ਡਰੈਗਨ ਬੋਟ ਚੈਪੀਅਨਸ਼ਿਪ ਵਿੱਚ ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ
*ਸੋਨੇ,ਚਾਂਦੀ ਤੇ ਕਾਂਸੇ ਦੇ ਤਮਗੇ ਜਿੱਤ ਕੇ ਸੂਬੇ ਦਾ ਨਾਮ ਕੀਤਾ ਰੌਸ਼ਨ ਕੀਤਾ*
*ਸੰਤ ਸੀਚੇਵਾਲ ਵੱਲੋਂ ਜੇਤੂ ਖਿਡਾਰੀਆਂ ਦਾ ਸਨਮਾਨ
*ਟਰਾਇਲ ਕਰਵਾ ਕੇ ਪੰਜਾਬ ਦੀ ਟੀਮ ਭੇਜੀ ਜਾਂਦੀ ਤਾਂ ਨਤੀਜੇ ਹੋਰ ਵੀ ਬੇਹਤਰ ਹੁੰਦੇ : ਕੋਚ*
ਬਲਵਿੰਦਰ ਸਿੰਘ ਧਾਲੀਵਾਲ
*ਸੁਲਤਾਨਪੁਰ ਲੋਧੀ | 11 ਜਨਵਰੀ 2026
ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿਖੇ ਆਯੋਜਿਤ 14ਵੀਂ ਕੌਮੀ ਡਰੈਗਨ ਬੋਟ ਚੈਪੀਅਨਸ਼ਿਪ ਵਿੱਚ ਪੰਜਾਬ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ, ਚਾਂਦੀ ਅਤੇ ਕਾਂਸੇ ਦੇ ਤਮਗੇ ਜਿੱਤ ਕੇ ਸੂਬੇ ਦਾ ਨਾਮ ਰੌਸ਼ਨ ਕੀਤਾ। ਇਹ ਕੌਮੀ ਚੈਪੀਅਨਸ਼ਿਪ 6 ਜਨਵਰੀ ਤੋਂ 9 ਜਨਵਰੀ ਤੱਕ ਆਯੋਜਿਤ ਕੀਤੀ ਗਈ ਸੀ। ਇਸ ਵਿੱਚ ਜੂਨੀਅਰ ਅਤੇ ਸੀਨੀਅਰ ਵਰਗ ਦੇ ਲੜਕਿਆਂ ਅਤੇ ਲੜਕੀਆਂ ਦੇ ਮੁਕਾਬਲੇ ਕਰਵਾਏ ਗਏ।
ਮੁਕਾਬਲਿਆਂ ਤੋਂ ਵਾਪਸ ਆਏ ਜੇਤੂ ਖਿਡਾਰੀਆਂ ਨੂੰ ਪਵਿੱਤਰ ਵੇਈਂ ਦੇ ਕੰਢੇ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਵੱਲੋਂ ਸਨਮਾਨਿਤ ਕੀਤਾ ਗਿਆ। ਉਹਨਾਂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਕੜਾਕੇ ਦੀ ਠੰਢ ਵਿੱਚ ਲਗਾਤਾਰ ਮਿਹਨਤ ਅਤੇ ਕੀਤੀ ਤਿਆਰੀ ਦਾ ਨਤੀਜਾ ਅੱਜ ਤਮਗਿਆਂ ਦੇ ਰੂਪ ਵਿੱਚ ਸਾਹਮਣੇ ਆਇਆ ਹੈ। ਉਨ੍ਹਾਂ ਖਿਡਾਰੀਆਂ ਦੇ ਹੌਸਲੇ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੂੰ ਭਵਿੱਖ ਵਿੱਚ ਹੋਰ ਵੱਡੀਆਂ ਉਪਲਬਧੀਆਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ।
ਜ਼ਿਕਰਯੋਗ ਹੈ ਕਿ ਕੁਝ ਪ੍ਰਸ਼ਾਸਕੀ ਕਾਰਨਾਂ ਕਰਕੇ ਪਹਿਲਾਂ ਪੰਜਾਬ ਦੀ ਟੀਮ ਦੀ ਚੋਣ ਨਹੀਂ ਕੀਤੀ ਗਈ ਸੀ। ਇਸ ਗੰਭੀਰ ਮਾਮਲੇ ਨੂੰ ਸੰਤ ਸੀਚੇਵਾਲ ਨੇ ਤੁਰੰਤ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਧਿਆਨ ਵਿੱਚ ਲਿਆਉਂਦੇ ਹੋਏ ਪੱਤਰ ਲਿਖਿਆ, ਜਿਸ ਤੋਂ ਬਾਅਦ ਪੰਜਾਬ ਦੀ ਟੀਮ ਨੂੰ ਮੁਕਾਬਲਿਆਂ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਿਆ। ਇਸ ਲਈ ਸੰਤ ਸੀਚੇਵਾਲ ਵੱਲੋਂ ਮੁੱਖ ਮੰਤਰੀ ਦਾ ਧੰਨਵਾਦ ਵੀ ਕੀਤਾ ਗਿਆ।
ਟੀਮ ਨਾਲ ਗਏ ਕੋਚ ਅਮਨਦੀਪ ਸਿੰਘ ਖੈਹਿਰਾ ਨੇ ਕਿਹਾ ਕਿ ਜੇਕਰ ਸਮੇਂ ਸਿਰ ਟਰਾਇਲ ਕਰਵਾ ਕੇ ਪੰਜਾਬ ਦੀ ਟੀਮ ਨੂੰ ਪੂਰੀ ਤਿਆਰੀ ਨਾਲ ਭੇਜਿਆ ਜਾਂਦਾ ਤਾਂ ਨਤੀਜੇ ਹੋਰ ਵੀ ਬਿਹਤਰ ਹੋ ਸਕਦੇ ਸਨ। ਉਨ੍ਹਾਂ ਦੱਸਿਆ ਕਿ ਡਰੈਗਨ ਬੋਟ ਮੁਕਾਬਲਿਆਂ ਵਿੱਚ ਟੀਮ ਵਰਕ ਸਭ ਤੋਂ ਅਹਿਮ ਹੁੰਦਾ ਹੈ। ਜੂਨੀਅਰ ਵਰਗ ਵਿੱਚ 10 ਖਿਡਾਰੀ ਅਤੇ ਸੀਨੀਅਰ ਵਰਗ ਵਿੱਚ 20 ਖਿਡਾਰੀ ਇਕੱਠੇ ਤਾਲਮੇਲ ਨਾਲ ਕਿਸ਼ਤੀ ਨੂੰ ਦੌੜ ਵਿੱਚ ਅੱਗੇ ਵਧਾਉਂਦੇ ਹਨ।
ਕੋਚ ਖੈਹਿਰਾ ਨੇ ਕਿਹਾ ਕਿ ਟਰਾਇਲ ਨਾ ਹੋਣ ਕਾਰਨ ਖਿਡਾਰੀ ਕੁਝ ਹੱਦ ਤੱਕ ਮਾਨਸਿਕ ਦਬਾਅ ਹੇਠ ਰਹੇ, ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਦੱਸਿਆ ਕਿ ਇਸ ਕੌਮੀ ਚੈਪੀਅਨਸ਼ਿਪ ਵਿੱਚ ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਦੇ ਕੁੱਲ 36 ਖਿਡਾਰੀਆਂ ਨੇ ਹਿੱਸਾ ਲਿਆ, ਜਿਨ੍ਹਾਂ ਨੇ ਚਾਂਦੀ ਅਤੇ ਕਾਂਸੇ ਦੇ 28 ਤਮਗੇ ਜਿੱਤ ਕੇ ਸੈਂਟਰ ਅਤੇ ਪੰਜਾਬ ਦਾ ਮਾਣ ਵਧਾਇਆ।