ਜਬਰ ਜਨਾਹ ਦਾ ਵਰਤਾਰਾ ਸੰਸਥਾਗਤ ਢਾਂਚੇ ਦੀ ਪੈਦਾਵਾਰ
ਨਰਾਇਣ ਦੱਤ
ਉਨਾਓ ਬਲਾਤਕਾਰ ਪੀੜਤਾ ਦੇ ਮੁਲਜ਼ਮ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਦੀ ਉਮਰ ਕੈਦ ਦੀ ਸਜ਼ਾ 23 ਦਸੰਬਰ, 2025 ਨੂੰ ਦਿੱਲੀ ਹਾਈ ਕੋਰਟ ਵੱਲੋਂ ਮੁਅੱਤਲ ਕਰਨ ਅਤੇ ਅਪੀਲ ਲੰਬਿਤ ਹੋਣ 'ਤੇ ਉਸਨੂੰ ਜ਼ਮਾਨਤ ਦੇਣ ਦੇ ਫੈਸਲੇ ਨੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਅਦਾਲਤ ਵੱਲੋਂ ਬਲਾਤਕਾਰ ਮਾਮਲੇ ਵਿੱਚ ਜ਼ਮਾਨਤ ਦੇਣ, ਸਜ਼ਾ ਦੀ ਮੁਅੱਤਲੀ ਨੇ ਲੋਕਾਂ ਦਾ ਧਿਆਨ ਇੱਕ ਅਜਿਹੇ ਮਾਮਲੇ ਵੱਲ ਮੋੜ ਦਿੱਤਾ ਹੈ ਜੋ 2017 ਤੋਂ ਸ਼ਕਤੀ ਦੀ ਦੁਰਵਰਤੋਂ ਅਤੇ ਪੀੜਤਾ ਦੀ ਨਿਆਂ ਲਈ ਲੰਬੇ ਸਮੇਂ ਤੋਂ ਚੱਲ ਰਹੀ ਕੋਸ਼ਿਸ਼ ਦਾ ਪ੍ਰਤੀਕ ਹੈ। ਦਿੱਲੀ ਵਿੱਚ ਜੰਤਰ-ਮੰਤਰ ਵਿਖੇ ਪੀੜਤਾ ਅਤੇ ਉਸਦੀ ਮਾਂ ਨੇ ਵਿਰੋਧ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਪਰ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਰੋਕ ਦਿੱਤਾ, ਜਿਸ ਨਾਲ ਹੋਰ ਗੁੱਸਾ ਭੜਕ ਗਿਆ। ਇਸ ਸਮੇੰ ਪੀੜਤਾ ਨੇ ਕਿਹਾ ਕਿ ਜ਼ਮਾਨਤ ਦਾ ਹੁਕਮ ਉਸਦੇ ਪਰਿਵਾਰ ਲਈ ਕਾਲ ਜਾਂ ਮੌਤ ਵਰਗਾ ਸੀ। ਉਸ ਨੇ ਕਿਹਾ ਸੀ ਕਿ ਉਹ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਡਰ ਦਾ ਹਵਾਲਾ ਦਿੰਦੇ ਹੋਏ ਅਤੇ ਫ਼ੈਸਲਾ ਸੁਣਾਏ ਜਾਣ ਤੋਂ ਪਹਿਲਾਂ ਹੀ ਸੁਰੱਖਿਆ ਵਿੱਚ ਕਮੀਆਂ ਦਾ ਦੋਸ਼ ਲਗਾਉਂਦੇ ਹੋਏ ਹਾਈ ਕੋਰਟ ਦੇ ਹੁਕਮ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਵੇਗੀ। ਭਾਰਤੀ ਜਨਤਾ ਪਾਰਟੀ ਦੀ ਔਰਤ ਪ੍ਰਤੀ ਮਨੂਵਾਦੀ ਘੋਰ ਪਿਛਾਕੜੀ ਮਾਨਸਿਕਤਾ ਦਾ ਪਤਾ ਇੱਥੋਂ ਲਗਦਾ ਹੈ ਕਿ ਬਲਾਤਕਾਰੀ ਕਾਤਲ ਕੁਲਦੀਪ ਸੈਂਗਰ ਦੇ ਹੱਕ ਵਿੱਚ ਔਰਤਾਂ ਕੋਲੋਂ ਮਾਰਚ ਕਰਵਾਇਆ।
ਯਾਦ ਰਹੇ ਕਿ ਇਹ ਕੁਲਦੀਪ ਸੇਂਗਰ ਭਾਜਪਾ ਦੇ ਯੂਪੀ ਤੋਂ ਸਾਬਕਾ ਵਿਧਾਇਕ, ਜਿਨ੍ਹਾਂ ਇੱਕ ਦਲਿਤ ਔਰਤ ਨੂੰ ਨੌਕਰੀ ਦੇਣ ਦੀ ਆੜ੍ਹ ਹੇਠ ਉਸ ਨਾਲ ਬਲਾਤਕਾਰ ਕੀਤਾ, ਸ਼ਿਕਾਇਤ ਕਰਨ ਤੇ ਉਸ ਲੜਕੀ ਦੇ ਪਿਤਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ, ਇਹ ਵਿਅਕਤੀ ਸਜ਼ਾ ਯਾਫਤਾ ਹੋਣ ਕਰਕੇ ਜੇਲ੍ਹ ਵਿੱਚ ਬੰਦ ਸੀ, ਕੋਰਟ ਨੇ ਇਸਨੂੰ ਜ਼ਮਾਨਤ ਦੇ ਦਿੱਤੀ। ਜਦਕਿ ਪੀੜ੍ਹਤ ਲੜਕੀ ਦੇ ਚਾਚੇ ਨੂੰ ਇਸੇ ਸੈੰਗਰ ਨੇ ਝੂਠੇ ਪੁਲਿਸ ਵਿੱਚ ਫਸਾਕੇ ਜੇਲ੍ਹ ਅੰਦਰ ਡੱਕਿਆ ਹੋਇਆ ਹੈ। ਹਕੀਕਤ ਇਹ ਹੈ ਕਿ ਭਗਵਾਂ ਪਾਰਟੀ ਦਾ ਅਜਿਹਾ ਪਹਿਲਾ ਮਾਮਲਾ ਨਹੀਂ ਹੈ। ਜਦੋਂ ਬਿਲਕੀਸ ਬਾਨੋ ਕੇਸ ਦੇ ਬਲਾਤਕਾਰੀ ਕਾਤਲਾਂ ਨੂੰ ਗੁਜਰਾਤ ਸਰਕਾਰ ਨੇ ਅਗਾਊਂ ਰਿਹਾਅ ਕੀਤਾ ਗਿਆ ਤਾਂ ਬੀਜੇਪੀ ਦੇ ਇੱਕ ਵਿਧਾਇਕ ਨੇ ਇਨ੍ਹਾਂ ਬਲਾਤਕਾਰੀ ਕਾਤਲਾਂ ਨੂੰ ਉੱਚ ਸੰਸਕਾਰੀ ਕਹਿਕੇ ਗਲਾਂ ਵਿੱਚ ਹਾਰ ਪਾਕੇ ਸਨਮਾਨਿਤ ਕੀਤਾ ਸੀ ਅਤੇ ਮਿਠਿਆਈਆਂ ਵੰਡੀਆਂ ਸਨ। ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਭਲੇ ਹੀ ਸਾਰੇ ਬਲਾਤਕਾਰੀ ਕਾਤਲ ਜੇਲ੍ਹ ਦੀਆਂ ਪਿੱਛੇ ਬੰਦ ਰਹਿਣ ਲਈ ਮਜ਼ਬੂਰ ਹਨ।
ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 15 ਅਗਸਤ 2024 ਨੂੰ ਲਾਲ ਕਿਲੇ ਦੀ ਫਸੀਲ ਤੋਂ ਜਦ 11ਵੀਂ ਵਾਰ ਮੁਲਕ ਵਾਸੀਆਂ ਨੂੰ ਸੰਬੋਧਨ ਹੋਇਆ ਗਿਆ। ਜਿਸ ਨੇ ਆਪਣੇ ਲੰਬੇ ਚੌੜੇ ਸੰਬੋਧਨ ਵਿੱਚ ਹੋਰਨਾਂ ਗੱਲਾਂ ਦੇ ਨਾਲ-ਨਲ 'ਨਾਰੀ ਸ਼ਸ਼ਤੀਕਰਨ' ਦੀ ਵਾਰ-ਵਾਰ ਆਪਣੀ ਸਰਕਾਰ ਦੀ ਵਚਨਬੱਧਤਾ ਦੁਹਰਾਈ। ਆਪਣੇ ਭਾਸ਼ਣ ਵਿੱਚ ਔਰਤਾਂ ਖ਼ਿਲਾਫ਼ ਵਧ ਰਹੇ ਕੁਰਮਾਂ ਪ੍ਰਤੀ ਚਿੰਤਾ ਦਾ ਇਜ਼ਹਾਰ ਕਰਦਿਆਂ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਮੋਦੀ ਦਾ ਭਾਸ਼ਨ ਸੁਨਣ ਤੋਂ ਆਮ ਆਦਮੀ ਨੂੰ ਲੱਗ ਸਕਦਾ ਹੈ ਕਿ ਮੁਲਕ ਦਾ ਪ੍ਰਧਾਨ ਮੰਤਰੀ ਵਾਕਈ ਔਰਤਾਂ ਉੱਤੇ ਹੁੰਦੇ ਜੁਲਮਾਂ ਨੂੰ ਰੋਕਣ ਲਈ ਗੰਭੀਰ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਸ ਲੱਛੇਦਾਰ ਭਾਸ਼ਣ ਨੂੰ ਮੌਕਾ ਮੇਲ ਹੀ ਕਿਹਾ ਜਾ ਸਕਦਾ ਹੈ ਕਿ 9 ਅਗਸਤ ਨੂੰ ਆਰਜੀ ਕਾਰ ਮੈਡੀਕਲ ਕਾਲਜ ਦੀ ਪੋਸਟ ਗਰੈਜੂਏਟ ਕਰ ਰਹੀ ਡਾਕਟਰ ਨਾਲ ਹਸਪਤਾਲ ਦੇ ਅੰਦਰ ਹੀ ਰਾਤ ਸਮੇਂ ਸਮੂਹਿਕ ਬਲਾਤਕਾਰ ਕਰਨ ਤੋੰ ਬਾਅਦ ਕਤਲ ਕਰ ਦਿੱਤਾ ਗਿਆ।
ਗੱਲ ਸਿਰਫ਼ ਏਨੀ ਕੁ ਨਹੀਂ। ਪ੍ਰਧਾਨ ਨਰਿੰਦਰ ਮੋਦੀ 140 ਕਰੋੜ ਦੀ ਵਸੋਂ ਵਾਲੇ ਮੁਲਕ ਵਾਸੀਆਂ ਨੂੰ ਇੱੱਕ ਵਿਸ਼ੇਸ਼ ਆਜ਼ਾਦੀ ਦੇ ਮੌਕੇ ਸੰਬੋਧਨ ਕਰ ਰਿਹਾ ਸੀ। ਪ੍ਰਧਾਨ ਮੰਤਰੀ ਦੇ ਇਸ ਸੰਬੋਧਨ ਨੂੰ ਸ਼ੋਸ਼ਲ ਮੀਡੀਆ ਰਾਹੀਂ ਸੰਸਾਰ ਭਰ ਵਿੱਚ ਵੇਖਿਆ ਜਾ ਰਿਹਾ ਸੀ। ਇਸ ਵਿਸ਼ੇਸ਼ ਮੌਕੇ ਪ੍ਰਧਾਨ ਮੰਤਰੀ ਦੇ ਭਾਸ਼ਣ ਤੋਂ ਵਿਸ਼ੇਸ਼ ਤਵੱਕੋ ਕੀਤੀ ਜਾਂਦੀ ਹੈ ਕਿ ਉਸ ਦਾ ਭਾਸ਼ਨ ਤੱਥਾਂ 'ਤੇ ਅਧਾਰਤ ਹੋਵੇਗਾ। ਪਿਛਲੇ ਸਾਲ ਵੀ ਜਦ 10ਵੀਂ ਵਾਰ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਵਜੋਂ ਸੰਬੋਧਨ ਕੀਤਾ ਸੀ ਤਾਂ ਇਹੋ ਜਿਹੀ ਮਿਲੀਜੁਲੀ ਲਫ਼ਾਜ਼ੀ ਦੀ ਵਰਤੋਂ ਪ੍ਰਧਾਨ ਮੰਤਰੀ ਵੱਲੋਂ ਕੀਤੀ ਗਈ ਸੀ।
ਇਸ ਵਾਰ ਜਦੋਂ ਪ੍ਰਧਾਨ ਮੰਤਰੀ ਲਾਲ ਕਿਲੇ ਦੀ ਫਸੀਲ ਤੋਂ ਇਹੀ ਭਾਸ਼ਨ ਝਾੜ ਰਿਹਾ ਸੀ ਤਾਂ ਦੋ ਬਲਾਤਕਾਰੀ ਸਾਧਾਂ ਆਸਾ ਰਾਮ ਬਾਪੂ ਅਤੇ ਡੇਰਾ ਸੱਚਾ ਸਾਧ ਵਾਲੇ ਰਾਮ ਰਹੀਮ ਉੱਪਰ ਬੀਜੇਪੀ ਦੀ ਅਗਵਾਈ ਵਾਲੀਆਂ ਸਰਕਾਰਾਂ ਦੀ ਮਿਹਰਬਾਨੀ ਸਦਕਾ ਪੈਰੋਲ 'ਤੇ ਰਿਹਾਅ ਕਰ ਦਿੱਤਾ ਗਿਆ। ਬਲਾਤਕਾਰੀ ਗੁਰਮੀਤ
ਰਾਮ ਰਹੀਮ ਉੱਪਰ ਤਾਂ ਬੀਜੇਪੀ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ ਦੀ ਇਸ ਕਦਰ ਮਿਹਰ ਭਰਿਆ ਹੱਥ ਹੈ ਕਿ 2017 ਵਿੱਚ ਸਜ਼ਾ ਹੋਣ ਤੋਂ ਬਾਅਦ 14 ਵਾਰ ਪੈਰੋਲ 'ਤੇ ਬਾਹਰ ਜਾ ਚੁੱਕਾ ਹੈ। ਬਾਹਰ ਹੀ ਨਹੀਂ ਸਗੋਂ ਜੇਲ੍ਹ 'ਚੋਂ ਬਾਹਰ ਆਉਣ ਸਮੇਂ ਬੀਜੇਪੀ ਦਾ ਸਿਆਸੀ ਲੁੰਗ ਲਾਣਾ ਇਸ ਬਲਾਤਕਾਰੀ ਸਾਧ ਦੀ ਮਹਿਮਾ ਦੇ ਗੁਣਗਾਣ ਕਰਦੇ ਹਨ। ਇੱਕ ਪਾਸੇ ਮੋਦੀ ਹਰ ਵਾਰ ਲਾਲ ਕਿਲੇ ਦੀ ਫਸੀਲ ਤੋਂ ਅਤੇ ਹਰ ਥਾਂ ਉੱਤੇ 'ਔਰਤ ਸ਼ਸਤੀਕਰਨ' ਦਾ ਢਕਵੰਜ ਕਰਦਾ ਹੈ ਪਰ ਦੂਜੇ ਪਾਸੇ ਮਹਿਲਾ ਪਹਿਲਵਾਨਾਂ ਦੇ ਸਰੀਰਕ ਸ਼ੋਸ਼ਣ ਵੇਲੇ ਦਬੰਗ ਪਾਰਲੀਮੇਂਟ ਮੈਂਬਰ ਅਤੇ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਨ ਅਤੇ ਮਨੀਪੁਰ ਅੰਦਰ ਔਰਤਾਂ ਨੂੰ ਨਗਨ ਕਰਕੇ ਘੁਮਾਉਣ ਵੇਲ ਮੁੱਖ ਮੰਤੇਰੀ ਐਨ.ਬੀਰੇਨ ਸਿੰਘ, ਬਨਾਰਸ ਹਿੰਦੂ ਯੂਨੀਵਰਸਿਟੀ ਵਿੱਚ ਇੱਕ ਵਿਦਿਆਰਥਣ ਨੂੰ ਜਬਰੀ ਅਗਵਾ ਕਰਕੇ ਕੱਪੜੇ ਉਤਾਰਨ, ਵੀਡੀਓਗ੍ਰਾਫੀ ਕਰਨ ਆਦਿ ਅਨੇਕਾਂ ਘਟਨਾਵਾਂ ਵੇਲੇ ਮੌਨ ਰਹਿੰਦਾ ਹੈ। ਨਾ ਸਿਰਫ ਮੌਨ ਰਹਿੰਦਾ ਹੈ ਸਗੋਂ ਇਸੇ ਪਾਰਟੀ ਦੀ ਸਿਆਸੀ ਛਤਰ ਛਾਇਆ ਹੇਠ ਪੱਲਦੇ ਪਸਰਦੇ ਬਨਾਰਸ ਹਿੰਦੂ ਯੂਨੀਵਰਸਿਟੀ ਨਾਲ ਸਬੰਧਿਤ ਘਟਨਾ ਦੇ ਦੋਸ਼ੀ ਤਿੰਨੇ ਬਲਾਤਕਾਰੀ ਪੂਰੇ ਦੋ ਮਹੀਨੇ ਮੱਧ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਬੀਜੇਪੀ ਦੇ ਉਮੀਦਵਾਰਾਂ ਲਈ ਪ੍ਰਚਾਰ ਵਿੱਚ ਜੁਟੇ ਰਹਿੰਦੇ ਹਨ। ਬ੍ਰਿਜ ਭੂਸ਼ਨ ਸ਼ਰਨ ਸਿੰਘ ਤਾਂ 28 ਮਈ 2023 ਨੂੰ ਨਵੀਂ ਪਾਰਲੀਮੈਂਟ ਦੇ ਉਦਘਾਟਨ ਮੌਕੇ ਹਿੱਕ ਚੌੜੀ ਕਰਕੇ ਤੁਰਦਾ ਹੈ ਪਰ ਹੱਕ ਮੰਗ ਰਹੀਆਂ ਕੌਮਾਂਤਰੀ ਪੱਧਰ ਦੀਆਂ ਪਹਿਲਵਾਨ ਖਿਡਾਰਨਾਂ ਨੂੰ ਦਿੱਲੀ ਦੀਆਂ ਸੜਕਾਂ ਤੇ ਢਸੀਟਿਆ ਜਾਂਦਾ ਹੈ। ਇਹੀ ਨਹੀਂ ਕਬਾਇਲੀ ਲੋਕਾਂ ਦੇ ਹੱਕਾਂ ਦੀ ਰਾਖ਼ੀ ਕਰਨ ਵਾਲੀ ਸੋਨੀ ਸ਼ੋਰੀ ਖ਼ਿਲਾਫ਼ ਪੁਲਿਸ ਵੱਲੋਂ ਜਬਰ ਦੀਆਂ ਸਭ ਹੱਦਾਂ ਬੰਨੇ ਪਾਰ ਕਰਦਿਆਂ ਜੇਲ੍ਹ ਦੇ ਅੰਦਰ ਹੀ ਉਸ ਦੇ ਗੁਪਤ ਅੰਗਾਂ ਵਿੱਚ ਪੱਥਰ ਤੁੰਨਣ ਵਾਲੇ ਆਈਪੀਐੱਸ ਅਧਿਕਾਰੀ ਅੰਕਿਤ ਗਰਗ ਨੂੰ ਆਜ਼ਾਦੀ ਦਿਵਸ ਮੌਕੇ 'ਗਲਾਂਟਰੀ ਐਵਾਰਡ' ਨਾਲ ਸਨਮਾਨਣਾ ਅਸੰਵੇਦਨਾ ਦੀ ਮੂੰਹ ਬੋਲਦੀ ਤਸਵੀਰ ਹੈ। ਹਾਥਰਸ ਕਾਂਡ ਸਮੇਂ ਬਲਾਤਕਾਰ ਦਾ ਸ਼ਿਕਾਰ ਹੋਈ ਇੱਕ ਦਲਿਤ ਔਰਤ ਨੂੰ ਰਾਤ ਦੇ ਘੁੱਪ ਹਨੇਰੇ ਵਿੱਚ ਉਸ ਦੇ ਮਾਪਿਆਂ ਦੀ ਗੈਰਹਾਜ਼ਰੀ ਵਿੱਚ ਪੁਲਿਸ ਵੱਲੋਂ ਸਾੜ੍ਹ ਦਿੱਤਾ ਗਿਆ ਅਤੇ ਉਸ ਦੀ ਰਿਪਰਟ ਕਰਨ ਵਾਲੇ ਪੱਤਰਕਾਰ ਸਿਦੀਕੀ ਕੱਪਨ ਨੂੰ ਯੂਏਪੀਏ ਤਹਿਤ ਜੇਲ੍ਹ ਅੰਦਰ ਬੰਦ ਕਰ ਦਿੱਤਾ ਗਿਆ। ਵੱਡਾ ਸਵਾਲ ਹੈ ਕਿ ਬਲਾਤਕਾਰੀ ਕਾਤਲਾਂ ਨੂੰ ਸਰਕਾਰਾਂ ਵੱਲੋਂ ਅਜਿਹੀ ਸ਼ਹਿ ਦੇਣ ਨਾਲ ਕੀ ਬਲਾਤਕਾਰ ਰੁਕ ਜਾਣਗੇ?
ਜਦੋ ਅਸੀਂ ਬੀਤੇ ਦੇ ਚਾਰ ਕੁ ਦਹਾਕਿਆਂ ਦੇ ਇਤਿਹਾਸ ਉੱਪਰ ਮੋਟੀ ਨਿਗਾਹ ਮਾਰਦੇ ਹਾਂ ਤਾਂ ਸਾਹਮਣੇ ਆਉਂਦਾ ਹੈ ਕਿ ਕਿਸੇ ਵੀ ਪਾਰਟੀ ਦੀ ਸਰਕਾਰ ਦੇ ਸਮੇਂ ਔਰਤਾਂ ਖ਼ਿਲਾਫ ਜੁਲਮ ਰੁਕੇ ਨਹੀਂ ਸਗੋਂ ਵਧੇ ਹਨ। ਰਾਜ ਸਰਕਾਰਾਂ ਹੋਣ ਜਾਂ ਕੇਂਦਰੀ ਸਰਕਾਰਾਂ। ਕੇਂਦਰੀ ਹਕੂਮਤ ਦੇ ਨੱਕ ਥੱਲੇ ਵਸਦੀ ਦਿੱਲੀ ਬਲਾਤਕਾਰਾਂ ਦੀ ਰਾਜਧਾਨੀ ਵਜੋਂ ਜਾਣੀ ਜਾਣ ਲੱਗ ਪਈ ਹੈ। 2012 ਵਿੱਚ ਔਰਤਾਂ ਖਿਲਾਫ਼ ਜਬਰ ਦੀਆਂ ਘਟਨਾਵਾਂ ਦੇ ਕੁੱਲ 24923 ਕੇਸ ਦਰਜ ਹੋਏ , ਜੋ 2022 ਵਿੱਚ ਵਧ ਕੇ 4 ਲੱਖ 55, 256 ਨੂੰ ਪਾਰ ਕਰ ਗਏ। ਰਾਮ ਰਾਜ ਵਾਲਾ ਯੋਗੀ ਰਾਜ ਔਰਤਾਂ ਖਿਲਾਫ਼ ਹੁੰਦੇ ਜੁਰਮਾਂ 7.4 ਪ੍ਰਤੀ ਲੱਖ ਸਭ ਤੋੰ ਉਁਪਰ ਹੈ। ਹਰ ਘੰਟੇ ਔਰਤਾਂ ਖਿਲਾਫ਼ ਜਬਰ-ਜ਼ੁਲਮ ਦੀਆਂ 51 ਸ਼ਿਕਾਇਤਾਂ ਦਰਜ ਹੁੰਦੀਆਂ ਹਨ। ਇੱਕ ਰਿਪੋਰਟ ਇਹ ਵੀ ਹੈ ਕਿ ਔਰਤਾਂ ਖਿਲਾਫ਼ ਵਾਪਰਦੀਆਂ ਜਬਰ ਦੀਆਂ ਘਟਨਾਵਾਂ ਵਿੱਚੋਂ 9 ਵਿੱਚੋਂ ਸਿਰਫ਼ ਇੱਕ ਘਟਨਾ ਹੀ ਦਰਜ ਹੁੰਦੀ ਹੈ। ਬਾਕੀ ਘਟਨਾਵਾਂ ਵਿੱਚ-ਵਿੱਚ ਹੀ ਅਨੇਕਾਂ ਕਾਰਨਾਂ ਕਰਕੇ ਰਸਤੇ ਵਿੱਚ ਹੀ ਦਫ਼ਨ ਹੋ ਜਾਂਦੀਆਂ ਹਨ। ਐਨਸੀਆਰਬੀ ਦੇ ਅੰਕੜਿਆਂ ਅਨੁਸਾਰ 92% ਘਰਾਂ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਨੂੰ ਸਰੀਰਕ ਸ਼ੋਸ਼ਣ ਦਾ ਸਾਹਮਣਾ ਕਰਨਾ ਪੈਂਦਾ ਹੈ। 2014 ਤੋਂ ਬਾਅਦ ਸੱਤਾ ਵਿੱਚ ਆਈ ਭਾਜਪਾ ਸਰਕਾਰ ਦੇ ਸਮੇਂ ਦੇ ਦਸ ਸਾਲਾਂ ਦੌਰਾਨ ਔਰਤਾਂ ਖ਼ਿਲਾਫ਼ ਜਬਰ ਦੀਆਂ ਘਟਨਾਵਾਂ ਨੇ ਤਾਂ ਤੂਫ਼ਾਨੀ ਵੇਗ ਫੜ ਲਿਆ ਹੈ। ਸਿਰਫ ਇਹੀ ਨਹੀਂ ਪਾਰਲੀਮੈਂਟ ਅਤੇ ਵਿਧਾਨ ਸਭਾ ਮੈਂਬਰਾਂ ਖ਼ਿਲਾਫ਼ ਗੰਭੀਰ ਮੁਕੱਦਮੇ ਦਰਜ ਹੋਣ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾਂਦੀ ਹੈ। ਕੁੱਝ ਅਹਿਮ ਘਟਨਾਵਾਂ ਹੀ ਹਾਕਮਾਂ ਦੇ ਮੂੰਹ ਤੇ ਕਰਾਰੀ ਚਪੇੜ ਹਨ। ਇਹਨਾਂ ਅਹਿਮ ਘਟਨਾਵਾਂ ਦਾ ਵੇਰਵਾ ਜਰੂਰੀ ਹੈ। 18 ਜੁਲਾਈ 1988 ਰੂਪਨ ਦਿਓਲ ਬਜਾਜ ਕੇਸ, 28 ਮਾਰਚ 1994 ਵਾਲੇ ਦਿਨ ਮਨੋਰਮਾ ਕਾਂਬਲੇ ਕੇਸ, 3 ਜੁਲਾਈ 1995 ਨੈਨਾ ਸਾਹਨੀ ਤੰਦੂਰ ਕਾਂਡ, 29 ਜੁਲਾਈ 97 ਕਿਰਨਜੀਤ ਕੌਰ ਮਹਿਲਕਲਾਂ ਸਮੂਹਿਕ ਬਲਾਤਕਾਰ ਅਤੇ ਕਤਲ ਕਾਂਡ, 15 ਜੁਲਾਈ 2004 ਨੂੰ 32 ਸਾਲਾ ਮਨੋਰਮਾ ਥੰਗਜਾਮ, 24 ਸਤੰਬਰ 2012 ਸ਼ਰੂਤੀ ਕਾਂਡ ਫਰੀਦਕੋਟ, 16 ਦਸੰਬਰ 2012 ਦਿੱਲੀ ਦਾ ਨਿਰਭੈਅ ਕਾਂਡ, 4 ਜੂਨ 2017 ਉਨਾਓਂ ਬਲਾਤਕਾਰ ਕਾਂਡ, 28 ਨਵੰਬਰ 2019 ਹੈਦਰਾਬਾਦ ਵੈਟਰਨਰੀ ਡਾਕਟਰ ਨਾਲ ਸਮੂਹਕ ਬਲਾਤਕਾਰ ਤੇ ਘਿਨਾਉਣੀ ਹੱਤਿਆ, 14 ਸਤੰਬਰ 2020 ਹਾਥਰਸ ਸਮੂਹਕ ਬਲਾਤਕਾਰ ਅਤੇ ਕਤਲ ਕਾਂਡ, 31 ਦਸੰਬਰ 2021 ਉਨਾਓ ਯੂਪੀ 44 ਦਿਨ ਲਗਾਤਾਰ ਸਮੂਹਿਕ ਬਲਾਤਕਾਰ, 18 ਸਤੰਬਰ 2022 ਅੰਕਿਤਾ ਭੰਡਾਰੀ ਬਲਾਤਕਾਰ-ਕਤਲ ਕੇਸ, 24 ਅਪ੍ਰੈਲ 2023 ਪੱਛਮੀ ਬੰਗਾਲ ਦੇ ਰਾਜਪਾਲ ਖ਼ਿਲਾਫ਼ ਜੌਨ ਸ਼ੋਸ਼ਨ ਦਾ ਦੋਸ਼, 4 ਮਈ 2023 ਮਨੀਪੁਰ ’ਚ ਔਰਤਾਂ ਨੂੰ ਨਿਰਵਸਤਰ ਘੁਮਾਉਣ ਦੀ ਬੇਸ਼ਰਮ ਕਰਤੂਤ, 28 ਮਈ 2023 ਪਹਿਲਵਾਨ ਖਿਡਾਰਨਾਂ ਦਾ ਸ਼ੋਸ਼ਣ, 11 ਅਗਸਤ 2023 ਨੂੰ ਬਿਹਾਰ ਦੇ ਮੁਜ਼ੱਫਰਪੁਰ ਵਿੱਚ, 9ਵੀਂ ਜਮਾਤ ਦੀ ਵਿਦਿਆਰਥਣ ਨਾਲ ਬਲਾਤਕਾਰ, 3 ਨਵੰਬਰ 2023 ਬਨਾਰਸ ਹਿੰਦੂ ਯੂਨੀਵਰਸਿਟੀ ਦੀ ਵਿਦਿਆਰਥਣ ਦੇ ਜਬਰੀ ਕੱਪੜੇ ਉਤਰਾਨ, 28 ਅਪ੍ਰੈਲ 2024 ਪਰਵਲ ਰਮੰਨਾ ਸੈਕਸ ਵੀਡੀਓ ਕਾਂਡ, 30 ਜੁਲਾਈ 2024 ਨਰਸ ਦੀ ਬਲਾਤਕਾਰ ਕਰਨ ਸਕਾਰਫ ਨਾਲ ਗਲਾ ਘੁੱਟਕੇ ਹੱਤਿਆ, 9 ਅਗਸਤ 2024 ਆਰ.ਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਕਲਕੱਤਾ ਸਮੂਹਿਕ ਬਲਾਤਕਾਰ ਅਤੇ ਕਤਲ ਕਾਂਡ ਛਾਤੀਆਂ ਵੱਢਕੇ ਹੱਤਿਆ, 30 ਸਤੰਬਰ 2024 (ਪੂਨਾ) ਸਕੂਲੀ ਬੱਚੀਆਂ ਦਾ ਸਰੀਰਕ ਸ਼ੋਸ਼ਣ ਜਿਕਰਯੋਗ ਘਟਨਾਵਾਂ ਹਨ। ਔਰਤਾਂ ਨੂੰ ਇਨਸਾਫ਼ ਦਿਵਾਉਣ ਲਈ ਭਾਰਤ ਅੰਦਰ ਅਨੇਕਾਂ ਕਾਨੂੰਨ ਬਣਾਏ ਹੋਏ ਹਨ।
ਸੁਪਰੀਮ ਕੋਰਟ ਦੀਆਂ ਹਦਾਇਤਾਂ ਦੇ ਬਾਵਜੂਦ ਵੀ ਦਹਾਕਿਆਂ ਬੱਧੀ ਸਮੇਂ ਤੋਂ ਦਰਜ ਇਨ੍ਹਾਂ ਖ਼ਿਲਾਫ਼ ਅਗਵਾ, ਬਲਾਤਕਾਰ, ਕਤਲ ਦੇ ਅਪਰਾਧਿਕ ਮਾਮਲਿਆਂ ਦਾ ਸਿਰਫ਼ 6 ਪ੍ਰਤੀਸ਼ਤ ਹੀ ਨਿਬੇੜਾ ਹੋਇਆ। ਇਹ ਇਸ ਗੱਲ ਦਾ ਸਬੂਤ ਹੈ ਕਿ ਸੱਤਾ ਦੇ ਸੰਦ ਸਭ ਤੋਂ ਵੱਧ ਔਰਤਾਂ ਖਿਲਾਫ਼ ਹੁੰਦੇ ਜਬਰ-ਜ਼ੁਲਮ ਲਈ ਜਿੰਮੇਵਾਰ ਹਨ। ਇਸ ਤਜਬਰ ਜਨਾਹ ਦਾ ਵਰਤਾਰਾ ਸੰਸਥਾਗਤ ਢਾਂਚੇ ਦੀ ਪੈਦਾਵਾਰ ਨਰਾਇਣ ਦੱਤ ਰ੍ਹਾਂ 15 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲਾਲ ਕਿਲੇ ਦੀ ਫਸੀਲ ਤੋਂ 'ਨਾਰੀ ਸ਼ਸ਼ਤੀਕਰਨ' ਦੇ ਮਾਰੇ ਗਏ ਦਮਗਜੇ ਹਾਥੀ ਦੇ ਦੰਦ ਖਾਣ ਦੇ ਹੋਰ ਦਿਖਾਉਣ ਦੇ ਹੋਰ ਹਨ। ਸੁਪਰੀਮ ਕੋਰਟ ਨੇ ਭਲੇ ਹੀ ਦਿੱਲੀ ਹਾਈਕੋਰਟ ਦੇ ਹੁਕਮ ਉੱਪਰ ਰੋਕ ਲਗਾ ਦਿੱਤੀ ਹੈ ਪਰ ਇਲਾਹਾਬਾਦ ਹਾਈਕੋਰਟ ਦੇ ਇੱਕ ਜੱਜ ਵੱਲੋਂ ਔਰਤਾਂ ਖਿਲਾਫ਼ ਕੀਤੀ ਗਈ ਭੱਦੀ ਸ਼ਰਮਨਾਕ ਟਿੱਪਣੀ "ਛਾਤੀਆਂ ਨੂੰ ਫੜਨਾ” ਅਤੇ “ਪਜਾਮੇ ਦੀ ਰੱਸੀ ਦਾ ਢਿੱਲਾ ਹੋਣਾ” ਅਦਾਲਤੀ ਪ੍ਰਬੰਧ ਦੇ ਔਰਤ ਪ੍ਰਤੀ ਨਜ਼ਰੀਏ ਦੀ ਉਁਘੜਵੀਂ ਮਿਸਾਲ ਹੈ। ਅਸਲ ਮਾਅਨਿਆਂ ਵਿੱਚ ਮੋਦੀ ਹਕੂਮਤ ਜਿਸ ਮਨੂੰਵਾਦੀ ਵਿਚਾਰਧਾਰਾ ਨੂੰ ਪ੍ਰਣਾਈ ਹੋਈ ਹੈ, ਉਹ ਘੋਰ ਔਰਤ ਵਿਰੋਧੀ ਹੈ। ਔਰਤਾਂ ਖਿਲਾਫ਼ ਹੋ ਰਹੇ ਢਾਂਚਾਗਤ ਜਬਰ-ਜ਼ੁਲਮ ਤੋੰ ਮੁਕੰਮਲ ਮੁਕਤੀ ਲਈ ਮਰਦ-ਔਰਤਾਂ ਨੂੰ ਸਾਂਝੇ ਤੌਰ 'ਤੇ ਬਰਾਬਰਤਾ ਵਾਲਾ ਨਵਾਂ ਜਮਹੂਰੀ ਪ੍ਰਬੰਧ ਸਿਰਜਣ ਲਈ ਜਮਾਤੀ ਸੰਘਰਸ਼ ਨੂੰ ਹੋਰ ਵਧੇਰੇ ਤੇਜ਼ ਕਰਨ ਨਾਲ ਹੀ ਸੰਭਵ ਹੋਵੇਗੀ।

-
ਨਰਾਇਣ ਦੱਤ, ਲੇਖਕ
Narayan Dutt 964601070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.