ਮਾਨਸਾ ਜ਼ਿਲ੍ਹੇ ਦੇ ਬਰੇਟਾ 'ਚ ਸਰਕਾਰੀ ਬੱਸ ਅਤੇ ਸਕੂਲ ਵੈਨ ਵਿੱਚ ਟੱਕਰ ਹੋਣ ਨਾਲ ਕਈ ਬੱਚੇ ਜ਼ਖਮੀ
ਅਸ਼ੋਕ ਵਰਮਾ
ਮਾਨਸਾ, 14 ਸਤੰਬਰ 2026 :ਮਾਨਸਾ ਜ਼ਿਲ੍ਹੇ ਦੇ ਕਸਬਾ ਬਰੇਟਾ ਵਿੱਚ ਅੱਜ ਇੱਕ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਅਤੇ ਸਕੂਲ ਵੈਨ ਵਿਚਕਾਰ ਹੋਈ ਜ਼ੋਰਦਾਰ ਟੱਕਰ ਕਾਰਨ ਕਰੀਬ ਇੱਕ ਦਰਜਨ ਸਕੂਲੀ ਬੱਚੇ ਜ਼ਖ਼ਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਜਦਕਿ ਕਰੀਬ ਅੱਧੀ ਦਰਜਨ ਬੱਚੇ ਗੰਭੀਰ ਸੱਟਾਂ ਲੱਗਣ ਕਾਰਨ ਇਲਾਜ ਲਈ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਏ ਗਏ ਹਨ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਜਾਣਕਾਰੀ ਅਨੁਸਾਰ ਇਹ ਸਕੂਲ ਵੈਨ ਸਵੇਰੇ ਬੱਚਿਆਂ ਨੂੰ ਲੈ ਕੇ ਸਕੂਲ ਵੱਲ ਜਾ ਰਹੀ ਸੀ। ਇਸ ਦੌਰਾਨ ਬਰੇਟਾ ਅਤੇ ਦਿਆਲਪੁਰਾ ਵਿਚਕਾਰ ਵੈਨ ਦੇ ਅੱਗੇ ਜਾ ਰਹੀ ਬੱਸ ਨੇ ਅਚਾਨਕ ਬਰੇਕਾਂ ਮਾਰ ਦਿੱਤੀਆਂ ਜਿਸ ਦੇ ਸਿੱਟੇ ਵਜੋਂ ਸਕੂਲ ਵੈਨ ਬੱਸ ਦੇ ਪਿਛਲੇ ਹਿੱਸੇ ਵਿੱਚ ਜਾ ਵੱਜੀ।
ਪਤਾ ਲੱਗਿਆ ਹੈ ਕਿ ਇਸ ਦੌਰਾਨ ਇੱਕ ਬੱਚੇ ਦਾ ਹੱਥ ਟੁੱਟ ਗਿਆ ਜਦੋਂ ਕਿ ਹੋਰਨਾਂ ਬੱਚਿਆਂ ਨੂੰ ਸੱਟਾਂ ਵੱਜੀਆਂ ਹਨ। ਸਕੂਲ ਪ੍ਰਿੰਸੀਪਲ ਕਰਮਜੀਤ ਸਿੰਘ ਨੇ ਦੱਸਿਆ ਕਿ ਬੱਸ ਚਾਲਕ ਪਾਣੀ ਪੀਣ ਲਈ ਹੇਠੋਂ ਗਲਾਸ ਚੁੱਕਣ ਲੱਗਿਆ ਸੀ ਤਾਂ ਅਚਾਨਕ ਬੱਸ ਵੱਲੋਂ ਬਰੇਕਾਂ ਮਾਰਨ ਕਾਰਨ ਵੈਨ ਬੱਸ ਦੇ ਪਿਛਲੇ ਹਿੱਸੇ ਨਾਲ ਜਾ ਟਕਰਾਈ । ਉਨ੍ਹਾਂ ਦੱਸਿਆ ਕਿ ਜ਼ਖ਼ਮੀ ਬੱਚਿਆਂ ਨੂੰ ਬਰੇਟਾ ਹਸਪਤਾਲ ਤੋਂ ਬਾਅਦ ਮਾਨਸਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਓਧਰ ਹਾਦਸੇ ਤੋਂ ਬਾਅਦ ਸਕੂਲ ਵੈਨ ਦੀ ਹਾਲਤ ਨੂੰ ਲੈ ਕੇ ਲੋਕਾਂ ਵੱਲੋਂ ਸਵਾਲ ਚੁੱਕੇ ਜਾ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਵੈਨ ਦੀ ਹਾਲਤ ਕਾਫੀ ਖਸਤਾ ਸੀ ਅਤੇ ਉਸ ਕੋਲ ਕਈ ਲੋੜੀਂਦੀਆਂ ਪ੍ਰਵਾਨਗੀਆਂ ਵੀ ਨਹੀਂ ਸਨ। ਲੋਕਾਂ ਨੇ ਅਜਿਹੇ ਹਾਦਸਿਆਂ ਨੂੰ ਰੋਕਣ ਲਈ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਜਿਹੀਆਂ ਖਸਤਾ ਹਾਲ ਵੈਨਾਂ ਤੇ ਰੋਕ ਲਾਈ ਜਾਵੇ ਅਤੇ ਇਸ ਕੰਮ ਲਈ ਪ੍ਰਸ਼ਾਸਨ ਇੱਕ ਮੁਹਿੰਮ ਸ਼ੁਰੂ ਕਰੇ।
- Download Babushahi App
-
-