ਕਾਉਂਕੇ ਕਲਾਂ 'ਚ ਧਾਰਮਿਕ ਸਥਾਨ ਨੇੜੇ ਹੋਈ ਗੋਲੀਬਾਰੀ 'ਚ ਨੌਜਵਾਨ ਜਖਮੀ: ਇਲਾਕੇ 'ਚ ਸਹਿਮ ਦਾ ਮਾਹੌਲ
ਜਗਰਾਉਂ:(ਦੀਪਕ ਜੈਨ) ਬੀਤੇ ਵੀਰਵਾਰ ਦੀ ਰਾਤ ਨੂੰ ਜਗਰਾਉਂ ਨੇੜਲੇ ਪਿੰਡ ਕਾਉਂਕੇ ਕਲਾਂ ਵਿਖੇ ਬਾਬਾ ਰੋਡੂ ਸ਼ਾਹ ਜੀ ਦੇ ਧਾਰਮਿਕ ਸਥਾਨ 'ਤੇ ਮੱਥਾ ਟੇਕਣ ਆਏ ਇੱਕ ਨੌਜਵਾਨ ਲਵਕਰਨ ਸਿੰਘ 'ਤੇ ਅਣਪਛਾਤੇ ਹਮਲਾਵਰਾਂ ਨੇ ਗੋਲੀ ਚਲਾ ਦਿੱਤੀ। ਇਸ ਘਟਨਾ ਨੇ ਪੂਰੇ ਇਲਾਕੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ।
ਗੰਭੀਰ ਹਾਲਤ 'ਚ ਲੁਧਿਆਣਾ ਰੈਫਰ
ਗੋਲੀ ਲੱਗਣ ਕਾਰਨ ਜ਼ਖਮੀ ਹੋਏ ਲਵਕਰਨ ਸਿੰਘ ਨੂੰ ਤੁਰੰਤ ਇਲਾਜ ਲਈ ਜਗਰਾਉਂ ਸਿਵਲ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸਨੂੰ ਤੁਰੰਤ ਲੁਧਿਆਣਾ ਰੈਫਰ ਕਰ ਦਿੱਤਾ।
ਸਿਵਲ ਹਸਪਤਾਲ ਜਗਰਾਉਂ ਵਿਖੇ ਇਲਾਜ ਦੌਰਾਨ ਲਵਕਰਨ ਸਿੰਘ ਨੇ ਦੱਸਿਆ ਕਿ ਉਹ ਆਪਣੇ ਦੋਸਤ ਨਾਲ ਸਵਿਫਟ ਗੱਡੀ ਵਿੱਚ ਬਾਬਾ ਰੋਡੂ ਸ਼ਾਹ ਜੀ ਦੀ ਜਗ੍ਹਾ 'ਤੇ ਮੱਥਾ ਟੇਕਣ ਆਇਆ ਸੀ। ਉਸਨੇ ਦੱਸਿਆ ਕਿ ਜਿਉਂ ਹੀ ਉਹ ਗੱਡੀ ਤੋਂ ਉਤਰਿਆ, ਪਿੱਛੇ ਲੁਕੇ ਹੋਏ ਹਮਲਾਵਰ ਨੇ ਉਸ 'ਤੇ ਗੋਲੀ ਚਲਾ ਦਿੱਤੀ, ਜੋ ਉਸਦੇ ਮੋਢੇ ਦੇ ਨੇੜੇ ਲੱਗੀ। ਹਮਲਾਵਰ ਇੱਕ ਸਕਾਰਪੀਓ ਗੱਡੀ ਵਿੱਚ ਫਰਾਰ ਹੋ ਗਏ।
ਲਵਕਰਨ ਸਿੰਘ ਨੇ ਦੱਸਿਆ ਕਿ ਹਮਲਾ ਕਰਨ ਵਾਲੇ ਪਿੰਡ ਕਾਉਂਕੇ ਕਲਾਂ ਅਤੇ ਜਗਰਾਉਂ ਦੇ ਰਹਿਣ ਵਾਲੇ ਹਨ, ਪਰ ਉਸਦੀ ਹਮਲਾਵਰਾਂ ਨਾਲ ਕੋਈ ਪੁਰਾਣੀ ਰੰਜਿਸ਼ ਨਹੀਂ ਸੀ।
ਥਾਣਾ ਸਦਰ ਦੇ ਮੁਖੀ ਐਸਆਈ ਸੁਰਜੀਤ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੁਲਿਸ ਨੂੰ ਬਾਬਾ ਰੋਡੂ ਜੀ ਦੀ ਜਗ੍ਹਾ ਨੇੜੇ ਵਾਰਦਾਤ ਹੋਣ ਦੀ ਸੂਚਨਾ ਮਿਲੀ ਸੀ। ਮੌਕੇ 'ਤੇ ਪਹੁੰਚ ਕੇ ਪੁਲਿਸ ਨੇ ਦੇਖਿਆ ਕਿ ਉੱਥੇ ਗੱਡੀ ਦੇ ਸ਼ੀਸ਼ਿਆਂ ਦਾ ਕੱਚ ਖਿਲਰਿਆ ਹੋਇਆ ਸੀ।
ਐਸਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਧਾਰਮਿਕ ਸਥਾਨ ਦੇ ਪ੍ਰਧਾਨ ਨਾਲ ਗੱਲ ਕੀਤੀ, ਜਿਨ੍ਹਾਂ ਨੇ ਦੱਸਿਆ ਕਿ ਸਕਾਰਪੀਓ ਗੱਡੀ 'ਤੇ ਦੋ ਨੌਜਵਾਨ ਆਏ ਸਨ ਅਤੇ ਮੱਥਾ ਟੇਕਣ ਦੀ ਗੱਲ ਕਹਿ ਕੇ ਗੇਟ ਖੁਲ੍ਹਵਾਇਆ ਸੀ।
ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਜਾਰੀ ਹੈ। ਪੁਲਿਸ ਘਟਨਾ ਵਾਲੀ ਜਗ੍ਹਾ ਦੇ ਨੇੜਲੇ ਸੀਸੀਟੀਵੀ ਫੁਟੇਜ ਖੰਗਾਲ ਰਹੀ ਹੈ ਅਤੇ ਜ਼ਖਮੀ ਨੌਜਵਾਨ ਦੇ ਬਿਆਨਾਂ ਦੇ ਆਧਾਰ 'ਤੇ ਹਮਲਾਵਰਾਂ ਖਿਲਾਫ ਜਲਦ ਹੀ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।