ਆਜ਼ਾਦੀ ਦਿਹਾੜੇ ਸੁਰੱਖਿਆ ਦੇ ਮੱਦੇਨਜ਼ਰ ਬਠਿੰਡਾ ਪੁਲਿਸ ਨੇ ਸ਼ਹਿਰ ਵਿੱਚ ਕੱਢਿਆ ਫਲੈਗ ਮਾਰਚ
ਅਸ਼ੋਕ ਵਰਮਾ
ਬਠਿੰਡਾ, 9 ਅਗਸਤ 2029: ਆਗਾਮੀ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ ਅਮਨ-ਕਾਨੂੰਨ ਅਤੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਬਠਿੰਡਾ ਪੁਲਿਸ ਵੱਲੋਂ ਸ਼ਹਿਰ ਵਿੱਚ ਵਿਸ਼ੇਸ਼ ਫਲੈਗ ਮਾਰਚ ਕੀਤਾ ਗਿਆ।ਇਸ ਫਲੈਗ ਮਾਰਚ ਵਿੱਚ ਕਰੀਬ 200 ਪੁਲਿਸ ਮੁਲਾਜ਼ਮਾਂ ਨੇ ਭਾਗ ਲਿਆ। ਫਲੈਗ ਮਾਰਚ ਦੀ ਅਗਵਾਈ ਸ੍ਰੀ ਜਸਮੀਤ ਸਿੰਘ ਸਾਹੀਵਾਲ, ਐਸ.ਪੀ. ਇਨਵੈਸਟੀਗੇਸ਼ਨ, ਬਠਿੰਡਾ ਅਤੇ ਸ੍ਰੀ ਰਾਹੁਲ ਭਾਰਦਵਾਜ, ਡੀ.ਐਸ.ਪੀ. ਹੈੱਡਕੁਆਰਟਰ, ਬਠਿੰਡਾ ਵੱਲੋਂ ਕੀਤੀ ਗਈ। ਫਲੈਗ ਮਾਰਚ ਵਿੱਚ ਪੀ.ਸੀ.ਆਰ. ਇੰਚਾਰਜ, ਟਰੈਫਿਕ ਇੰਚਾਰਜ ਸਮੇਤ ਵੱਖ-ਵੱਖ ਪੁਲਿਸ ਯੂਨਿਟਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਭਾਗ ਲਿਆ।
ਇਸ ਮੌਕੇ ਪੁਲਿਸ ਵੱਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਮਾਰਚ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ।ਇਸ ਦੇ ਨਾਲ ਹੀ ਰੇਲਵੇ ਸਟੇਸ਼ਨ ਬਠਿੰਡਾ ਵਿਖੇ ਵੀ ਸਰਚ ਅਭਿਆਨ ਚਲਾਇਆ ਗਿਆ, ਜਿਸ ਦੌਰਾਨ ਸ਼ੱਕੀ ਵਿਅਕਤੀਆਂ ਅਤੇ ਗਤੀਵਿਧੀਆਂ ’ਤੇ ਨਜ਼ਰ ਰੱਖਦਿਆਂ ਸਟੇਸ਼ਨ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਦੀ ਚੈਕਿੰਗ ਕੀਤੀ ਗਈ। ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਪੁਲਿਸ ਵੱਲੋਂ ਜਨਤਕ ਥਾਵਾਂ ਅਤੇ ਸੰਵੇਦਨਸ਼ੀਲ ਸਥਾਨਾਂ ’ਤੇ ਵਿਸ਼ੇਸ਼ ਨਿਗਰਾਨੀ ਰੱਖੀ ਜਾ ਰਹੀ ਹੈ।ਬਠਿੰਡਾ ਪੁਲਿਸ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਚੌਕਸੀ, ਗਸ਼ਤ ਅਤੇ ਚੈਕਿੰਗ ਮੁਹਿੰਮ ਜਾਰੀ ਹੈ।
- Download Babushahi App
-
-