ਵ੍ਰਿੰਦਾਵਨ ਕਿਸ਼ਤੀ ਹਾਦਸਾ: ਜਗਰਾਉਂ ਪੁੱਜੀਆਂ ਸ਼ਰਧਾਲੂਆਂ ਦੀਆਂ ਮ੍ਰਿਤਕ ਦੇਹਾਂ, ਸ਼ਹਿਰ 'ਚ ਸੋਗ ਦੀ ਲਹਿਰ; ਅੱਜ ਮੁਕੰਮਲ ਬੰਦ
ਦੀਪਕ ਜੈਨ, ਜਗਰਾਉਂ-
ਸ਼ੁੱਕਰਵਾਰ ਦੁਪਹਿਰ ਵ੍ਰਿੰਦਾਵਨ ਦੀ ਪਵਿੱਤਰ ਯਮੁਨਾ ਨਦੀ ਵਿੱਚ ਵਾਪਰੇ ਦਰਦਨਾਕ ਕਿਸ਼ਤੀ ਹਾਦਸੇ ਨੇ ਪੂਰੇ ਜਗਰਾਉਂ ਸ਼ਹਿਰ ਨੂੰ ਗਹਿਰੇ ਸੋਗ ਵਿੱਚ ਡੁਬੋ ਦਿੱਤਾ ਹੈ। ਇਸ ਹਾਦਸੇ ਵਿੱਚ ਜਾਨ ਗਵਾਉਣ ਵਾਲੇ 10 ਸ਼ਰਧਾਲੂਆਂ ਵਿੱਚੋਂ ਜਗਰਾਉਂ ਵਾਸੀ Kavita behal, Madhur behal, Charnjit , Pinky , Ishan kataria ਦੀਆਂ ਮ੍ਰਿਤਕਾਂ ਦੇਹਾਂ ਸ਼ਨੀਵਾਰ ਸਵੇਰੇ ਕਰੀਬ 10:30 ਵਜੇ ਐਂਬੂਲੈਂਸਾਂ ਰਾਹੀਂ ਉਨ੍ਹਾਂ ਦੇ ਘਰਾਂ ਵਿੱਚ ਪਹੁੰਚੀਆਂ।
ਧਾਹਾਂ ਅਤੇ ਹੰਝੂਆਂ ਨਾਲ ਨਮ ਹੋਇਆ ਮਾਹੌਲ
ਜਿਵੇਂ ਹੀ ਮ੍ਰਿਤਕਾਂ ਦੀਆਂ ਦੇਹਾਂ ਉਨ੍ਹਾਂ ਦੇ ਵਿਹੜੇ ਪੁੱਜੀਆਂ, ਤਾਂ ਪਰਿਵਾਰਕ ਮੈਂਬਰਾਂ ਦੀਆਂ ਚੀਕਾਂ ਨੇ ਹਰ ਕਿਸੇ ਦਾ ਕਾਲਜਾ ਵਲੂੰਧਰ ਦਿੱਤਾ। ਦੁੱਖ ਸਾਂਝਾ ਕਰਨ ਪੁੱਜੇ ਮੁਹੱਲਾ ਨਿਵਾਸੀਆਂ ਅਤੇ ਸ਼ਹਿਰ ਵਾਸੀਆਂ ਦੀਆਂ ਅੱਖਾਂ ਵੀ ਨਮ ਹੋ ਗਈਆਂ। ਪੂਰੇ ਇਲਾਕੇ ਵਿੱਚ ਗਮਗੀਨ ਅਤੇ ਭਾਰੀ ਚੁੱਪ ਪਸਰੀ ਹੋਈ ਹੈ।
ਜਗਰਾਉਂ ਸ਼ਹਿਰ ਮੁਕੰਮਲ ਤੌਰ 'ਤੇ ਬੰਦ
ਦੱਸਣਯੋਗ ਹੈ ਕਿ ਬੀਤੇ ਦਿਨ ਜਿਵੇਂ ਹੀ ਇਹ ਮਨਹੂਸ ਖ਼ਬਰ ਸਾਹਮਣੇ ਆਈ ਕਿ ਵ੍ਰਿੰਦਾਵਨ ਗਏ ਜਗਰਾਉਂ ਦੇ ਕੁਝ ਸ਼ਰਧਾਲੂ ਇਸ ਹਾਦਸੇ ਦਾ ਸ਼ਿਕਾਰ ਹੋ ਗਏ ਹਨ, ਤਾਂ ਪੂਰੇ ਸ਼ਹਿਰ ਵਿੱਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਸ਼ਹਿਰ ਦੀਆਂ ਸਾਰੀਆਂ ਵਪਾਰਕ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਸ਼ਨੀਵਾਰ ਨੂੰ 'ਜਗਰਾਉਂ ਬੰਦ' ਦਾ ਸੱਦਾ ਦਿੱਤਾ ਗਿਆ ਸੀ। ਇਸੇ ਤਹਿਤ ਅੱਜ ਜਗਰਾਉਂ ਸ਼ਹਿਰ ਪੂਰੀ ਤਰ੍ਹਾਂ ਬੰਦ ਦਿਖਾਈ ਦੇ ਰਿਹਾ ਹੈ ਅਤੇ ਬਾਜ਼ਾਰਾਂ ਵਿੱਚ ਸੰਨਾਟਾ ਛਾਇਆ ਹੋਇਆ ਹੈ।
ਅੰਤਿਮ ਸੰਸਕਾਰ 'ਚ ਸ਼ਾਮਲ ਹੋਣਗੇ CM ਭਗਵੰਤ ਮਾਨ
ਇਸ ਦੁੱਖ ਦੀ ਘੜੀ ਵਿੱਚ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਗਰਾਉਂ ਪਹੁੰਚ ਰਹੇ ਹਨ। ਉਹ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨਗੇ ਅਤੇ ਮ੍ਰਿਤਕਾਂ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨਗੇ।
Click to Follow Babushahi Facebook page →