13 ਤੋਂ 15 ਨਵੰਬਰ ਤੱਕ ਚੰਡੀਗੜ੍ਹ 'ਚ ਹੋਵੇਗਾ 10ਵਾਂ ਮਿਲਟਰੀ ਲਿਟਰੇਚਰ ਫੈਸਟੀਵਲ
ਚੰਡੀਗੜ੍ਹ , 7 ਨਵੰਬਰ 2026 : ਪੰਜਾਬ ਭਵਨ ਵਿਖੇ ਲੈਫਟੀਨੈਂਟ ਜਨਰਲ ਟੀ.ਐੱਸ. ਸ਼ੇਰਗਿੱਲ (ਸੇਵਾਮੁਕਤ) ਵੱਲੋਂ 10ਵੇਂ ਮਿਲਟਰੀ ਲਿਟਰੇਚਰ ਫੈਸਟੀਵਲ ਨੂੰ ਲੈ ਕੇ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਇਸ ਸਾਲ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਆਯੋਜਨ 13 ਤੋਂ 15 ਨਵੰਬਰ ਤੱਕ ਚੰਡੀਗੜ੍ਹ ਦੇ ਲੇਕ ਕਲੱਬ ਵਿਖੇ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਮਿਲਟਰੀ ਲਿਟਰੇਚਰ ਫੈਸਟੀਵਲ ਦੀ ਸ਼ੁਰੂਆਤ ਸਾਲ 2017 ਵਿੱਚ ਹੋਈ ਸੀ ਅਤੇ ਇਸ ਸਾਲ ਇਸ ਦਾ 10ਵਾਂ ਐਡੀਸ਼ਨ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਦਾ ਮੁੱਖ ਉਦੇਸ਼ ਪੰਜਾਬ ਦੇ ਨੌਜਵਾਨਾਂ ਨੂੰ ਫੌਜ, ਸੈਨਿਕ ਸੇਵਾਵਾਂ ਅਤੇ ਦੇਸ਼ ਦੀ ਰੱਖਿਆ ਨਾਲ ਜੁੜੇ ਵਿਸ਼ਿਆਂ ਬਾਰੇ ਜਾਗਰੂਕ ਕਰਨਾ ਅਤੇ ਉਨ੍ਹਾਂ ਨੂੰ ਫੌਜ ਵਿੱਚ ਭਰਤੀ ਹੋਣ ਲਈ ਪ੍ਰੇਰਿਤ ਕਰਨਾ ਹੈ।
ਲੈਫਟੀਨੈਂਟ ਜਨਰਲ ਟੀ.ਐੱਸ. ਸ਼ੇਰਗਿੱਲ ਨੇ ਦੱਸਿਆ ਕਿ ਨੌਜਵਾਨਾਂ ਤੱਕ ਪਹੁੰਚ ਬਣਾਉਣ ਲਈ ਪੰਜਾਬ ਯੂਨੀਵਰਸਿਟੀ, ਅੰਮ੍ਰਿਤਸਰ ਦੇ ਖਾਲਸਾ ਕਾਲਜ ਸਮੇਤ ਕਈ ਹੋਰ ਵਿੱਦਿਅਕ ਸੰਸਥਾਵਾਂ ਅਤੇ ਵੱਖ-ਵੱਖ ਥਾਵਾਂ ਦਾ ਦੌਰਾ ਕੀਤਾ ਗਿਆ ਹੈ। ਇਨ੍ਹਾਂ ਯਤਨਾਂ ਰਾਹੀਂ ਨੌਜਵਾਨਾਂ ਨੂੰ ਫੌਜ ਦੇ ਸ਼ਾਨਾਮੱਤੇ ਇਤਿਹਾਸ, ਸੈਨਿਕ ਪਰੰਪਰਾਵਾਂ ਅਤੇ ਦੇਸ਼ ਦੀ ਸੇਵਾ ਕਰਨ ਦੇ ਮੌਕਿਆਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਤਕਨਾਲੋਜੀ ਤੇਜ਼ੀ ਨਾਲ ਬਦਲ ਰਹੀ ਹੈ ਅਤੇ ਅਸੀਂ ਵੀ ਨਵੀਆਂ ਤਕਨੀਕਾਂ ਨੂੰ ਅਪਣਾ ਕੇ ਅੱਗੇ ਵਧ ਰਹੇ ਹਾਂ। ਮਿਲਟਰੀ ਲਿਟਰੇਚਰ ਫੈਸਟੀਵਲ ਰਾਹੀਂ ਨੌਜਵਾਨਾਂ ਨੂੰ ਆਧੁਨਿਕ ਸੈਨਿਕ ਤਕਨਾਲੋਜੀ, ਰੱਖਿਆ ਖੇਤਰ ਵਿੱਚ ਹੋ ਰਹੀਆਂ ਤਬਦੀਲੀਆਂ ਅਤੇ ਫੌਜ ਦੀ ਭੂਮਿਕਾ ਬਾਰੇ ਜਾਣਕਾਰੀ ਦੇਣ 'ਤੇ ਵੀ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ।
ਉਨ੍ਹਾਂ ਉਮੀਦ ਜਤਾਈ ਕਿ ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ ਸ਼ਮੂਲੀਅਤ ਕਰਨਗੇ ਅਤੇ ਫੌਜ ਤੇ ਦੇਸ਼ ਸੇਵਾ ਪ੍ਰਤੀ ਉਨ੍ਹਾਂ ਦੀ ਰੁਚੀ ਵਿੱਚ ਵਾਧਾ ਹੋਵੇਗਾ।
- Download Babushahi App
-
-