ਮਾਨ ਸਰਕਾਰ ਵੱਲੋਂ ਹਰ ਵਰਗ ਦੀ ਭਲਾਈ ਲਈ ਲਾਗੂ ਕੀਤੀਆਂ ਜਾ ਰਹੀਆਂ ਹਨ ਲੋਕ ਭਲਾਈ ਸਕੀਮਾਂ: ਕੁਲਵੰਤ ਸਿੰਘ
ਵਿਧਾਇਕ ਕੁਲਵੰਤ ਸਿੰਘ ਨੇ ਫੇਜ਼-6 ਦੇ 27 ਅਲਾਟੀਆਂ ਨੂੰ ਸੌਂਪੇ ਪ੍ਰਾਪਰਟੀ ਕਾਰਡ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 25 ਨਵੰਬਰ:
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਹਰ ਵਰਗ ਦੀਆਂ ਲੋੜਾਂ ਅਤੇ ਜ਼ਰੂਰਤਾਂ ਅਨੁਸਾਰ ਲੋਕ ਭਲਾਈ ਸਕੀਮਾਂ ਲਾਗੂ ਕਰਕੇ ਲੋਕਾਂ ਨੂੰ ਲਾਭ ਪਹੁੰਚਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ ਅੱਜ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਫੇਜ਼-6 ਦੇ 27 ਅਲਾਟੀਆਂ ਨੂੰ ਪ੍ਰਾਪਰਟੀ ਕਾਰਡ ਤਕਸੀਮ ਕੀਤੇ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਮੋਹਾਲੀ ਦੇ ਫੇਜ਼-6 ਅਤੇ ਫੇਜ਼-9 ਵਿੱਚ ਸਬਸਿਡਾਈਜ਼ਡ ਇੰਡਸਟਰੀਅਲ ਹਾਊਸਿੰਗ ਸਕੀਮ ਤਹਿਤ ਕ੍ਰਮਵਾਰ 114 ਅਤੇ 132 ਮਕਾਨ ਹਨ। ਫੇਜ਼-6 ਦੇ 27 ਅਲਾਟੀਆਂ ਨੂੰ ਅੱਜ ਪ੍ਰਾਪਰਟੀ ਕਾਰਡ ਸੌਂਪੇ ਗਏ ਹਨ, ਜਦਕਿ ਬਾਕੀ ਅਲਾਟੀਆਂ ਨੂੰ ਵੀ ਇਹ ਕਾਰਡ ਜਾਰੀ ਕਰਨ ਲਈ ਕਿਰਤ ਵਿਭਾਗ ਵੱਲੋਂ ਤੇਜ਼ੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਜਲਦ ਹੀ ਪ੍ਰਾਪਰਟੀ ਕਾਰਡ ਜਾਰੀ ਕਰ ਦਿੱਤੇ ਜਾਣਗੇ।
ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਅਜਿਹੀ ਪਹਿਲਕਦਮੀ ਰਾਹੀਂ ਉਨ੍ਹਾਂ ਲੋਕਾਂ ਨੂੰ ਮਕਾਨਾਂ ਦੇ ਮਾਲਕੀ ਹੱਕ ਦਿੱਤੇ ਜਾ ਰਹੇ ਹਨ, ਜੋ ਪਿਛਲੇ 30-30 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਇਨ੍ਹਾਂ ਮਕਾਨਾਂ ਵਿੱਚ ਰਹਿ ਰਹੇ ਸਨ। ਉਨ੍ਹਾਂ ਕਿਹਾ ਕਿ ਪਹਿਲਾਂ ਇਹ ਲੋਕ ਆਪਣੇ ਹੀ ਮਕਾਨਾਂ ਵਿੱਚ ਕਿਰਾਏਦਾਰਾਂ ਵਾਂਗ ਰਹਿਣ ਲਈ ਮਜਬੂਰ ਸਨ, ਪਰ ਹੁਣ ਪ੍ਰਾਪਰਟੀ ਕਾਰਡ ਮਿਲਣ ਨਾਲ ਉਹ ਆਪਣੇ ਮਕਾਨਾਂ ਦੇ ਕਾਨੂੰਨੀ ਮਾਲਕ ਬਣਨ ਵੱਲ ਵਧ ਰਹੇ ਹਨ।
ਵਿਧਾਇਕ ਨੇ ਇਸ ਸਕੀਮ ਦਾ ਲਾਭ ਪ੍ਰਾਪਤ ਕਰਨ ਵਾਲੇ ਅਲਾਟੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਹਰ ਵਰਗ, ਹਰ ਖੇਤਰ ਅਤੇ ਹਰ ਧਰਮ ਦੇ ਲੋਕਾਂ ਦੀ ਭਲਾਈ ਲਈ ਕੰਮ ਕੀਤੇ ਜਾ ਰਹੇ ਹਨ। ਲੋਕ ਭਲਾਈ ਸਕੀਮਾਂ ਨੂੰ ਲਾਗੂ ਕਰਨ ਵਿੱਚ ਕਿਸੇ ਵੀ ਤਰ੍ਹਾਂ ਦਾ ਪੱਖਪਾਤ ਨਹੀਂ ਕੀਤਾ ਜਾ ਰਿਹਾ।
ਉਨ੍ਹਾਂ ਦੱਸਿਆ ਕਿ ਸਬਸਿਡਾਈਜ਼ਡ ਇੰਡਸਟਰੀਅਲ ਹਾਊਸਿੰਗ ਸਕੀਮ ਤਹਿਤ ਪੂਰੇ ਪੰਜਾਬ ਵਿੱਚ ਕੁੱਲ 1,950 ਮਕਾਨ ਹਨ, ਜਿਨ੍ਹਾਂ ਵਿੱਚੋਂ 114 ਫੇਜ਼-6 ਅਤੇ 132 ਫੇਜ਼-9, ਮੋਹਾਲੀ ਵਿਖੇ ਸਥਿਤ ਹਨ।
ਇਸ ਮੌਕੇ ਸੀਨੀਅਰ ਡਿਪਟੀ ਮੇਅਰ ਆਰ.ਪੀ. ਸ਼ਰਮਾ, ਡਿਪਟੀ ਮੇਅਰ ਹਰਪਾਲ ਸਿੰਘ ਚੰਨਾ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੁਲਦੀਪ ਸਿੰਘ ਸਮਾਣਾ ਵੀ ਹਾਜ਼ਰ ਸਨ।
ਪ੍ਰਾਪਰਟੀ ਕਾਰਡ ਪ੍ਰਾਪਤ ਕਰਨ ਵਾਲਿਆਂ ਵਿੱਚ ਹਰਬੰਸ ਸਿੰਘ ਪੁੱਤਰ ਗੁਰਬਚਨ ਸਿੰਘ, ਰਣਜੀਤ ਸਿੰਘ ਪੁੱਤਰ ਮਲੱਖਾ ਸਿੰਘ, ਗੁਰਮੀਤ ਸਿੰਘ, ਤ੍ਰਿਪਤਾ ਦੇਵੀ ਪਤਨੀ ਰਵਿੰਦਰ ਕੁਮਾਰ, ਮਹਾਂਵੀਰ ਠਾਕੁਰ ਪੁੱਤਰ ਮਦਨ ਠਾਕੁਰ, ਦਿਨੇਸ਼ ਚੰਦਰ ਪੁੱਤਰ ਬਲਵੰਤ ਸਿੰਘ, ਸੋਹਣ ਲਾਲ ਪੁੱਤਰ ਖਜ਼ਾਨਾ ਰਾਮ ਅਤੇ ਕਿਸ਼ਨ ਪੁੱਤਰ ਅਤਰ ਸਿੰਘ ਸਮੇਤ ਹੋਰ ਅਲਾਟੀ ਸ਼ਾਮਲ ਸਨ।
- Download Babushahi App
-
-