਂ ਬੋਲਿਆ ਗਿਆ। ਖੇਤੀ ਦੇ ਨਾਮ 'ਤੇ ਭਾਸ਼ਣ ਤਾਂ ਬਹੁਤ ਹਨ ਪਰ ਕਿਸਾਨ ਦੀ ਆਮਦਨ ਵਧਾਉਣ ਦੀ ਕੋਈ ਠੋਸ ਗਾਰੰਟੀ ਨਹੀਂ ਹੈ।
ਨੀਲ ਗਰਗ ਨੇ ਕਿਹਾ ਕਿ ਪੰਜਾਬ ਦਾ ਨੌਜਵਾਨ ਅੱਜ ਵੀ 2014 ਦਾ ਉਹ ਵਾਅਦਾ ਯਾਦ ਕਰ ਰਿਹਾ ਹੈ ਜਿਸ ਵਿੱਚ ਹਰ ਸਾਲ 2 ਕਰੋੜ ਨੌਕਰੀਆਂ ਦੇਣ ਦੀ ਗੱਲ ਕਹੀ ਗਈ ਸੀ ਜੋ ਅੱਜ ਤੱਕ ਸਿਰਫ਼ ਜੁਮਲਾ ਹੀ ਸਾਬਤ ਹੋਈਆਂ ਹਨ। ਉਨ੍ਹਾਂ ਕਿਹਾ ਕਿ Skill, AI ਅਤੇ Tech ਦੀਆਂ ਗੱਲਾਂ ਬਹੁਤ ਕੀਤੀਆਂ ਗਈਆਂ ਪਰ ਪੰਜਾਬ ਦੇ ਨੌਜਵਾਨਾਂ ਲਈ ਸਿੱਧਾ ਰੁਜ਼ਗਾਰ ਰੋਡਮੈਪ ਗਾਇਬ ਹੈ।
ਆਪ ਆਗੂ ਨੇ ਕਿਹਾ ਕਿ 10,000 ਕਰੋੜ ਅਤੇ 40,000 ਕਰੋੜ ਵਰਗੇ ਅੰਕੜੇ ਸੁਣਨ ਨੂੰ ਤਾਂ ਸੋਹਣੇ ਲੱਗਦੇ ਹਨ ਪਰ ਰਾਜਾਂ ਨੂੰ ਅਸਲ ਵਿੱਚ ਕੀ ਮਿਲਿਆ ਇਹ ਕਦੇ ਵੀ ਸਾਫ਼ ਨਹੀਂ ਦੱਸਿਆ ਜਾਂਦਾ।
ਨੀਲ ਗਰਗ ਨੇ ਸਪਸ਼ਟ ਕਿਹਾ ਕਿ ਵਿਕਾਸ ਸਿਰਫ਼ ਪ੍ਰੈੱਸ ਕਾਨਫਰੰਸਾਂ ਰਾਹੀਂ ਨਹੀਂ ਹੁੰਦਾ। ਅਸਲੀ ਵਿਕਾਸ ਉਹ ਹੈ ਜਦੋਂ ਕਿਸਾਨ ਦੀ ਜੇਬ ਭਰਦੀ ਹੈ ਅਤੇ ਨੌਜਵਾਨ ਦੇ ਹੱਥ ਵਿੱਚ ਨੌਕਰੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਆਪਣੇ ਹੱਕ ਚਾਹੀਦੇ ਹਨ, ਖੋਖਲੇ ਵਾਅਦੇ ਨਹੀਂ।