ਸ੍ਰੀ ਹਜ਼ੂਰ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸ਼ਤਾਬਦੀ ਸਮਾਗਮ 24- 25 ਨੂੰ
ਸਮਾਗਮ ‘ਚ ਸ਼ਮੂਲੀਅਤ ਲਈ ਗ੍ਰਹਿ ਮੰਤਰੀ ਸ਼ਾਹ, ਮੁੱਖ ਮੰਤਰੀ ਮਾਨ,ਯੋਗੀ ਤੇ ਸੈਣੀ ਨੂੰ ਭੇਜਿਆ ਜਾਵੇਗਾ ਸੱਦਾ- ਗਿ.ਹਰਨਾਮ ਸਿੰਘ ਖਾਲਸਾ
ਬਿਆਸ 11 ਜਨਵਰੀ(ਬਲਰਾਜ ਸਿੰਘ ਰਾਜਾ)- ‘ਹਿੰਦ ਦੀ ਚਾਦਰ’ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਤੇ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਗੁਰਤਾਗੱਦੀ ਸ਼ਤਾਬਦੀ ਨੂੰ ਸਮਰਪਿਤ ਧਾਰਮਿਕ ਸਮਾਗਮ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਮਹਾਂਰਾਸ਼ਟਰ ਸਰਕਾਰ ਵੱਲੋਂ ਤਖਤ ਸ਼੍ਰੀ ਹਜ਼ੂਰ ਸਾਹਿਬ ਨੰਦੇੜ ਵਿਖੇ ਵਿਸ਼ਾਲ ਪੱਧਰ ‘ਤੇ ਮਨਾਏ ਜਾ ਰਹੇ ਹਨ।ਇੰਨ੍ਹਾਂ ਹੀ ਸ਼ਤਾਬਦੀ ਸਮਾਗਮਾਂ ਦੀਆਂ ਤਿਆਰੀਆਂ ਨੂੰ ਲੈ ਕੇ ਦਮਦਮੀ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਪ੍ਰਧਾਨ ਸੰਤ ਸਮਾਜ ਤੇ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਸੰਤ ਗਿਆਨੀ ਕੁਲਵੰਤ ਸਿੰਘ ਦੀ ਅਗਵਾਈ ਹੇਠ ਵਿਸ਼ੇਸ਼ ਮੀਟਿੰਗ ਰੱਖੀ ਗਈ,ਜਿਸ ਵਿੱਚ ਸਮਾਗਮਾਂ ਦੇ ਪ੍ਰਬੰਧਾਂ ਦੀ ਰੂਪ ਰੇਖਾ ਉਲੀਂਕਣ ਸਬੰਧੀ ਜ਼ਰੂਰੀ ਵਿਚਾਰ ਵਿਟਾਂਦਰਾਂ ਕੀਤਾ ਗਿਆ।
ਤਖਤ ਸ਼੍ਰੀ ਹਜੂਰ ਸਾਹਿਬ ਨੰਦੇੜ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਭਵਨ ‘ਚ ਹੋਈ ਇਸ ਮੀਟਿੰਗ ਦੌਰਾਨ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦਾ ਧੰਨਵਾਦ ਕਰਦੇ ਹੋਏ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਮਹਾਂਰਾਸ਼ਟਰ ਸਰਕਾਰ ਸਿੱਖ ਸਮਾਜ ਨਾਲ ਕੀਤੇ ਆਪਣੇ ਵਾਅਦੇ ਨੂੰ ਪੂਰਾ ਕਰਦੇ ਹੋਏ ਦੋਨਾਂ ਸ਼ਤਾਬਦੀ ਸਮਾਗਮਾਂ ਨੂੰ ਪੂਰੀ ਸ਼ਰਧਾ,ਲਗਨ ਤੇ ਉਤਸ਼ਾਹ ਨਾਲ ਮਨਾ ਰਹੀ ਹੈ ਤੇ ਮਹਾਂਰਾਸ਼ਟਰ ਦੇ ਵੱਖ ਵੱਖ ਸ਼ਹਿਰਾਂ ‘ਚ ਰਾਜ ਪੱਧਰੀ ਧਾਰਮਿਕ ਸਮਾਗਮ ਆਯੋਜਿਤ ਕੀਤੇ ਜਾ ਰਹੇ ਹੈ।ਜਿਸ ਦੇ ਚੱਲਦਿਆਂ ਪਹਿਲਾਂ ਸ਼ਤਾਬਦੀ ਸਮਾਗਮ ਨਾਗਪੁਰ ਵਿਖੇ ਹੋਏ ਸਨ ਤੇ ਹੁਣ ਅਗਲੇ ਸਮਾਗਮ 24 ਤੇ 25 ਜਨਵਰੀ ਨੂੰ ਤਖਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਕੀਤੇ ਜਾ ਰਹੇ ਹਨ।
ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਇੰਨ੍ਹਾਂ ਧਾਰਮਿਕ ਸਮਾਗਮਾਂ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਮਹਾਂਰਾਸ਼ਟਰ ਸਰਕਾਰ ਦੇ ਉਪਰਾਲੇ ਸਦਕਾ ਦਮਦਮੀ ਟਕਸਾਲ ਤੇ ਜਥੇਦਾਰ ਗਿਆਨੀ ਕੁਲਵੰਤ ਸਿੰਘ ਦੀ ਅਗਵਾਈ ਹੇਠ ਹੋਣ ਜਾ ਰਹੇ ਇਹ ਦੋ ਦਿਨਾਂ ਸ਼ਤਾਬਦੀ ਸਮਾਗਮਾਂ 24 ਜਨਵਰੀ ਦਿਨ ਸ਼ਨੀਵਾਰ ਨੂੰ ਆਰੰਭ ਹੋ ਕੇ 25 ਜਨਵਰੀ ਦਿਨ ਐਤਵਾਰ ਨੂੰ ਸੰਪੂਰਨ ਹੋਣਗੇ,ਜਿਸ ਦੌਰਾਨ ਕੀਰਤਨ ਤੇ ਕਥਾ ਦਰਬਾਰ ਹੋਣਗੇ ਤੇ ਪੰਥ ਦੀਆਂ ਸਿਰਮੌਰ ਧਾਰਮਿਕ ਸ਼ਖਸ਼ੀਅਤਾਂ,ਸੰਤ ਮਹਾਂਪੁਰਸ਼,ਵਿਦਵਾਨਾਂ,ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ,ਮਹਾਂਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ,ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ,ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਦੇਸ਼ ਵਿਦੇਸ਼ ਤੋਂ ਹੋਰ ਵੀ ਬਹੁਤ ਸਾਰੀਆਂ ਅਹਿਮ ਰਾਜਨੀਤਿਕ ਤੇ ਸਮਾਜਿਕ ਸ਼ਖਸ਼ੀਅਤਾਂ ਹਾਜ਼ਰੀ ਭਰਨਗੀਆਂ।ਇਸਦੇ ਨਾਲ ਹੀ ਉਨ੍ਹਾਂ ਨੇ ਮਹਾਂਰਾਸ਼ਟਰ ਸਰਕਾਰ ਵੱਲੋਂ ਇੰਨ੍ਹਾਂ ਸ਼ਤਾਬਦੀ ਸਮਾਗਮਾਂ ਦੌਰਾਨ ਸੰਗਤਾਂ ਦੀ ਆਵਾਜਾਈ ਲਈ ਸ੍ਰੀ ਅੰਮ੍ਰਿਤਸਰ ਸਾਹਿਬ,ਚੰਡੀਗੜ੍ਹ,ਹਰਿਆਣਾ,ਹੈਦਰਾਬਾਦ ਤੇ ਮੁੰਬਈ ਤੋਂ ਚਲਾਈਆਂ ਜਾ ਰਹੀਆਂ 6 ਮੁਫਤ ਟ੍ਰੇਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਸਿੱਖਾਂ ਦੇ ਗੁਰਪੁਰਬਾਂ ਪ੍ਰਤੀ ਦਿਖਾਈ ਜਾ ਰਹੀ ਅਥਾਹ ਸ਼ਰਧਾਂ ਤੇ ਪਿਆਰ ਨੇ ਹਰ ਸਿੱਖ ਦਾ ਦਿਲ ਜਿੱਤਿਆ ਹੈ।ਇਸਤੋਂ ਪਹਿਲਾਂ ਵੀ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਸਿੱਖ ਆਨੰਦ ਕਾਰਜ ਐਕਟ ਲਾਗੂ ਕਰਕੇ ਤੇ ਸਿੱਖ ਇਤਿਹਾਸ ਨੂੰ ਸੂਬੇ ਦੇ ਪਾਠਕ੍ਰਮ ‘ਚ ਸ਼ਾਮਿਲ ਹੋਣ ਦਾ ਪ੍ਰਸਤਾਵ ਪਾਸ ਕਰਕੇ ਸਿੱਖ ਕੌਮ ਨੂੰ ਵੱਡਾ ਤੋਹਫਾ ਦਿੱਤਾ ਹੈ।ਉਨ੍ਹਾਂ ਕਿਹਾ ਕਿ ਇੰਨ੍ਹਾਂ ਸਮਾਗਮਾਂ ‘ਚ ਸੂਬੇ ‘ਚ ਵੱਸਦੇ ਲੁਬਾਣਾ,ਸਿੰਧੀ ,ਵਣਜਾਰਾ,ਸਿੱਕਲੀਗਰ, ਮੋਹਇਲ ਤੇ ਬਾਲਮੀਕੀ ਸਮਾਜ,ਭਗਤ ਨਾਮਦੇਵ ਜੀ ਸੰਪ੍ਰਦਾਇ ,ਉਦਾਸੀ ਸੰਤ ਸਮਾਜ ਤੇ ਹਜ਼ੂਰੀ ਖਾਲਸਾ ਦਾ ਵਿਸ਼ੇਸ਼ ਤੇ ਮਹੱਤਵਪੂਰਨ ਸਹਿਯੋਗ ਰਹੇਗਾ।
ਇਸ ਮੀਟਿੰਗ ਦੌਰਾਨ ਕੈਬਨਿਟ ਮੰਤਰੀ ਸ੍ਰੀ ਰਾਮੇਸ਼ਵਰ ਨਾਇਕ,ਸੰਤ ਬਾਬਾ ਰਾਮ ਸਿੰਘ ,ਸਿੰਘ ਸਾਹਿਬ ਭਾਈ ਕਸ਼ਮੀਰ ਸਿੰਘ ਹੈੱਡ ਗ੍ਰੰਥੀ ਤਖਤ ਸ੍ਰੀ ਹਜ਼ੂਰ ਸਾਹਿਬ,ਸਿੰਘ ਸਾਹਿਬ ਗਿਆਨੀ ਗੁਰਮੀਤ ਸਿੰਘ,ਜਥੈਦਾਰ ਬਾਬਾ ਜੋਤਇੰਦਰ ਸਿੰਘ , ਵਿਜੇ ਸਤਬੀਰ ਸਿੰਘ ਚੇਅਰਮੈਨ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੰਦੇੜ,ਸੰਤ ਰਾਮ ਸਿੰਘ , ਸੰਤ ਬਾਬਾ ਬਲਵਿੰਦਰ ਸਿੰਘ ਗੁਰਦਆਰਾ ਲੰਗਰ ਸਾਹਿਬ, ਗਿਆਨੀ ਸੁਖਵਿੰਦਰ ਸਿੰਘ ਗ੍ਰੰਥੀ ਤਖ਼ਤ ਸ੍ਰੀ ਹਜ਼ੂਰ ਸਾਹਿਬ, ਮਲਕੀਤ ਸਿੰਘ ਬੱਲ, ਭਾਈ ਸੁਰਜੀਤ ਸਿੰਘ ਗਿੱਲ, ਭਾਈ ਜਸਪਾਲ ਸਿੰਘ ਸਿੱਧੂ ਮੁੰਬਈ, ਚਰਨਜੀਤ ਸਿੰਘ ਹੈਪੀ ,ਗੁਰਮੀਤ ਸਿੰਘ ਖੋਖਰ, ਨਰਿੰਦਰ ਸਿੰਘ ਨਾਗਪੁਰ,ਪ੍ਰਿੰ. ਹਰਸ਼ਦੀਪ ਸਿੰਘ ਰੰਧਾਵਾ ਤੇ ਡਾ. ਅਵਤਾਰ ਸਿੰਘ ਬੁੱਟਰ ਆਦਿ ਮੌਜੂਦ ਸਨ ।