ਅਜ਼ਾਦੀ ਘੁਲਾਟੀਏ ਜਥੇਦਾਰ ਗੰਡਾ ਸਿੰਘ ਦੀ ਯਾਦਗਾਰ ਲਈ ਫੰਡ ਜਲਦ ਰੀਲੀਜ਼ ਕਰਨ ਦੀ ਮੰਗ
- ਵੱਡੇ ਬਾਦਲ ਤੇ ਟੌਹੜਾ ਸਾਹਿਬ ਸਤਿਕਾਰ ਵਜੋਂ ਬੁਲਾਉਂਦੇ ਸਨ ਆਜ਼ਾਦੀ ਘੁਲਾਟੀਆ ਬਾਬਾ
ਮਲਕੀਤ ਸਿੰਘ ਮਲਕਪੁਰ
ਲਾਲੜੂ 3 ਜੁਲਾਈ 2025: ਲਾਲੜੂ ਖੇਤਰ ਨਾਲ ਸਬੰਧਤ ਅਜ਼ਾਦੀ ਘੁਲਾਟੀਏ ਅਤੇ ਅਕਾਲੀ ਜਥੇਦਾਰ ਗੰਡਾ ਸਿੰਘ ਸਾਧਾਂਪੁਰ ਦੀ ਯਾਦਗਾਰ ਬਣਾਉਣ ਲਈ ਫੰਡ ਜਲਦ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਇੱਕ ਮਤਾ ਗ੍ਰਾਮ ਪੰਚਾਇਤ ਅਤੇ ਪਿੰਡ ਸਾਂਧਾਪੁਰ ਦੇ ਮੋਹਤਬਰਾਂ ਵੱਲੋਂ ਪਾਇਆ ਗਿਆ ਹੈ। ਇਸ ਮਤੇ ਵਿੱਚ ਸ. ਗੰਡਾ ਸਿੰਘ ਵੱਲੋਂ ਦੇਸ਼ ਦੀ ਅਜ਼ਾਦੀ ਅਤੇ ਪੰਜਾਬੀ ਸੂਬੇ ਮੋਰਚੇ ਵਿੱਚ ਕੀਤੀ ਸ਼ਮੂਲੀਅਤ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਕਿ ਜਥੇਦਾਰ ਗੰਡਾ ਸਿੰਘ ਨੇ 1940 ਤੋਂ ਲੈ ਕੇ 1947 ਤੱਕ ਕਾਲੇ ਪਾਣੀ ਦੀ ਸਜ਼ਾ ਭੁਗਤੀ ਸੀ ਅਤੇ ਦੇਸ਼ ਅਜ਼ਾਦ ਹੋਣ ਤੋਂ ਬਾਅਦ ਜਦੋਂ ਪੰਜਾਬ ਵਿੱਚ ਪੰਜਾਬੀ ਸੂਬੇ ਮੋਰਚੇ ਦੀ ਮੰਗ ਉਠ ਗਈ ਸੀ ਤਾਂ ਜਥੇਦਾਰ ਗੰਡਾ ਸਿੰਘ ਪੰਜਾਬੀ ਸੂਬੇ ਦੀ ਮੰਗ ਨੂੰ ਲੈ ਕੇ 1959 ਤੋਂ ਲੈ ਕੇ 1960 ਤੱਕ ਅੰਬਾਲਾ ਜੇਲ੍ਹ ਵਿੱਚ ਰਹੇ।
ਉਨ੍ਹਾਂ ਦੀ ਮੰਗ ਸੀ ਕਿ ਪੰਜਾਬ ਸੂਬੇ ਨੂੰ ਦਿੱਲੀ ਤੱਕ ਵਧਾਇਆ ਜਾਵੇ ਅਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦਿੱਤੇ ਜਾਣ। ਵੱਡੇ ਬੁੱਧੀਜੀਵੀਆਂ ਮੁਤਾਬਕ ਗੰਡਾ ਸਿੰਘ ਦਾ ਕਹਿਣਾ ਸੀ ਕਿ ਅੰਗਰੇਜ਼ਾਂ ਤੋਂ ਪਹਿਲਾਂ ਪੰਜਾਬ ਆਪਣੇ ਆਪ ਵਿੱਚ ਇੱਕ ਦੇਸ ਸੀ, ਪਰ ਬਾਅਦ ਵਿੱਚ ਅੰਗਰੇਜ਼ਾਂ ਤੇ ਸਮੇਂ ਦੀਆਂ ਸਰਕਾਰਾਂ ਨੇ ਇਸ ਨੂੰ ਟੋਟੇ-ਟੋਟੇ ਕਰ ਦਿੱਤਾ । ਪੰਜਾਬੀ ਸੂਬੇ ਵਾਲੇ ਮੋਰਚੇ ਵਿੱਚ ਪੁਆਧ ਖੇਤਰ ਤੋਂ ਜਥੇਦਾਰ ਗੰਡਾ ਸਿੰਘ ਨੇ ਹਿੱਸਾ ਲਿਆ ਸੀ।
ਲਾਲੜੂ ਖੇਤਰ ਇੱਕ ਅਣਗੋਲਿਆ ਹੋਇਆ ਖੇਤਰ ਹੈ, ਪਹਿਲਾਂ ਵੀ ਰਾਜਨੀਤਿਕ ਪਾਰਟੀਆਂ ਨੇ ਲਾਲੜੂ ਖੇਤਰ ਦੀ ਤਰੱਕੀ ਵਿੱਚ ਆਪਣਾ ਬਹੁਤ ਘੱਟ ਯੋਗਦਾਨ ਪਾਇਆ ਹੈ। ਪੰਜਾਬ ਦੇ ਗੇਟਵੇਅ ਵਜੋਂ ਜਾਣਿਆਂ ਜਾਂਦਾ ਲਾਲੜੂ ਖੇਤਰ ਹਮੇਸਾ ਸਰਕਾਰੀ ਇਮਦਾਦ ਪੱਖੋਂ ਫਾਡੀ ਰਿਹਾ ਹੈ । ਦੱਸਣਾ ਬਣਦਾ ਹੈ ਕਿ ਇਸ ਖੇਤਰ ਵਿੱਚ ਜਨਮੇ ਜਥੇਦਾਰ ਗੰਡਾ ਸਿੰਘ ਨੂੰ ਅਕਾਲੀ ਦਲ ਦੇ ਵੱਡੇ-ਵੱਡੇ ਆਗੂ ਪ੍ਰਕਾਸ਼ ਸਿੰਘ ਬਾਦਲ, ਜਥੇਦਾਰ ਗੁਰਚਰਨ ਸਿੰਘ ਟੌਹੜਾ ਤੇ ਕੈਪਟਨ ਕੰਵਲਜੀਤ ਸਿੰਘ ਆਜ਼ਾਦੀ ਘੁਲਾਟੀਆ ਬਾਬਾ ਕਹਿ ਕੇ ਬੁਲਾਉਂਦੇ ਸਨ ਅਤੇ ਤਹਿ ਦਿਲੋਂ ਸਤਿਕਾਰ ਵੀ ਕਰਦੇ ਸਨ।
ਜਥੇਦਾਰ ਗੰਡਾ ਸਿੰਘ ਦੀ ਮਾਸਟਰ ਤਾਰਾ ਸਿੰਘ ਨਾਲ ਬੇਹੱਦ ਨੇੜਤਾ ਸੀ ਲ। ਇਸ ਦੇ ਚੱਲਦਿਆਂ ਹੀ ਕੈਪਟਨ ਕੰਵਲਜੀਤ ਸਿੰਘ ਨੇ ਪਿੰਡ ਸਾਧਾਂਪੁਰ ਦੀ ਫਿਰਨੀ ਉਨ੍ਹਾਂ ਦੇ ਨਾਮ ਉਤੇ ਬਣਵਾਈ ਸੀ ਜਥੇਦਾਰ ਗੰਡਾ ਸਿੰਘ ਪੰਜਾਬੀ ਸੂਬੇ ਦੀ ਚਾਹਤ ਨੂੰ ਆਪਣੇ ਦਿਲ ਵਿੱਚ ਲੈ ਕੇ 1983 ਨੂੰ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਸਨ ਤੇ ਇਸ ਸਮੇਂ ਉਨ੍ਹਾਂ ਦਾ ਪੋਤਰਾ ਲੱਕੀ ਸਾਧਾਂਪੁਰ ਤੇ ਪਰਿਵਾਰ ਵੀ ਸਮਾਜ ਸੇਵਾ ਵਿਚ ਸਰਗਰਮ ਹੈ, ਜਦਕਿ ਸਾਧਾਂਪੁਰ ਤੇ ਲਾਲੜੂ ਵਾਸੀ ਉਨ੍ਹਾਂ ਦੀ ਯਾਦਗਾਰ ਲਈ ਸਰਕਾਰ ਵੱਲ ਵੇਖ ਰਹੇ ਹਨ ।