MLA ਸਰਬਜੀਤ ਕੌਰ ਮਾਣੂੰਕੇ ਦੇ ਰਿਸ਼ਤੇਦਾਰ ਕਬੱਡੀ ਖਿਡਾਰੀ ਦਾ ਗੋਲੀਆਂ ਮਾਰ ਕੇ ਕਤਲ
ਇਲਾਕੇ ਵਿੱਚ ਦਹਿਸ਼ਤ
ਰਵਿੰਦਰ ਸਿੰਘ
ਖੰਨਾ, 6 ਜਨਵਰੀ 2026 : ਜਗਰਾਓਂ ਦੇ ਪਿੰਡ ਮਾਣੂੰਕੇ ਵਿੱਚ ਇੱਕ ਬੇਹੱਦ ਮੰਦਭਾਗੀ ਘਟਨਾ ਵਾਪਰੀ ਹੈ, ਜਿੱਥੇ ਹਲਕਾ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂੰਕੇ ਦੇ ਰਿਸ਼ਤੇਦਾਰ ਅਤੇ ਕਬੱਡੀ ਖਿਡਾਰੀ ਗਗਨਦੀਪ ਸਿੰਘ (32) ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਹਮਲਾਵਰਾਂ ਨੇ ਗੋਲੀਆਂ ਮਾਰਨ ਤੋਂ ਬਾਅਦ ਪਰਿਵਾਰ ਨੂੰ ਸ਼ਰੇਆਮ ਚੁਣੌਤੀ ਵੀ ਦਿੱਤੀ।
ਜਾਣਕਾਰੀ ਅਨੁਸਾਰ, 32 ਸਾਲਾ ਕਬੱਡੀ ਖਿਡਾਰੀ ਗਗਨਦੀਪ ਸਿੰਘ ਨੂੰ ਦਰਜਨ ਦੇ ਕਰੀਬ ਨੌਜਵਾਨਾਂ ਨੇ ਨਿਸ਼ਾਨਾ ਬਣਾਇਆ। ਕਤਲ ਕਰਨ ਤੋਂ ਬਾਅਦ ਹਮਲਾਵਰ ਗਗਨਦੀਪ ਦੇ ਘਰ ਦੇ ਬਾਹਰ ਪਹੁੰਚੇ ਅਤੇ ਬੜਕਾਂ ਮਾਰਦੇ ਹੋਏ ਉੱਚੀ ਆਵਾਜ਼ ਵਿੱਚ ਕਹਿਣ ਲੱਗੇ, "ਤੁਹਾਡੇ ਮੁੰਡੇ ਨੂੰ ਠੋਕ ਦਿੱਤਾ ਹੈ, ਉਹ ਖੇਤਾਂ ਵਿੱਚ ਪਿਆ ਹੈ।"
ਪਰਿਵਾਰ ਅਤੇ ਪਿੰਡ ਦੇ ਹੋਰ ਨੌਜਵਾਨ ਤੁਰੰਤ ਖੇਤਾਂ ਵੱਲ ਭੱਜੇ, ਜਿੱਥੇ ਗਗਨਦੀਪ ਲਹੂ-ਲੁਹਾਨ ਹਾਲਤ ਵਿੱਚ ਮਿਲਿਆ। ਉਸਨੂੰ ਤੁਰੰਤ ਜਗਰਾਓਂ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਕਤਲ ਦਾ ਕਾਰਨ
ਮ੍ਰਿਤਕ ਦੀ ਪਤਨੀ ਅਤੇ ਭਰਾ ਨੇ ਦੱਸਿਆ ਕਿ ਗਗਨਦੀਪ ਇੱਕ ਮਿਹਨਤੀ ਕਬੱਡੀ ਖਿਡਾਰੀ ਸੀ। ਪਿੰਡ ਦੇ ਕੁਝ ਨੌਜਵਾਨ ਇੱਕ ਹੋਰ ਖਿਡਾਰੀ ਏਕਮ ਸਿੰਘ ਨੂੰ ਅਕਸਰ ਤੰਗ-ਪਰੇਸ਼ਾਨ ਕਰਦੇ ਸਨ। ਗਗਨਦੀਪ ਨੇ ਉਨ੍ਹਾਂ ਨੌਜਵਾਨਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਸੀ, ਜਿਸ ਦੀ ਰੰਜਿਸ਼ ਕਾਰਨ ਅੱਜ ਉਸਦਾ ਕਤਲ ਕਰ ਦਿੱਤਾ ਗਿਆ। ਗਗਨਦੀਪ ਆਪਣੇ ਪਿੱਛੇ ਤਿੰਨ ਬੱਚੇ (ਦੋ ਕੁੜੀਆਂ ਅਤੇ ਇੱਕ ਮੁੰਡਾ) ਛੱਡ ਗਿਆ ਹੈ।
ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਦਾ ਬਿਆਨ
ਘਟਨਾ ਦੀ ਸੂਚਨਾ ਮਿਲਦੇ ਹੀ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂੰਕੇ ਸਿਵਲ ਹਸਪਤਾਲ ਪਹੁੰਚੇ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਸਖ਼ਤ ਹਦਾਇਤਾਂ ਦਿੰਦਿਆਂ ਕਿਹਾ:
ਕਾਤਿਲਾਂ ਨੂੰ ਫੜਨ ਲਈ ਦਿਨ-ਰਾਤ ਇੱਕ ਕਰ ਦਿੱਤਾ ਜਾਵੇ।
ਇਲਾਕੇ ਵਿੱਚ ਕਿਸੇ ਵੀ ਤਰ੍ਹਾਂ ਦੀ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਪੁਲਿਸ ਦੀ ਕਾਰਵਾਈ
ਐਸ.ਐਚ.ਓ. ਕੁਲਦੀਪ ਕੁਮਾਰ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਗੋਲੀ ਚੱਲਣ ਦੀ ਪੁਸ਼ਟੀ ਹੋਈ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਦੋਸ਼ੀਆਂ ਦੀ ਭਾਲ ਵਿੱਚ ਛਾਪੇਮਾਰੀ ਕਰ ਰਹੀ ਹੈ।