ਧਾੜਵੀ ਤੇ ਹਮਲਾਵਰ ਹਮੇਸ਼ਾਂ ਦੱਰਾ ਖ਼ੈਬਰ ਪਾਰ ਕਰਕੇ ਹੀ ਪੰਜਾਬ ਪਾਰ ਕਰਕੇ ਹਿੰਦੋਸਤਾਨ ਦੀ ਲੁੱਟਮਾਰ ਕਰਨ ਆਉਂਦੇ ਰਹੇ ਹਨ। ਪੰਜਾਬੀਆਂ ਨੇ ਹਰ ਅੱਥਰਾ ਘੋੜਾ ਅੱਗਿਉਂ ਖਲੋ ਹੀ ਫੜਿਆ ਹੈ। ਮੰਗੋਲਾਂ ਤੁਰਕੀਂ ਮੁਗਲਾਂ ਤੇ ਪਠਾਣਾਂ ਨੂੰ ਹਮੇਸ਼ਾਂ ਪੰਜਾਬ ਹੀ ਟੱਕਰਦਾ ਰਿਹਾ ਹੈ। ਅਧੀਨਗੀ ਇਸ ਦੇ ਖ਼ਮੀਰ ਵਿੱਚ ਨਹੀਂ। ਇਹੀ ਕਾਰਨ ਹੈ ਕਿ ਹਰ ਤਰ੍ਹਾਂ ਦੇ ਹਾਕਮ ਨਾਲ ਇੱਟ -ਖੜੱਕਾ ਲੈਣ ਲਈ ਇਸ ਧਰਤੀ ਦੇ ਪੁੱਤਰ ਪੋਰਸ, ਦੁੱਲਾ ਭੱਟੀ ਤੇ ਰਾਏ ਅਹਿਮਦ ਖਾਂ ਖ਼ਰਲ ਵਰਗੇ ਯੋਧੇ ਹਮੇਸ਼ਾਂ ਕਮਰ - ਕੱਸਾ ਕਰੀ ਰੱਖਦੇ ਹਨ। ਗੁਰੂ ਨਾਨਕ ਦੇਵ ਜੀ ਨੇ ਬਾਬਰ ਨੂੰ ਜਾਬਰ,ਰਾਜਿਆਂ ਨੂੰ ਸ਼ੀਂਹ ਤੇ ਮੁਕੱਦਮ ਕਾਰਿੰਦਿਆਂ ਨੂੰ ਕੁੱਤੇ ਕਹਿ ਕੇ ਏਜੰਡਾ ਥਾਪ ਦਿੱਤਾ ਸੀ ਜਿਸ ਦੀ ਬੁਨਿਆਦ ਤੇ ਹੀ ਹਰ ਯੁੱਧ ਲੜਿਆ ਗਿਆ।
ਜੱਗਾ ਸੂਰਮਾ ਇਸੇ ਮਰਦਮ ਖ਼ੇਜ਼ ਮਿੱਟੀ ਦਾ ਜਾਇਆ ਹੈ ਜੋ ਨਿੱਕੇ ਨਿੱਕੇ ਸ਼ਾਹੂਕਾਰਾਂ ਦੇ ਜ਼ੁਲਮ ਤੋਂ ਮੁਕਤੀ ਲਈ ਕਾਫ਼ਲਾ ਬਣਾ ਕੇ ਤੁਰਦਾ ਹੈ। ਨਨਕਾਣਾ ਸਾਹਿਬ ਦੇ ਖ਼ੂਨੀ ਸਾਕੇ ਵਿੱਚ ਸ਼ਾਮਲ ਮਹੰਤਾਂ ਨੂੰ ਸੋਧਦਾ ਹੈ। ਬੱਬਰ ਅਕਾਲੀਆਂ ਦਾ ਸੰਗੀ ਬਣਦਾ ਹੈ। ਅੰਗਰੇਜ਼ ਹਕੂਮਤ ਨੇ ਉਸ ਨੂੰ ਡਾਕੂ ਕਹਿ ਕੇ ਬਦਨਾਮ ਕੀਤਾ ਤੇ ਉਸ ਨੂੰ ਆਪਣੇ ਲਾਲਚੀ ਕਾਰਿੰਦਿਆਂ ਤੋਂ ਖ਼ਤਮ ਕਰਵਾ ਸੁੱਟਿਆ। ਉਸ ਨੂੰ ਲੋਕ - ਮਨ ਵਿੱਚ ਡਾਕੂ ਧੁੰਮਾਇਆ ਗਿਆ। ਬੋਲੀਆਂ ਵਿੱਚ ਉਸ ਦਾ ਲੋਕ ਪੱਖੀ ਸੰਘਰਸ਼ ਗ਼ੈਰ ਹਾਜ਼ਰ ਹੈ। ਡੇਰਾ ਬਾਬਾ ਨਾਨਕ ਤੋਂ ਕਲਾਨੌਰ ਵੱਲ ਜਾਂਦਿਆਂ ਪਿੰਡ ਰਣਸੀਂਹ ਕੇ ਮੀਰਾ ਦੇ ਜੰਮਪਲ, ਗੁਰੂ ਨਾਨਕ ਕਾਲਿਜ ਗੁਰਦਾਸਪੁਰ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਵਿਦਿਆਰਥੀ ਆਗੂ ਰਹੇ ਸ. ਧਰਮ ਸਿੰਘ ਗੋਰਾਇਆ (ਮੈਰੀਲੈਂਡ) ਅਮਰੀਕਾ ਵੱਸਦਿਆਂ ਜੱਗਾ ਸੂਰਮਾ ਨਾਲ ਸਬੰਧਿਤ ਮੂਲ ਇਤਿਹਾਸਕ ਤੇ ਮੌਖਿਕ ਸੋਮਿਆਂ ਤੀਕ ਪਹੁੰਚ ਕਰਕੇ “ਜੱਗਾ ਡਾਕੂ”ਦੀ ਥਾਂ “ਜੱਗਾ ਸੂਰਮਾ” ਪੁਸਤਕ ਲਿਖ ਕੇ ਜੱਗੇ ਦੀ ਧੀ ਰੇਸ਼ਮ ਕੌਰ ਦਾ ਉਲਾਂਭਾ ਹੀ ਨਹੀਂ ਲਾਹਿਆ ਸਗੋਂ ਇਤਿਹਾਸ ਵਿੱਚ ਪਏ ਭੁਲੇਖੇ ਵੀ ਦੂਰ ਕੀਤੇ ਹਨ। ਲੋਕ ਨਾਇਕ ਕਹਾਉਣ ਦੇ ਸਮਰੱਥ “ਜੱਗਾ ਸੂਰਮਾ”ਨੂੰ ਪਾਠਕ ਹੁਣ ਵੱਖਰੀ ਨਜ਼ਰ ਨਾਲ ਵੇਖ ਸਕਣਗੇ। ਧਰਮ ਸਿੰਘ ਗੋਰਾਇਆ ਦਾ ਇਸ ਖੋਜ ਪੁਸਤਕ ਲਈ ਲੱਖ ਸ਼ੁਕਰਾਨਾ। ਇਹ ਕਿਤਾਬ ਅੰਮ੍ਹਿਤਸਰ ਵਿੱਚ ਸਿੰਘ ਬਰਦਰਜ਼ ਸਿਟੀ ਸੈਂਟਰ , ਬਰਨਾਲਾ ਵਿੱਚ ਨਵਚੇਤਨ ਬੁੱਕ ਡਿਪੋ ਤੇ ਲੁਧਿਆਣਾ ਵਿੱਚ ਚੇਤਨਾ ਪ੍ਹਕਾਸ਼ਨ ਪੰਜਾਬੀ ਭਵਨ ਤੋਂ ਮਿਲ ਸਕਦੀ ਹੈ।

-
ਗੁਰਭਜਨ ਗਿੱਲ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ,
gurbhajangill@gmail.com
1111111111
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.