ਅਲਵਿਦਾ! ਪੰਜਾਬੀ ਦੇ ਮੁੱਦਈ ਬਹੁ-ਪੱਖੀ ਸ਼ਖ਼ਸੀਅਤ : ਜੈਤੇਗ ਸਿੰਘ ਅਨੰਤ
ਉਜਾਗਰ ਸਿੰਘ
Êਪੰਜਾਬ ਅਤੇ ਪੰਜਾਬੀ ਦੇ ਮੁੱਦਈ ਪ੍ਰਸਿੱਧ ਸਿੱਖ ਵਿਦਵਾਨ ਭਾਈ ਜੈਤੇਗ ਸਿੰਘ ਅਨੰਤ ਲੰਬੀ ਬਿਮਾਰੀ ਤੋਂ ਬਾਅਦ ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਰਾਜ ਦੇ ਸਰੀ ਸ਼ਹਿਰ ਵਿੱਚ 79 ਸਾਲ ਦੀ ਉਮਰ ਵਿੱਚ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਨਾਮਵਰ ਲੇਖਕ ਜੈਤੇਗ ਸਿੰਘ ਅਨੰਤ ਪਿਛਲੇ 28 ਸਾਲਾਂ ਤੋਂ ਕੈਨੇਡਾ ਦੇ ਸਰੀ ਸ਼ਹਿਰ ਵਿਚ ਰਹਿ ਰਹੇ ਸਨ। ਪੰਜਾਬੀ ਸਾਹਿਤ ਦੇ ਅਦਬ ਦੇ ਹਵਾਲੇ ਨਾਲ ਉਨ੍ਹਾਂ ਦਾ ਇਕ ਵਿਸ਼ੇਸ਼ ਮੁਕਾਮ ਸੀ। ਉਨ੍ਹਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਵਿਚ ਲਗਪਗ ਦੋ ਦਰਜਨ ਪੁਸਤਕਾਂ ਪਾਈਆਂ ਹਨ, ਜਿਨ੍ਹਾਂ ਵਿਚੋਂ 3 ਪੁਸਤਕਾਂ ਗ਼ਦਰ ਦੀ ਗੂੰਜ, ਸਿਮਰਤੀ ਗ੍ਰੰਥ ਭਾਈ ਰਣਧੀਰ ਸਿੰਘ ਅਤੇ ਪੰਥ ਦੀ ਸੋਨ ਚਿੜ੍ਹੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੇ ਜੀਵਨ ਤੇ ਸ਼ਖ਼ਸੀਅਤ ਨੂੰ ਸਮਰਪਤ ਹਨ। ਉਸਦੀ ਸੰਪਾਦਤ ਕੀਤੀ ਪੁਸਤਕ ਪ੍ਰਸਿਧ ਸੁਤੰਤਰਤਾ ਸੰਗਰਾਮੀ, ਦੇਸ਼ ਭਗਤ ਅਤੇ ਸਿੱਖੀ ਅਤੇ ਪੰਜਾਬੀਅਤ ਨੂੰ ਵਰਸੋਈ ਸ਼ਖਸ਼ੀਅਤ ਜਿਸਦੀ ਦੇਣ ਨੂੰ ਬਹੁ ਪਾਸਾਰੀ ਕਿਹਾ ਜਾ ਸਕਦਾ ਹੈ, ਮੇਰੀ ਮੁਰਾਦ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੇ ‘ ਭਾਈ ਰਣਧੀਰ ਸਿੰਘ ਸਿਮਰਤੀ ਗ੍ਰੰਥ’ ਤੋਂ ਹੈ, ਜਿਹੜਾ, ਨਸ਼ਿਆਂ ਵਿੱਚ ਗਲਤਾਨ ਪੰਜਾਬੀ ਨੌਜਵਾਨਾ ਲਈ ਗਾਡੀ ਰਾਹ ਸਾਬਤ ਹੋਵੇਗੀ। ਗ਼ਦਰ ਦੀ ਗੂੰਜ ਚਾਰ ਪੁਸਤਕਾਂ ਮਹਾਨ ਚਿੰਤਕ ਸਿਰਦਾਰ ਕਪੂਰ ਸਿੰਘ ਦੀਆਂ ‘ਸਿਰਦਾਰ’, ‘ਇੱਕ ਸਿੱਖ ਦਾ ਬੁਧ ਨੂੰ ਪ੍ਰਣਾਮ’ ਅਤੇ ਚੋਣਵੇਂ ਲੇਖਾਂ ਦੀਆਂ ਦੋ ਪੁਸਤਕਾਂ ‘ਪੰਚ ਨਦ’ ਤੇ ‘ਬੁਲੰਦ ਆਵਾਜ਼’ ਸੰਪਾਦਤ ਕਰਕੇ ਵਿਲੱਖਣ ਕਾਰਜ਼ ਕੀਤਾ ਹੈ। ਛੇ ਪੁਸਤਕਾਂ ‘ਰਾਗ ਮਾਲਾ’, ‘ਰਾਗ ਮਾਲਾ ਦਰਪਨ’, ‘ਜਨ ਪਰਉਪਕਾਰੀ ਆਏ’, ‘ਕੂੜ ਨ ਪਹੁੰਚੇ ਸੱਚ ਨੂੰ’, ‘ਝਟਕਾ ਮਾਸ ਪ੍ਰਥਾਇ ਤਤ ਗੁਰਮਤਿ ਨਿਰਣਯ’, ‘ਸਭਿ ਅਵਗੁਣ ਮੈਂ’ ਵੀ ਪ੍ਰਕਾਸ਼ਤ ਕੀਤੀਆਂ ਹਨ। ਇੱਕ ਪੁਸਤਕ ‘ਛੁਪੇ ਰਹਿਣ ਦੀ ਚਾਹ’ ਪ੍ਰਕਾਸ਼ਨਾ ਅਧੀਨ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਜੀਵਨੀ ਦਾ ਖਰੜਾ ਵੀ ਤਿਆਰ ਪਿਆ ਹੈ। ਉਨ੍ਹਾਂ ਨੇ ਇੱਕ ਫੱਕਰ ਅਤੇ ਅਣਥੱਕ ਯੋਗੀ ਦੀ ਤਰ੍ਹਾਂ ਪੰਜਾਬ ਦੀ ਮਿੱਟੀ ਵਿਚ ਗੁਆਚੇ ਮੋਤੀਆਂ ਨੂੰ ਲੱਭਕੇ ਉਹਨਾਂ ਨੂੰ ਮਾਂਜ ਸਵਾਰਕੇ ਤੇ ਲਿਸ਼ਕਾਕੇ ਲੋਕਾਂ ਸਾਹਮਣੇ ਪ੍ਰੱਸਤੱਤ ਕੀਤਾ ਸੀ। ਦੋ ਪੁਸਤਕਾਂ ਲਹਿੰਦੇ ਪੰਜਾਬ ਦੇ ਪ੍ਰਸਿੱਧ ਅਦੀਬ ਉਸਤਾਦ ਦਾਮਨ ਦੇ ਜੀਵਨ ਨਾਲ ਜੁੜੀਆਂ ਹੋਈਆਂ ਹਨ। ਪਾਕਿਸਤਾਨ ਸਰਕਾਰ ਵਲੋਂ ਅਣਗੌਲੇ ਪੰਜਾਬੀ ਦੇ ਸਿਰਮੌਰ ਸਟੇਜੀ ਸ਼ਾਇਰ ਚਿਰਾਗ ਦੀਨ ਦਾਮਨ, ਜਿਹੜਾ ਉਸਤਾਦ ਦਾਮਨ ਦੇ ਨਾਂ ਤੇ ਜਾਣਿਆਂ ਜਾਂਦਾ ਹੈ, ਦੇ ਪੰਜਾਬੀ ਦੇ ਯੋਗਦਾਨ ਬਾਰੇ ‘ਬੇਨਿਆਜ ਹਸਤੀ ਉਸਤਾਦ ਦਾਮਨ’ (ਗੁਰਮੁੱਖੀ) ਅਤੇ ‘ਬੇਨਿਆਜ ਹਸਤੀ ਉਸਤਾਦ ਦਾਮਨ’ (ਸ਼ਾਹਮੁੱਖੀ) ਵਿੱਚ ਸੰਪਾਦਤ ਕਰਕੇ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਈਆਂ ਸਨ। ਇਹ ਪੁਸਤਕਾਂ ਇੱਕ ਮੀਲ ਪੱਥਰ ਸਾਬਤ ਹੋਈਆਂ ਹਨ ਕਿਉਂਕਿ ਪਾਕਿਸਤਾਨ ਸਰਕਾਰ ਉਸਤਾਦ ਦਾਮਨ ਨੂੰ ਪੰਜਾਬੀ ਵਿੱਚ ਲਿਖਣ ਤੋਂਂ ਵਰਜਦੀ ਰਹੀ ਤੇ ਹਮੇਸ਼ਾ ਉਸਨੂੰ ਉਰਦੂ ਦਾ ਸ਼ਾਇਰ ਹੀ ਕਹਿੰਦੀ ਰਹੀ ਹੈ। ਅਸਲ ਵਿੱਚ ਜੈਤੇਗ ਸਿੰਘ ਅਨੰਤ ਚੜ੍ਹਦੇ ਤੇ ਲਹਿੰਦੇ ਪੰਜਾਬ ਅਤੇ ਦੁਨੀਆਂ ਵਿੱਚ ਵਸਦੇ ਪੰਜਾਬੀਆਂ ਦਰਮਿਆਨ ਸਾਹਿਤਕ ਕੜੀ ਦਾ ਕੰਮ ਕਰ ਰਿਹਾ ਸੀ। ਉਸਨੇ ਤਿੰਨ ਪੁਸਤਕਾਂ ‘ਮਹਿਕ ਸਮੁੰਦਰੋਂ ਪਾਰ’, ‘ਕਲਾ ਦੇ ਵਣਜਾਰੇ’ ਅਤੇ ‘ਗਾਇਕੀ ਦਾ ਬੇਸ਼ਕੀਮਤੀ ਹੀਰਾ’ ਪ੍ਰਕਾਸ਼ਤ ਕਰਵਾਕੇ ਪੰਜਾਬੀ ਸਭਿਆਚਾਰ ਅਤੇ ਸਭਿਅਤਾ ਦੇ ਪ੍ਰਤੀਕ ਵਿਅਕਤੀਆਂ ਦੇ ਵੱਖ-ਵੱਖ ਖੇਤਰਾਂ ਵਿੱਚ ਪਾਏ ਮਹੱਤਵਪੂਰਨ ਯੋਗਦਾਨ ਨੂੰ ਲੋਕਾਂ ਸਾਹਮਣੇ ਲਿਆਂਦਾ ਸੀ। ਇਹ ਤਿੰਨੋ ਪੁਸਤਕਾਂ ਵਿਦੇਸ਼ਾਂ ਵਿੱਚ ਪ੍ਰਵਾਸ ਕਰ ਰਹੇ ਕਲਾਕਾਰਾਂ ਦੀ ਪੰਜਾਬੀ ਸਭਿਆਚਾਰ ਨੂੰ ਦਿੱਤੀ ਦੇਣ ਦਾ ਪ੍ਰਗਟਾਵਾ ਕਰ ਰਹੀਆਂ ਹਨ। ਸਿੱਖ ਇਤਿਹਾਸ ਨਾਲ ਸੰਬੰਧਤ ਉਨ੍ਹਾਂ ਦੀਆਂ ਦੋ ਪੁਸਤਕਾਂ ‘ਗ਼ਦਰੀ ਯੋਧੇ’ ਤੇ ‘ਗ਼ਦਰ ਦੀ ਕਹਾਣੀ’ ਵੀ ਪ੍ਰਕਾਸ਼ਤ ਹੋਈਆਂ ਹਨ। ਜੈਤੇਗ ਸਿੰਘ ਅਨੰਤ ਦੀ ਪੁਸਤਕ ‘ਗ਼ਦਰੀ ਯੋਧੇ’ ਨੂੰ ਸੰਪਾਦਨਾ ਵਿਚ ਭਾਸ਼ਾ ਵਿਭਾਗ ਪੰਜਾਬ ਨੇ ਸਰਵੋਤਮ ਪਹਿਲਾ ਪੁਰਸਕਾਰ ‘ਪ੍ਰਿੰਸੀਪਲ ਤੇਜਾ ਸਿੰਘ ਅਵਾਰਡ’ ਦਿੱਤਾ ਸੀ, ਜੈਤੇਗ ਸਿੰਘ ਨੇ ਆਪਣੇ ਫੋਟੋਗ੍ਰਾਫੀ ਦੇ ਸ਼ੌਕ ਦੇ ਨਾਲ ਇਤਿਹਾਸਕ ਸਥਾਨਾ ਬਾਰੇ 1968 ਵਿੱਚ ਲਿਖਣਾਂ ਵੀ ਸ਼ੁਰੂ ਕਰ ਦਿੱਤਾ ਜੋ ਕਿ ਹੌਲੀ-ਹੌਲੀ ਇੱਕ ਲੇਖਕ ਦੇ ਰੂਪ ਵਿਚ ਵਿਕਸਤ ਹੋ ਗਿਆ। ਉਸਦੇ ਸਾਹਿਤਕ ਸ਼ੌਕ ਨੇ ਉਸਨੂੰ ਸਰਕਾਰੀ ਨੌਕਰੀ ਤੋਂ ਸਮੇਂ ਤੋਂ ਪਹਿਲਾਂ ਹੀ ਸੇਵਾ ਮੁਕਤੀ ਲੈ ਕੇ ਆਪਣੇ ਮਸ ਨੂੰ ਪੂਰਾ ਕਰਨ ਲਈ ਮਜ਼ਬੂਰ ਕਰ ਦਿੱਤਾ। ਜਲਦੀ ਹੀ ਉਹ ਸਾਹਿਤਕ ਸੰਸਾਰ ਵਿੱਚ ਇੱਕ ਸੁਦ੍ਰਿੜ੍ਹ ਕਾਲਮ ਨਵੀਸ, ਸੰਪਾਦਕ, ਲੇਖਕ ਅਤੇ ਫੋਟੋ ਪੱਤਰਕਾਰ ਦੇੇ ਤੌਰ ਤੇ ਜਾਣਿਆਂ ਜਾਣ ਲੱਗ ਪਿਆ। ਫੋਟੋਗ੍ਰਾਫੀ ਦੇ ਅਥਾਹ ਸ਼ੌਕ ਨੇ ਹੀ ਉਸਨੂੰ ਇਤਿਹਾਸਕ ਮਹੱਤਤਾ ਵਾਲੇ ਦੁਰਲਭ ਸਥਾਨਾਂ ਦੀ ਫੋਟੋਗ੍ਰਾਫੀ ਕਰਨ ਕਰਕੇ ਇੱਕ ਪਰਪੱਕ ਸੰਪਾਦਕ ਬਣਾਇਆ। ਲੰਮਾ ਸਮਾਂ ਸਖਤ ਮਿਹਨਤ ਕਰਨ ਤੋਂ ਬਾਅਦ ਉਨ੍ਹਾਂ ਆਪਣਾ ਕਿਤਾਬੀ ਰੂਪ ਵਿੱਚ ਸਾਹਿਤਕ ਸਫਰ 2006 ਵਿੱਚ ਸ਼ੁਰੂ ਕੀਤਾ ਸੀ ਅਤੇ 8 ਸਾਲਾਂ ਵਿਚ ਹੀ ਉਨ੍ਹਾਂ ਨੇ ਇੱਕ ਦਰਜਨ ਤੋਂ ਵਧੇਰੇ ਪੁਸਤਕਾਂ ਵੱਖ-ਵੱਖ ਵਿਸ਼ਿਆਂ ਵਿੱਚ ਪੰਜਾਬੀ ਸਾਹਿਤਕ ਜਗਤ ਦੀ ਝੋਲੀ ਪਾਈਆਂ ਸਨ। ਉਹ ਭਾਵੇਂ ਅੱਜ ਕੱਲ੍ਹ ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਕੈਨੇਡਾ ਵਿੱਚ ਪ੍ਰਵਾਸ ਕਰ ਰਿਹਾ ਸੀ, ਪ੍ਰੰਤੂ ਪੰਜਾਬ ਦੀ ਮਿੱਟੀ ਦੇ ਮੋਹ ਕਰਕੇ ਗੁਰਦੇ ਦੀ ਬਿਮਾਰੀ ਦੇ ਹੁੰਦਿਆਂ ਵੀ ਉਹ ਹਰ ਸਾਲ ਛੇ ਮਹੀਨੇ ਪੰਜਾਬ ਦੀ ਮਿੱਟੀ ਦੀ ਮਹਿਕ ਦੀ ਖ਼ੁਸ਼ਬੋ ਦਾ ਆਨੰਦ ਮਾਨਣ ਆਉਂਦਾ ਸੀ। ਇੱਥੇ ਉਹ ਟਿੱਕ ਕੇ ਨਹੀਂ ਬਹਿੰਦਾ ਸੀ, ਸਗੋਂ ਆਪਣੀਆਂ ਪੁਸਤਕਾਂ ਲਈ ਮੈਟਰ ਤੇ ਤਸਵੀਰਾਂ ਖਿਚਣ ਲਈ ਪੰਜਾਬ ਦੀ ਧਰਤੀ ਨੂੰ ਗਾਹ ਮਾਰਦਾ ਸੀ। ਮੁੱਢਲੇ ਤੌਰ ‘ਤੇ ਉਹ ਪੰਜਾਬੀ/ਖਾਲਸਾ/ਇਤਿਹਾਸ ਦੀ ਅਮੀਰ ਵਿਰਾਸਤ ਦੀਆਂ ਵੱਡਮੁੱਲੀਆਂ ਪ੍ਰਾਪਤੀਆਂ ਅਤੇ ਯਾਦਗਾਰਾਂ ਸੰਬੰਧੀ ਪੁਸਤਕਾਂ ਪ੍ਰਕਾਸ਼ਤ ਕਰਵਾਕੇ ਸੰਸਾਰ ਨੂੰ ਜਾਣੂੰ ਕਰਵਾਉਣਾ ਚਾਹੁੰਦਾ ਸੀ। ਅਨੰਤ ਅਜੇਹੇ ਕੰਮ ਕਰਨ ਨੂੰ ਤਰਜ਼ੀਹ ਦਿੰਦਾ ਸੀ, ਜਿਹੜੇ ਲਕੀਰ ਤੋਂ ਹੱਟਕੇ ਹੋਣ, ਉਹ ਆਮ ਲੋਕਾਂ ਦੀ ਤਰ੍ਹਾਂ ਲਕੀਰ ਦਾ ਫਕੀਰ ਨਹੀਂ। ਜਿਸ ਔਖੇ ਕਾਰਜ਼ ਨੂੰ ਕੋਈ ਵਿਅਕਤੀ ਕਰਨ ਦੀ ਹਿੰਮਤ ਨਾ ਕਰਦਾ ਹੋਵੇ, ਉਹ ਉਸ ਕੰਮ ਨੂੰ ਹੱਥ ਵਿੱਚ ਫੜਦਾ ਹੀ ਨਹੀਂ ਸਗੋਂ ਉਸਨੂੰ ਨੇਪਰੇ ਚਾੜ੍ਹ ਕੇ ਹੀ ਸਾਹ ਲੈਂਦਾ ਸੀ। ਚੜ੍ਹਦੇ ਸੂਰਜ ਨੂੰ ਤਾਂ ਹਰ ਕੋਈ ਸਲਾਮ ਕਰਦਾ ਹੈ ਪ੍ਰੰਤੂ ਜੈਤੇਗ ਸਿੰਘ ਅਨੰਤ, ਉਸ ਵਿਅਕਤੀ ਨੂੰ ਹੀ ਸਲਾਮ ਕਰਦਾ ਸੀ, ਜਿਸ ਨੂੰ ਸਮਾਜ ਨੇ ਅਣਗੌਲਿਆ ਕੀਤਾ ਹੋਵੇ। ਉਹ ਸਬਰ-ਸੰਤੋਖ ਵਾਲੇ ਸੰਤੁਸ਼ਟ ਵਿਅਕਤਿਤਵ ਦਾ ਮਾਲਕ ਸੀ, ਪ੍ਰੰਤੂ ਉਹ ਪੰਜਾਬੀ/ਸਿੱਖ/ਇਤਿਹਾਸ/ਸਭਿਅਚਾਰ ਦੇ ਸਮੁੰਦਰ ਵਿੱਚੋਂ ਹਮੇਸ਼ਾ ਅਜਿਹੇ ਗੁਆਚੇ ਮੋਤੀਆਂ ਨੂੰ ਲੱਭਦੇ ਰਹਿੰਦੇ ਸਨ, ਜਿਨ੍ਹਾਂ ਨੂੰ ਖ਼ੁਦਗਰਜ ਸਮਾਜ ਨੇ ਉਨ੍ਹਾਂ ਦੇ ਵਿਲੱਖਣ ਯੋਗਦਾਨ ਦੀ ਬੇਕਦਰੀ ਕਰਦਿਆਂ ਅਣਡਿਠ ਕੀਤਾ ਹੋਵੇ। ਵਿਸ਼ਿਆਂ ਦੀ ਚੋਣ ਕਰਨ ਲੱਗਿਆਂ ਵੀ ਜੈਤੇਗ ਸਿੰਘ ਅਨੰਤ ਨੇ ਕਮਾਲ ਹੀ ਕੀਤੀ ਹੈ, ਅਜਿਹੇ ਸਮੇਂ ਉਹ ਸਰਹੱਦਾਂ ਵੀ ਪਾਰ ਕਰ ਜਾਂਦਾ ਸੀ। ਇਸੇ ਕਰਕੇ ਜੈਤੇਗ ਸਿੰਘ ਨੂੰ ਹਮੇਸ਼ਾ ਨਵੀਂਆਂ ਪੈੜਾਂ ਪਾਉਣ ਅਤੇ ਖੁਦ ਪਗਡੰਡੀਆਂ ਬਣਾਕੇ ਪੰਜਾਬੀਆਂ ਨੂੰ ਉਨ੍ਹਾਂ ‘ਤੇ ਪਹਿਰਾ ਦੇਣ ਲਈ ਪ੍ਰੇਰਦੇ ਰਹਿੰਦੇ ਸਨ। ਉਹ ਖ਼ੁਸ਼ਬੋਆਂ ਦਾ ਵਣਜਾਰਾ ਸੀ ਤੇ ਪੰਜਾਬੀ ਵਿਰਸੇ ਵਿੱਚੋਂ ਖ਼ੁਸ਼ਬੋਆਂ ਲੱਭਕੇ ਪੰਜਾਬੀਆਂ ਦੀ ਝੋਲੀ ਪਾਉਂਦੇ ਰਹਿੰਦੇ ਸਨ। ਪੰਜਾਬੀ ਦੇ ਖ਼ਜਾਨੇ ਨੂੰ ਭਰਨ ਲਈ ਉਨ੍ਹਾਂ ਨੂੰ ਅਨੇਕਾਂ ਦੁਸ਼ਾਵਰੀਆਂ ਤੇ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ, ਇਸਦੇ ਬਾਵਜੂਦ ਵੀ ਉਹਨਾਂ ਹਜ਼ਾਰਾਂ ਮੀਲਾਂ ਦਾ ਸਫਰ ਤਹਿ ਕਰਕੇ, ਘੱਟਾ ਫਕਦਿਆਂ ਮਸਤ ਹਾਥੀ ਦੀ ਚਾਲ ਚਲਦਿਆਂ ਆਪਣਾ ਕਾਰਜ਼ ਜਾਰੀ ਰੱਖਿਆ। ਉਹ ਪੰਜਾਬੀ ਅਦਬੀ ਸੰਗਤ ਲਿਟ੍ਰੇਰੀ ਸੋਸਾਇਟੀ ਕੈਨੇਡਾ, ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਦੇ ਰੂਹੇ ਰਵਾਂ ਅਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਲਾਈਫ਼ ਮੈਂਬਰ ਸਨ। ਇਸਤੋਂ ਇਲਾਵਾ ਹਰ ਸਾਲ ਪੰਜਾਬੀ ਯੂਨੀਵਰਸਿਟੀ ਵਿੱਚ ਹੋਣ ਵਾਲੀਆਂ ਹਿਸਟਰੀ ਕਾਨਫਰੰਸਾਂ ਵਿੱਚ ਹਿੱਸਾ ਲੈਂਦੇ ਸਨ। ਸੰਸਾਰ ਵਿੱਚ ਹੋਣ ਵਾਲੀਆਂ ਅੰਤਰਰਾਸ਼ਟਰੀ ਪੰਜਾਬੀ ਕਾਨਫ਼ਰੰਸਾਂ ਵਿੱਚ ਜ਼ਰੂਰ ਸ਼ਾਮਲ ਹੁੰਦੇ ਸਨ। ਉਨ੍ਹਾਂ ਨੂੰ ਲਗਪਗ 50 ਸਾਹਿਤਕ, ਸਮਾਜਿਕ ਅਤੇ ਸਭਿਅਚਾਰਕ ਸੰਸਥਾਵਾਂ ਨੇ ਮਾਨ ਸਨਮਾਨ ਪ੍ਰਦਾਨ ਕੀਤੇ ਸਨ। ਸਿੱਖ ਧਰਮ ਦੇ ਖੋਜੀਆਂ ਖਾਸ ਤੌਰ ‘ਤੇ ਪੀ.ਐਚ.ਡੀ.ਕਰਨ ਵਾਲੇ ਖੋਜੀ ਵਿਦਿਆਰਥੀਆਂ ਦੀ ਆਰਥਿਕ ਮਦਦ ਬਿਨਾ ਮੰਗੇ ਕਰਦੇ ਰਹਿੰਦੇ ਸਨ।
ਭਾਈ ਜੈਤੇਗ ਸਿੰਘ ਅਨੰਤ ਦਾ ਜਨਮ ਪਿਤਾ ਹਰਿਚਰਨ ਸਿੰਘ ਤੇ ਮਾਤਾ ਦਰਸ਼ਨ ਕੌਰ ਦੀ ਕੁੱਖੋਂ ਸਰਗੋਧਾ ਜ਼ਿਲ੍ਹੇ ਦੇ ਪਿੰਡ ਮਿੱਢਰਾਂਝਾ ਵਿੱਚ 14 ਅਗਸਤ 1946 ਵਿੱਚ ਹੋਇਆ ਸੀ। ਦੇਸ਼ ਦੀ ਵੰਡ ਤੋਂ ਬਾਅਦ ਉਨ੍ਹਾਂ ਦੇ ਪਿਤਾ ਜੀ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਬੁਟਾਹਰੀ ਵਿੱਚ ਸੈਟਲ ਹੋ ਗਏ ਸਨ। ਉਨ੍ਹਾਂ ਦਾ ਇੱਕ ਲੜਕਾ ਇੰਜ.ਕੁਲਬੀਰ ਸਿੰਘ ਅਨੰਤ ਅਤੇ ਲੜਕੀ ਆਰਕੀਟੈਕਟ ਕੁਲਪ੍ਰੀਤ ਕੌਰ ਵੜੈਚ ਹੈ। ਜੈਤੇਗ ਸਿੰਘ ਅਨੰਤ ਨੇ ਪੰਜ ਸਾਲਾ ਨੈਸ਼ਨਲ ਡਿਪਲੋਮਾ ਇਨ ਅਪਲਾਈਡ ਆਰਟ ਅਤੇ ਕਾਰਟੂਨਿੰਗ ਵਿੱਚ ਅਮਰੀਕਾ ਤੋਂ ਡਿਪਲੋਮਾ ਕੀਤਾ ਹੋਇਆ ਸੀ। ਉਹ 31 ਦਸੰਬਰ 2025 ਨੂੰ ਸਵਰਗਵਾਸ ਹੋ ਗਏ ਸਨ।
ਭਾਈ ਜੈਤੇਗ ਸਿੰਘ ਅਨੰਤ ਦਾ ਅੰਤਮ ਸਸਕਾਰ 11 ਜਨਵਰੀ 2026 ਨੂੰ ਸਵੇਰੇ 11.00 ਵਜੇ ਰਿਵਰਸਾਈਡ ਫਿਊਨਰਲ ਹੋਮ ਐਂਡ ਕਰੀਮੇਟੋਰੀਅਮ 7410 ਹੋਪਸਕੋਟ ਰੋਡ ਡੈਲਟਾ ਵੀ4ਜੀ 1ਏ9 ਵਿਖੇ ਹੋਵੇਗਾ, ਉਸਤੋਂ ਬਾਅਦ ਅੰਤਮ ਅਰਦਾਸ ਗੁਰਦੁਆਰਾ ਸਾਹਿਬ ਬਰੁਕਸਾਈਡ 8365 140 ਸਟਰੀਟ ਸਰੀ ਵੀ3ਡਵਲਯੂ 5ਕੇ9 ਵਿਖੇ ਹੋਵੇਗੀ।
ਤਸਵੀਰ : ਜੈਤੇਗ ਸਿੰਘ ਅਨੰਤ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

-
ਉਜਾਗਰ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.