ਆਕਸਫ਼ੋਰਡ ਸਕੂਲ ਵਿਖੇ ਬੰਦੀ – ਛੋੜ ਦਿਵਸ ਤੇ ਦਿਵਾਲੀ ਸਬੰਧੀ ਕਰਵਾਏ ਇੰਟਰ ਹਾਊਸ ਮੁਕਾਬਲੇ
ਵਿਦਿਆਰਥੀਆਂ ਵੱਲੋਂ ਪ੍ਰਦੂਸ਼ਣ ਰਹਿਤ ਦਿਵਾਲੀ ਮਨਾਉਣ ਦਾ ਸੁਨੇਹਾ
ਅਸ਼ੋਕ ਵਰਮਾ
ਭਗਤਾ ਭਾਈ, 06 ਨਵੰਬਰ 2026 :'ਦ ਆਕਸਫ਼ੋਰਡ ਸਕੂਲ ਆਫ਼ ਐਜ਼ੂਕੇਸ਼ਨ, ਭਗਤਾ ਭਾਈ’ ਇਲਾਕੇ ਦੀ ਇੱਕ ਅਜਿਹੀ ਮਾਣਮੱਤੀ ਸੰਸਥਾ ਹੈ, ਜਿਸ ਵਿੱਚ ਹਰ ਖਾਸ ਦਿਵਸ, ਤਿਉਹਾਰ ਨੂੰ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ।ਇਸ ਸੰਸਥਾ ਵਿੱਚ ਬੰਦੀ-ਛੋੜ ਦਿਵਸ ਅਤੇ ਦਿਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਵਿੱਚ ਪਹਿਲੀ ਜਮਾਤ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਦੀਵਾ, ਮੋਮਬੱਤੀ ਦੀ ਸਜਾਵਟ, ਕਲਾਸ ਰੰਗੋਲੀ, ਗਰੀਟਿੰਗ ਕਾਰਡ, ਮੋਮਬੱਤੀ ਸਟੈਂਡ ਦੀ ਸਜਾਵਟ, ਪੂਜਾ-ਥਾਲੀ ਦੀ ਸਜਾਵਟ, ਲਿੱਪਣ ਆਰਟ-ਕਰਾਫਟ ਅਤੇ ਪੈੱਨ ਹੋਲਡਰ ਬਣਾਉਣ ਦੇ ਮੁਕਾਬਲੇ ਕਰਵਾਏ ਗਏ।
ਇਸ ਤੋਂ ਇਲਾਵਾ “ਹਰੀ-ਭਰੀ ਦਿਵਾਲੀ” ਅਤੇ “ਪਟਾਕਿਆਂ ਨੂੰ ਨਾਂਹ” ਦੇ ਵੀ ਸਲੋਗਨ ਮੁਕਾਬਲੇ ਕਰਵਾਏ ਗਏ।ਦੂਸਰੀ ਜਮਾਤ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵਿਚਕਾਰ ਰੰਗੋਲੀ, ਕਾਰਡ ਅਤੇ ਹਾਊਸ ਡਿਸਪਲੇਅ ਬੋਰਡ ਦੀ ਸਜਾਵਟ ਕਰਨੀ ਆਦਿ ਦਾ ਇੰਟਰ ਹਾਊਸ ਮੁਕਾਬਲਾ ਹੋਇਆ। ਸਾਰੇ ਵਿਦਿਆਰਥੀਆਂ ਨੇ ਜੀਅ-ਜਾਨ ਲਗਾ ਕੇ ਆਪਣੇ-ਆਪਣੇ ਹੁਨਰ ਦਾ ਪ੍ਰਗਟਾਵਾ ਕੀਤਾ।ਰੰਗੋਲੀ ਮੁਕਾਬਲੇ ਵਿੱਚ ਛੋਹੀਆਂ ਗਈਆਂ ਵੱਖ-ਵੱਖ ਕਲਾਕ੍ਰਿਤੀਆਂ ਸਭ ਦਾ ਮਨ ਮੋਹ ਰਹੀਆਂ ਸਨ।ਜ਼ਿਕਰਯੋਗ ਹੈ ਕਿ ਉਨਾਂ ਨੇ ਆਪਣੀਆਂ ਕਲਾ-ਕ੍ਰਿਤੀਆਂ ਰਾਹੀਂ ਹਰੀ ਭਰੀ ਦਿਵਾਲੀ ਮਨਾਉਣ ਦਾ ਸੁਨੇਹਾ ਦਿੱਤਾ।ਜਿੱਥੇ ਵਿਦਿਆਰਥੀਆਂ ਨੇ ਆਪਣੀ –ਆਪਣੀ ਡਰਾਇੰਗ ਕਲਾ ਰਾਂਹੀ ਇਤਿਹਾਸ ਨੂੰ ਸੁਰਜੀਤ ਕੀਤਾ ਉੱਥੇ ਉਨਾਂ ਨੇ ਇਸ ਰਾਹੀਂ ਪ੍ਰਦੂਸ਼ਣ ਰਹਿਤ ਦਿਵਾਲੀ ਮਨਾਉਣ ਲਈ ਪ੍ਰੇਰਿਤ ਵੀ ਕੀਤਾ।
ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ਼ ਨੇ ਬੱਚਿਆਂ ਦੇ ਸਨਮੁੱਖ ਹੁੰਦੇ ਹੋਏ ਕਿਹਾ ਕਿ ਇਹ ਤਿਉਹਾਰ ਸਾਡੀ ਪੂੰਜੀ, ਸਾਡਾ ਸਰਮਾਇਆ ਹਨ, ਜੋ ਸਾਨੂੰ ਵਿਰਾਸਤ ਵਿੱਚ ਮਿਲੇ ਹਨ। ਸਾਨੂੰ ਸਭ ਨੂੰ ਰਲ ਕੇ ਇਹ ਤਿਉਹਾਰ ਮਨਾਉਣੇ ਚਾਹੀਦੇ ਹਨ। ਉਨ੍ਹਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਦਿਵਾਲੀ ਪ੍ਰਦੂਸ਼ਣ ਰਹਿਤ ਹੀ ਮਨਾਉਣੀ ਚਾਹੀਦੀ ਹੈ ਤਾਂ ਕਿ ਸਾਡਾ ਵਾਤਾਵਰਨ ਪ੍ਰਦੂਸ਼ਣ ਰਹਿਤ ਰਹੇ ਅਤੇ ਸਾਨੂੰ , ਜੀਵ-ਜੰਤੂਆਂ ਨੂੰ ਸਾਹ ਲੈਣ ਵਿੱਚ ਔਖ ਨਾ ਆਵੇ।ਉਨ੍ਹਾਂ ਵਿਸ਼ਲੇਸ਼ਣ ਕਰਦੇ ਹੋਏ ਦੱਸਿਆ ਕਿ ਅਸੀਂ ਕਰੋੜਾਂ ਰੁਪਏ ਪਟਾਕਿਆਂ ਦੇ ਰੂਪ ਵਿੱਚ ਜਲਾ ਦਿੰਦੇ ਹਾਂ ਜੋ ਕਿ ਬਹੁਤ ਗਲਤ ਗੱਲ ਹੈ।ਸਾਨੂੰ ਇਹ ਦਿਵਸ ਬਿਨ੍ਹਾਂ ਸ਼ੋਰ-ਸ਼ਰਾਬੇ ਤੋਂ ਸਦ-ਭਾਵਨਾ ਸਹਿਤ ਮਨਾਉਣਾ ਚਾਹੀਦਾ ਹੈ।
ਇਸ ਮੌਕੇ ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਮੈਂਬਰ ਸ. ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਭਗਤਾ ਭਾਈ ਕਾ), ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਗੁਰਮੀਤ ਸਿੰਘ ਗਿੱਲ (ਪ੍ਰਧਾਨ), ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ (ਵਾਈਸ ਚੇਅਰਮੈਨ), ਗੁਰਮੀਤ ਸਿੰਘ ਗਿੱਲ ਸਰਪੰਚ (ਵਿੱਤ-ਸਕੱਤਰ), ਨੇ ਅਧਿਆਪਕ ਸਹਿਬਾਨਾਂ, ਹੈਲਪਰਜ਼ ਅਤੇ ਡਰਾਈਵਰ ਵੀਰਾਂ ਨੂੰ ਤੋਹਫੇ ਦੇ ਕੇ ਦਿਵਾਲੀ ਅਤੇ ਬੰਦੀ-ਛੋੜ ਦਿਵਸ ਦੀ ਵਧਾਈ ਦਿੱਤੀ।ਪ੍ਰਬੰਧਕ ਸਹਿਬਾਨਾਂ ਨੇ ਵਿਦਿਆਰਥੀਆਂ ਨੂੰ ਸੁਨੇਹਾ ਦਿੱਤਾ ਕਿ ਦਿਵਾਲੀ ਰੌਸ਼ਨੀ ਦਾ ਤਿਉਹਾਰ ਹੈ ਨਾ ਕਿ ਸ਼ੋਰ ਸ਼ਰਾਬੇ ਦਾ।ਇਸ ਲਈ ਦਿਵਾਲੀ ਹਰੀ-ਭਰੀ ਹੀ ਮਨਾਈ ਜਾਵੇ ਤਾਂ ਕਿ ਕੁਦਰਤ ਦਾ ਸੁੰਤਲਨ ਨਾ ਵਿਗੜੇ। ਉਨਾਂ ਨੇ ਕਿਹਾ ਕਿ ਪਟਾਕਿਆਂ ਦੇ ਕਾਰਨ ਹਵਾ ਦੀ ਗੁਣਵੱਤਾ ਬਹੁਤ ਪ੍ਰਭਾਵਿਤ ਹੁੰਦੀ ਹੈ, ਜਿਸ ਕਾਰਨ ਸਾਨੂੰ ਸਾਹ ਲੈਣ ‘ਚ ਵੀ ਕਠਨਾਈ ਹੋ ਸਕਦੀ ਹੈ ।ਇਸ ਲਈ ਦਿਵਾਲੀ ਨੂੰ ਹਰੀ-ਭਰੀ ਬਣਾ ਕੇ ਯਾਦਗਾਰੀ ਬਣਾਇਆ ਜਾਵੇ।
- Download Babushahi App
-
-