ਨਵੇਂ ਸਾਲ 'ਤੇ ਪੁਲਿਸ ਦੀ ਨਿਵੇਕਲੀ ਪਹਿਲ: ਸ਼ਰਾਬੀਆਂ ਅਤੇ ਹੁੱਲੜਬਾਜ਼ਾਂ ਦੀ ਥਾਣਿਆਂ 'ਚ 'ਐਂਟਰੀ ਫ੍ਰੀ' ਅਤੇ ਮਿਲੇਗਾ 'VIP ਟ੍ਰੀਟਮੈਂਟ'
ਪਟਿਆਲਾ, 31 ਦਸੰਬਰ 2025: ਨਵੇਂ ਸਾਲ ਦੇ ਜਸ਼ਨਾਂ ਦੌਰਾਨ ਕਾਨੂੰਨ ਤੋੜਨ ਵਾਲਿਆਂ ਅਤੇ ਹੁੱਲੜਬਾਜ਼ਾਂ ਨੂੰ ਨੱਥ ਪਾਉਣ ਲਈ ਪਟਿਆਲਾ ਪੁਲਿਸ ਨੇ ਇੱਕ ਬਹੁਤ ਹੀ ਦਿਲਚਸਪ ਅਤੇ ਵਿਅੰਗਮਈ ਤਰੀਕਾ ਅਪਣਾਇਆ ਹੈ। ਨਵੇਂ ਸਾਲ ਦੀ ਸ਼ਾਮ 'ਤੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਲਈ ਪੁਲਿਸ ਸਟੇਸ਼ਨਾਂ ਵਿੱਚ 'ਐਂਟਰੀ ਫ੍ਰੀ' ਹੋਵੇਗੀ।
ਪਟਿਆਲਾ ਪੁਲਿਸ ਵੱਲੋਂ ਇੱਕ ਖ਼ਾਸ ਪੋਸਟਰ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਸ਼ਰਾਰਤੀ ਅਨਸਰਾਂ ਨੂੰ ਸਖ਼ਤ ਲਹਿਜੇ 'ਚ ਪਰ ਮਜ਼ਾਕੀਆ ਅੰਦਾਜ਼ ਵਿੱਚ ਸੁਨੇਹਾ ਦਿੱਤਾ ਗਿਆ ਹੈ ਕਿ ਜੋ ਲੋਕ ਸ਼ਰਾਬ ਪੀ ਕੇ ਗੱਡੀ ਚਲਾਉਣਗੇ (Drunk Driving), ਜਨਤਕ ਥਾਵਾਂ 'ਤੇ ਲੜਾਈ-ਝਗੜਾ ਕਰਨਗੇ ਜਾਂ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜ਼ੀ ਕਰਨਗੇ। ਅਜਿਹੇ ਲੋਕਾਂ ਦੀ ਪੁਲਿਸ ਸਟੇਸ਼ਨ ਵਿੱਚ ਐਂਟਰੀ ਬਿਲਕੁਲ ਮੁਫ਼ਤ ਹੋਵੇਗੀ।
ਪੋਸਟਰ ਮੁਤਾਬਕ, ਕਾਨੂੰਨ ਤੋੜਨ ਵਾਲਿਆਂ ਨੂੰ ਗ੍ਰਿਫ਼ਤਾਰੀ ਦੇ ਨਾਲ-ਨਾਲ 'VIP ਟ੍ਰੀਟਮੈਂਟ' ਦਿੱਤਾ ਜਾਵੇਗਾ ਅਤੇ ਲੋੜ ਪੈਣ 'ਤੇ 'ਮੁਫ਼ਤ ਕਾਨੂੰਨੀ ਸਹਾਇਤਾ' ਵੀ ਮੁਹੱਈਆ ਕਰਵਾਈ ਜਾਵੇਗੀ। ਪਟਿਆਲਾ ਪੁਲਿਸ ਦਾ ਇਹ ਕਦਮ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ।
ਪੁਲਿਸ ਦਾ ਮਕਸਦ ਲੋਕਾਂ ਨੂੰ ਜਾਗਰੂਕ ਕਰਨਾ ਹੈ ਕਿ ਜਸ਼ਨ ਜ਼ਰੂਰ ਮਨਾਉਣ, ਪਰ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ। ਸ਼ਹਿਰ ਦੇ ਮੁੱਖ ਚੌਕਾਂ ਅਤੇ ਭੀੜ ਵਾਲੀਆਂ ਥਾਵਾਂ 'ਤੇ ਵਿਸ਼ੇਸ਼ ਨਾਕੇਬੰਦੀ ਕੀਤੀ ਗਈ ਹੈ ਤਾਂ ਜੋ ਨਵੇਂ ਸਾਲ ਦਾ ਸਵਾਗਤ ਅਮਨ-ਸ਼ਾਂਤੀ ਨਾਲ ਕੀਤਾ ਜਾ ਸਕੇ।
.jpg)