ਪੰਜਾਬ ਦੀ ਬਿਹਤਰੀ ਲਈ ਅਕਾਲੀ ਦਲ (ਵਾਰਿਸ ਪੰਜਾਬ ਦੇ) ਵੱਲੋਂ ਸੂਬਾ ਪੱਧਰੀ ਮੈਂਬਰਸ਼ਿਪ ਮੁਹਿੰਮ ਦੀ ਸ਼ੁਰੂਆਤ
"ਪੰਜਾਬ ਸਾਡਾ, ਫ਼ੈਸਲੇ ਸਾਡੇ — ਆਓ ਪੰਜਾਬ ਦੇ ਵਾਰਿਸ ਬਣੀਏ"
ਬਾਪੂ ਤਰਸੇਮ ਸਿੰਘ, ਐਮ ਪੀ ਭਾਈ ਸਰਬਜੀਤ ਸਿੰਘ ਖਾਲਸਾ ਅਤੇ ਮਨਪ੍ਰੀਤ ਸਿੰਘ ਇਆਲੀ ਵੱਲੋਂ ਸਮੁੱਚੇ ਪੰਜਾਬੀਆਂ ਨੂੰ ਮੁਹਿੰਮ ਦਾ ਹਿੱਸਾ ਬਣਨ ਦੀ ਅਪੀਲ
ਪੰਜਾਬ ਦੇ ਹਰ ਵਰਗ ਨੂੰ ਇੱਕ ਸਾਂਝੇ ਮੰਚ ’ਤੇ ਲਿਆ ਕੇ ਲੋਕ-ਭਾਗੀਦਾਰੀ ਵਾਲੀ ਸਿਆਸੀ ਲਹਿਰ ਉਸਾਰਨਾ ਮੁਹਿੰਮ ਦਾ ਮੁੱਖ ਮਕਸਦ
ਚੰਡੀਗੜ੍ਹਃ- 24 ਨਵੰਬਰ 2026
ਅਕਾਲੀ ਦਲ (ਵਾਰਿਸ ਪੰਜਾਬ ਦੇ) ਵੱਲੋਂ ਅੱਜ ਪੰਜਾਬ ਦੀ ਬਿਹਤਰੀ, ਸੂਬੇ ਦੇ ਹੱਕਾਂ ਦੀ ਰਾਖੀ ਅਤੇ ਪੰਜਾਬੀਆਂ ਦੀ ਸਮੂਹਿਕ ਸਿਆਸੀ ਤਾਕਤ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਇੱਕ ਵਿਸ਼ੇਸ਼ ਸੂਬਾ ਪੱਧਰੀ ਮੈਂਬਰਸ਼ਿਪ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।
ਇਸ ਮੌਕੇ ਬਾਪੂ ਤਰਸੇਮ ਸਿੰਘ, ਐਮ ਪੀ ਭਾਈ ਸਰਬਜੀਤ ਸਿੰਘ ਖਾਲਸਾ ਅਤੇ ਮਨਪ੍ਰੀਤ ਸਿੰਘ ਇਆਲੀ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਮੁੱਚੇ ਪੰਜਾਬੀਆਂ ਨੂੰ ਪਾਰਟੀਬਾਜ਼ੀ, ਜਾਤ-ਪਾਤ ਅਤੇ ਨਿੱਜੀ ਵਖਰੇਵਿਆਂ ਤੋਂ ਉੱਪਰ ਉੱਠ ਕੇ ਇਸ ਮੁਹਿੰਮ ਨਾਲ ਜੁੜਨ ਅਤੇ ਪੰਜਾਬ ਦੇ ਭਵਿੱਖ ਦੀ ਉਸਾਰੀ ਵਿੱਚ ਆਪਣੀ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਅੱਜ ਪੰਜਾਬ ਇੱਕ ਗੰਭੀਰ ਸੰਕਟ ਵਿੱਚੋਂ ਲੰਘ ਰਿਹਾ ਹੈ। ਕਿਸਾਨੀ ਕਰਜ਼ੇ ਅਤੇ ਆਰਥਿਕ ਤੰਗੀਆਂ ਨਾਲ ਜੂਝ ਰਹੀ ਹੈ, ਨੌਜਵਾਨ ਰੁਜ਼ਗਾਰ ਦੀ ਭਾਲ ਵਿੱਚ ਵਿਦੇਸ਼ਾਂ ਵੱਲ ਜਾਣ ਲਈ ਮਜਬੂਰ ਹਨ, ਨਸ਼ਿਆਂ ਨੇ ਹਜ਼ਾਰਾਂ ਘਰਾਂ ਨੂੰ ਉਜਾੜਿਆ ਹੈ ਅਤੇ ਗੈਂਗਸਟਰਵਾਦ ਤੇ ਬੇਰੁਜ਼ਗਾਰੀ ਨੇ ਸਮਾਜ ਵਿੱਚ ਚਿੰਤਾ ਦਾ ਮਾਹੌਲ ਪੈਦਾ ਕੀਤਾ ਹੈ। ਪੰਜਾਬ ਦੇ ਪਾਣੀਆਂ, ਕੁਦਰਤੀ ਸਰੋਤਾਂ ਅਤੇ ਸੰਵਿਧਾਨਕ ਹੱਕਾਂ ਨਾਲ ਜੁੜੇ ਮਸਲੇ ਵੀ ਲਗਾਤਾਰ ਅਣਗੌਲੇ ਹੋ ਰਹੇ ਹਨ।
ਉਨ੍ਹਾਂ ਕਿਹਾ ਕਿ ਪਿਛਲੇ ਕਈ ਦਹਾਕਿਆਂ ਦੌਰਾਨ ਪੰਜਾਬ ਦੀ ਸੱਤਾ ’ਤੇ ਕਾਬਜ਼ ਰਹੀਆਂ ਵੱਖ-ਵੱਖ ਸਰਕਾਰਾਂ ਨੇ ਲੋਕਾਂ ਨੂੰ ਅਨੇਕਾਂ ਵਾਅਦੇ ਕੀਤੇ, ਪਰ ਪੰਜਾਬ ਦੀਆਂ ਬੁਨਿਆਦੀ ਸਮੱਸਿਆਵਾਂ ਅੱਜ ਵੀ ਜਿਉਂ ਦੀਆਂ ਤਿਉਂ ਹਨ। ਹੁਣ ਲੋੜ ਸਿਰਫ਼ ਸੱਤਾ ਬਦਲਣ ਦੀ ਨਹੀਂ, ਸਗੋਂ ਪੰਜਾਬ ਦੀ ਸਿਆਸਤ ਦੀ ਦਿਸ਼ਾ ਅਤੇ ਤਰਜੀਹਾਂ ਬਦਲਣ ਦੀ ਹੈ। ਪੰਜਾਬ ਦੀ ਹੋਣੀ ਦੇ ਫ਼ੈਸਲੇ ਪੰਜਾਬ ਦੇ ਲੋਕਾਂ ਦੀ ਇੱਛਾ ਅਤੇ ਹਿੱਤਾਂ ਅਨੁਸਾਰ ਹੋਣੇ ਚਾਹੀਦੇ ਹਨ।
ਉਨ੍ਹਾਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਸ਼ੁਰੂ ਹੋਇਆ ਸਫ਼ਰ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਕਰਕੇ ਸਿੱਖੀ, ਗੁਰੂ-ਘਰ ਅਤੇ ਸਵੈਮਾਣ ਵਾਲੇ ਜੀਵਨ ਨਾਲ ਜੋੜਨ ਦੇ ਸੰਕਲਪ ਨਾਲ ਜੁੜਿਆ ਹੋਇਆ ਹੈ। ਖਡੂਰ ਸਾਹਿਬ ਦੇ ਲੋਕਾਂ ਵੱਲੋਂ ਚੋਣਾਂ ਵਿੱਚ ਦਿੱਤਾ ਗਿਆ ਭਰਵਾਂ ਫ਼ਤਵਾ ਇਸ ਸੋਚ ਪ੍ਰਤੀ ਲੋਕਾਂ ਦੇ ਵਿਸ਼ਵਾਸ ਦਾ ਪ੍ਰਗਟਾਵਾ ਹੈ। ਹੁਣ ਇਸ ਸੋਚ ਨੂੰ ਇੱਕ ਵਿਸ਼ਾਲ ਜਥੇਬੰਦਕ ਅਤੇ ਲੋਕ-ਭਾਗੀਦਾਰੀ ਵਾਲਾ ਰੂਪ ਦੇਣ ਦੀ ਲੋੜ ਹੈ।
ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਮੈਂਬਰਸ਼ਿਪ ਮੁਹਿੰਮ ਸਿਰਫ਼ ਪਾਰਟੀ ਦੇ ਮੈਂਬਰਾਂ ਦੀ ਗਿਣਤੀ ਵਧਾਉਣ ਤੱਕ ਸੀਮਤ ਨਹੀਂ ਹੈ, ਸਗੋਂ ਪੰਜਾਬ ਦੇ ਹਰ ਵਰਗ ਦੀ ਆਵਾਜ਼ ਨੂੰ ਇੱਕ ਸਾਂਝੇ ਮੰਚ ’ਤੇ ਲਿਆਉਣ ਦਾ ਯਤਨ ਹੈ। ਕਿਸਾਨ, ਮਜ਼ਦੂਰ, ਵਪਾਰੀ, ਮੁਲਾਜ਼ਮ, ਵਿਦਿਆਰਥੀ, ਬੁੱਧੀਜੀਵੀ, ਨੌਜਵਾਨ ਅਤੇ ਬੀਬੀਆਂ ਸਮੇਤ ਹਰ ਵਰਗ ਦੇ ਲੋਕਾਂ ਨੂੰ ਇਸ ਮੁਹਿੰਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਪਾਰਟੀ ਦੀ ਕੋਸ਼ਿਸ਼ ਹੋਵੇਗੀ ਕਿ ਜਥੇਬੰਦੀ ਨਾਲ ਜੁੜਨ ਵਾਲੇ ਹਰ ਵਿਅਕਤੀ ਦੀ ਰਾਏ ਅਤੇ ਸੁਝਾਅ ਨੂੰ ਮਹੱਤਵ ਦਿੱਤਾ ਜਾਵੇ ਅਤੇ ਪੰਜਾਬ ਦੇ ਭਵਿੱਖ ਨਾਲ ਜੁੜੇ ਫ਼ੈਸਲਿਆਂ ਵਿੱਚ ਆਮ ਪੰਜਾਬੀਆਂ ਦੀ ਭਾਗੀਦਾਰੀ ਯਕੀਨੀ ਬਣਾਈ ਜਾਵੇ। ਇਹ ਸੱਦਾ ਕਿਸੇ ਇੱਕ ਧਰਮ, ਜਾਤ, ਬਰਾਦਰੀ ਜਾਂ ਸਿਆਸੀ ਪਿਛੋਕੜ ਤੱਕ ਸੀਮਤ ਨਹੀਂ ਹੈ। ਹਰ ਉਹ ਪੰਜਾਬੀ ਜੋ ਪੰਜਾਬ ਨੂੰ ਖੁਸ਼ਹਾਲ, ਸੁਰੱਖਿਅਤ, ਨਸ਼ਾ-ਮੁਕਤ ਅਤੇ ਆਪਣੇ ਹੱਕਾਂ ਪ੍ਰਤੀ ਜਾਗਰੂਕ ਦੇਖਣਾ ਚਾਹੁੰਦਾ ਹੈ, ਇਸ ਮੁਹਿੰਮ ਦਾ ਹਿੱਸਾ ਬਣ ਸਕਦਾ ਹੈ।
ਇਸ ਮਕਸਦ ਲਈ ਪਾਰਟੀ ਵੱਲੋਂ ਇੱਕ ਸੰਪਰਕ ਨੰਬਰ 60090-60092 ਅਤੇ ਮੋਬਾਈਲ ਐਪ 'ਵਹੀਰ' ਵੀ ਜਾਰੀ ਕੀਤੀ ਗਈ ਹੈ, ਜਿਸ ਰਾਹੀਂ ਪੰਜਾਬ ਦਾ ਕੋਈ ਵੀ ਵਿਅਕਤੀ ਆਸਾਨੀ ਨਾਲ ਪਾਰਟੀ ਨਾਲ ਜੁੜ ਸਕਦਾ ਹੈ। ਇਸਤੋੰ ਇਲਾਵਾ ਵੈਬਸਾਈਟ www.adwpd.com ਵੀ ਜਾਰੀ ਕੀਤੀ ਗਈ, ਇਥੇ ਜਾ ਕੇ ਵੀ ਪਾਰਟੀ ਨਾਲ ਜੁੜਿਆ ਜਾ ਸਕਦਾ ਹੈ। ਪਾਰਟੀ ਦਾ ਟੀਚਾ ਇਸ ਮੁਹਿੰਮ ਨੂੰ ਪੰਜਾਬ ਦੇ ਹਰ ਪਿੰਡ, ਸ਼ਹਿਰ ਅਤੇ ਕਸਬੇ ਤੱਕ ਪਹੁੰਚਾਉਣਾ ਹੈ।
ਬਾਦਲ-ਭਾਜਪਾ ਗੱਠਜੋੜ ’ਤੇ ਵੀ ਚੁੱਕੇ ਸਵਾਲ
ਅਕਾਲੀ ਦਲ (ਬਾਦਲ) ਅਤੇ ਭਾਜਪਾ ਦੇ ਮੁੜ ਗੱਠਜੋੜ ਬਾਰੇ ਗੱਲ ਕਰਦਿਆਂ ਆਗੂਆਂ ਨੇ ਕਿਹਾ ਕਿ ਇਸ ਫ਼ੈਸਲੇ ਨੇ ਬਾਦਲ ਪਰਿਵਾਰ ਦੀ ਸਿਆਸੀ ਸਿਧਾਂਤਕ ਵਚਨਬੱਧਤਾ ਬਾਰੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਕਿਸਾਨ ਅੰਦੋਲਨ ਦੌਰਾਨ ਜਿਨ੍ਹਾਂ ਖੇਤੀ ਕਾਨੂੰਨਾਂ ਅਤੇ ਕਿਸਾਨ ਵਿਰੋਧੀ ਨੀਤੀਆਂ ਦੇ ਵਿਰੋਧ ਵਿੱਚ ਅਕਾਲੀ ਦਲ (ਬਾਦਲ) ਨੇ ਭਾਜਪਾ ਨਾਲੋਂ ਗੱਠਜੋੜ ਤੋੜਿਆ ਸੀ, ਕੀ ਉਹ ਸਾਰੇ ਮੁੱਦੇ ਹੁਣ ਹੱਲ ਹੋ ਗਏ ਹਨ? ਕੀ ਭਾਜਪਾ ਨੇ ਕਿਸਾਨਾਂ ਅਤੇ ਪੰਜਾਬ ਪ੍ਰਤੀ ਆਪਣਾ ਰਵੱਈਆ ਬਦਲ ਲਿਆ ਹੈ ਜਾਂ ਸੱਤਾ ਦੀ ਲਾਲਸਾ ਵਿੱਚ ਬਾਦਲਾਂ ਨੇ ਆਪਣਾ ਪੁਰਾਣਾ ਸਟੈਂਡ ਬਦਲ ਲਿਆ ਹੈ?
ਉਨ੍ਹਾਂ ਕਿਹਾ ਕਿ ਬੇਅਦਬੀ ਅਤੇ ਗੋਲੀਕਾਂਡ ਦੇ ਮਾਮਲਿਆਂ ਵਿੱਚ ਬਾਦਲ ਪਰਿਵਾਰ ਦੇ ਕਰੀਬੀਆਂ ਵਿਰੁੱਧ ਗੰਭੀਰ ਦੋਸ਼ ਲਾਉਣ ਵਾਲੇ ਕੁੰਵਰ ਵਿਜੇ ਪ੍ਰਤਾਪ ਸਿੰਘ ਨਾਲ ਅਕਾਲੀ ਦਲ (ਬਾਦਲ) ਦੇ ਆਗੂ ਇੱਕੋ ਸਿਆਸੀ ਮੰਚ ਕਿਵੇਂ ਸਾਂਝਾ ਕਰਨਗੇ? ਇਸੇ ਤਰ੍ਹਾਂ ਕਾਂਗਰਸ ਅਤੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਵਿਰੁੱਧ ਲੰਮੇ ਸਮੇਂ ਤੋਂ ਸਿਆਸਤ ਕਰਨ ਵਾਲੇ ਬਾਦਲ ਆਗੂ ਹੁਣ ਭਾਜਪਾ ਵਿੱਚ ਮੌਜੂਦ ਰਵਨੀਤ ਸਿੰਘ ਬਿੱਟੂ ਨਾਲ ਆਪਣੀ ਸਿਆਸੀ ਸਾਂਝ ਨੂੰ ਕਿਵੇਂ ਜਾਇਜ਼ ਠਹਿਰਾਉਣਗੇ?
ਉਨ੍ਹਾਂ ਕਿਹਾ ਕਿ ਗੱਠਜੋੜ ਕਰਨਾ ਕਿਸੇ ਵੀ ਸਿਆਸੀ ਪਾਰਟੀ ਦਾ ਅਧਿਕਾਰ ਹੈ, ਪਰ ਆਪਣੇ ਪੁਰਾਣੇ ਸਟੈਂਡ ਅਤੇ ਸਿਧਾਂਤਾਂ ਤੋਂ ਉਲਟ ਫ਼ੈਸਲੇ ਲੈਣ ’ਤੇ ਲੋਕਾਂ ਨੂੰ ਜਵਾਬ ਦੇਣਾ ਵੀ ਉਸ ਦੀ ਜ਼ਿੰਮੇਵਾਰੀ ਹੈ। ਪੰਜਾਬ ਅਤੇ ਪੰਥ ਦੇ ਮੁੱਦਿਆਂ ਉੱਤੇ ਸੱਤਾ ਦੀ ਲਾਲਸਾ ਭਾਰੂ ਨਹੀਂ ਹੋਣੀ ਚਾਹੀਦੀ।
ਅੰਤ ਵਿੱਚ ਆਗੂਆਂ ਨੇ ਸਮੁੱਚੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਨਾਲ ਜੁੜ ਕੇ ਪੰਜਾਬ ਦੇ ਭਵਿੱਖ ਦੀ ਜ਼ਿੰਮੇਵਾਰੀ ਖ਼ੁਦ ਸੰਭਾਲਣ।
- Download Babushahi App
-
-