18 ਜੁਲਾਈ 1979 ਦੀ ਮਨਹੂਸ ਰਾਤ ਨੂੰ ਉਸ ਵੇਲੇ ਦੀਆਂ ਪਿਛਾਂਹ-ਖਿੱਚੂ ਹਾਕਮ ਜਮਾਤਾਂ ਨੇ, ਕੁਝ ਜਗੀਰੂ ਲੀਡਰਾਂ ਰਾਹੀਂ ਅਤੇ ਪੁਲਸ ਦੀ ਮਿਲੀ-ਭੁਗਤ ਨਾਲ ਜ਼ਰਖਰੀਦ ਗੁੰਡਿਆਂ ਤੋਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਜਨਰਲ ਸਕੱਤਰ,ਜਮਹੂਰੀ ਅਧਿਕਾਰ ਸਭਾ ਦੀ ਸੂਬਾ ਕਮੇਟੀ ਮੈਂਬਰ ਅਤੇ ਪੰਜਾਬ ਦੀ ਵਿਦਿਆਰਥੀ ਅਤੇ ਨੌਜਵਾਨ ਲਹਿਰ ਦੇ ਸੱਭ ਤੋਂ ਵੱਧ ਸਤਿਕਾਰੇ ਆਗੂ, ਕਾ. ਪ੍ਰਿਥੀਪਾਲ ਸਿੰਘ ਨੂੰ ਜੋਬਨ ਰੁੱਤੇ ਸ਼ਹੀਦ ਕਰਵਾ ਦਿੱਤਾ ਸੀ।
ਸਾਥੀ ਰੰਧਾਵੇ ਦੇ ਮਨ-ਮਸਤਕ \'ਚ ਲੋਕਾਂ ਦੀ ਮੁੱਕਤੀ ਦੇ ਕਾਜ ਬਾਰੇ ਅਡੋਲ ਵਿਸ਼ਵਾਸ਼,ਇਨਕਲਾਬੀ ਦਲੇਰੀ ਅਤੇ ਕੁਰਬਾਨੀ ਦਾ ਮਾਦਾ ਕੁੱਟ ਕੁੱਟ ਕੇ ਭਰਿਆ ਹੋਇਆ ਸੀ।ਉਸ ਨੇ ਆਪਣੇ ਅੰਤਲੇ ਸਾਹਾਂ ਤੱਕ ਪੰਜਾਬ ਵਿਚ ਇੱਕ ਜ਼ਬਰਦਸਤ,ਖਾੜਕੂ ਇਨਕਲਾਬੀ ਜਨਤਕ ਲਹਿਰ ਨੂੰ ਜਥੇਬੰਦ ਕਰਨ ਅਤੇ ਅਗਵਾਈ ਦੇਣ\'ਚ ਉਭਰਵਾਂ ਰੋਲ ਨਿਭਾਇਆ।ਉਹ ਗੰਭੀਰ, ਵਿਚਾਰਸ਼ੀਲ, ਨਿੱਘੇ ਸੁਭਾਅ ਵਾਲਾ ਅਤੇ ਪ੍ਰਭਾਵਸ਼ਾਲੀ ਵਿਅਕਤੀ ਸੀ। ਉਸ ਨੇ ਆਪਣੇ ਸਾਥੀਆਂ ਗੁਰਚਰਨ ਚੰਨਾ,ਨਿਰਭੈ ਸਿੰਘ ਢੁੱਡੀਕੇ ਬਲਜੀਤ ਬੱਲੀ ਬਠਿੰਡਾ, ਸੁਰਜੀਤ ਸਿੰਘ ਸੰਧੂ ਪਟਿਆਲਾ ਅਤੇ ਭੁਪਿੰਦਰ ਗਿਲ ਵਰਗਿਆਂ ਨੂੰ ਨਾਲ ਲੈਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਪੁਰਾਣੇ ਲੀਡਰਾਂ ਬਲਜਿੰਦਰ ਸਿੰਘ ਮਹਿਮਾ ਅਤੇ ਇੰਦਰਜੀਤ ਬਿੱਟੂ ਦੀ ਮਦਦ ਨਾਲ ਪੰਜਾਬ ਸਟੂਡੈਂਟਸ ਯੂਨੀਅਨ ਨੂੰ ਮੁੜ-ਜਥੇਬੰਦ ਕੀਤਾ।12 ਸਤੰਬਰ 1971 ਦੇ ਦਿਨ, ਜਗਰਾਉਂ ਵਿਖੇ ਇੱਕ ਇਜਲਾਸ ਵਿਚ ਪੰਜਾਬ ਸਟੂਡੈਂਟਸ ਯੂਨੀਅਨ ਦੀ ਪੰਜਾਬ ਪੱਧਰ ਦੀ ਇੱਕ ਐਗਜ਼ੈਕਟਿਵ ਕਮੇਟੀ ਬਣਾਈ ਗਈ। ਪੰਜਾਬ ਦਾ ਪ੍ਰਧਾਨ ਪ੍ਰਿਥੀਪਾਲ ਸਿੰਘ ਨੂੰ ਬਣਾਇਆ ਗਿਆ।ਅਸਲ ਵਿਚ ਪੰਜਾਬ ਸਟੂਡੈਂਟਸ ਯੂਨੀਅਨ ਉਹ ਯੂਨੀਅਨ ਹੀ ਸੀ ਜਿਸ ਨੂੰ ਦਰਸ਼ਨ ਸਿੰਘ ਬਾਗ਼ੀ ਅਤੇ ਦਲਬੀਰ ਸਿੰਘ ਵਰਗਿਆਂ ਨੇ ਪਹਿਲਾਂ ਚੰਡੀਗੜ੍ਹ ਸਟੂਡੈਂਟਸ ਯੂਨੀਅਨ ਬਣਾਕੇ ਅਤੇ ਫੇਰ ਉਸ ਦਾ ਘੇਰਾ ਪੰਜਾਬ ਪੱਧਰ ਤੱਕ ਵਧਾਕੇ ਪੰਜਾਬ ਸਟੂਡੈਂਟਸ ਯੂਨੀਅਨ ਬਣਾਈ ਸੀ। ਉਸ ਯੂਨੀਅਨ ਨੇ ਸੱਭ ਤੋਂ ਪਹਿਲਾਂ 16000 ਵਿਦਿਆਰਥੀਆਂ ਦੇ ਦਸਖ਼ਤ ਕਰਵਾਕੇ 26 ਅਗਸਤ 1967 ਨੂੰ ਉਸ ਵੇਲੇ ਦੇ ਪੰਜਾਬ ਦੇ ਮੁੱਖ ਮੰਤਰੀ ਸ. ਗੁਰਨਾਮ ਸਿੰਘ ਨੂੰ ਨਿਮਨ ਲਿਖਤ ਮੰਗਾਂ:-1.ਵਧੀਆਂ ਫੀਸਾਂ ਵਾਪਸ ਲਈਆਂ ਜਾਣ। 2.ਡਿਗਰੀ ਤੱਕ ਸਾਰੀਆਂ ਪੁਸਤਕਾਂ ਕੌਮੀ ਕੀਤੀਆ ਜਾਣ।( 3.)-300 ਰੁਪੈ ਜਾਂ ਇਸ ਤੋਂ ਘੱਟ ਪ੍ਰਤੀ ਮਹੀਨਾ ਆਮਦਨ ਵਾਲੇ ਮਾਪਿਆਂ ਦੇ ਬੱਚਿਆਂ ਨੂੰ ਯੂਨੀਵਰਸਿਟੀ ਤੱਕ ਮੁਫ਼ਤ ਵਿਦਿਆ ਦਿੱਤੀ ਜਾਵੇ।4. ਜਮਹੂਰੀ ਵਿਦਿਆਰਥੀ ਯੂਨੀਅਨਾਂ ਬਹਾਲ ਕੀਤੀਆਂ ਜਾਣ ਅਤੇ ਵਿਦਿਆਰਥੀ ਯੂਨੀਅਨਾਂ ਨੂੰ ਸਾਰੀਆਂ ਪ੍ਰਬੰਧਕ ਤੇ ਹੋਰ ਵਿਦਿਅਕ ਸੰਸਥਾਵਾਂ\'ਚ ਪ੍ਰਤਿਨਿਧਤਾ ਦਿੱਤੀ ਜਾਵੇ।5. ਡਿਗਰੀ ਮਗਰੋਂ ਰੁਜ਼ਗਾਰ ਦੀ ਗਰੰਟੀ ਦਿੱਤੀ ਜਾਵੇ। 6.ਪੱਛਮੀ ਦੇਸ਼ਾਂ ਖ਼ਾਸ ਕਰਕੇ ਅਮਰੀਕਾ ਤੋਂ ਸੱਭਿਆਚਾਰਕ ਹਮਲਾ ਰੋਕਿਆ ਜਾਵੇ। 7.ਵਿਦਿਆਰਥੀਆਂ ਦੀਆਂ ਤਕਲੀਫ਼ਾਂ ਸੁਨਣ ਲਈ ਸਥਾਈ ਕਮਿਸ਼ਨ ਨਿਯੁਕਤ ਕੀਤਾ ਜਾਵੇ, ਆਦਿ ਦਾ ਮੰਗ ਪੱਤਰ ਦਿੱਤਾ ਸੀ।ਉਸ ਵੇਲੇ ਦੇ ਵਿਦਿਆਰਥੀ ਲੀਡਰ ਪੰਜਾਬ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਬਲਦੇਵ ਕ੍ਰਿਸ਼ਨ ਮਿਤਲ, ਜਨਰਲ ਸਕੱਤਰ ਦਰਸ਼ਨ ਸਿੰਘ ਬਾਗੀ, ਪ੍ਰਚਾਰ ਸਕੱਤਰ ਸ਼ੇਰ ਸਿੰਘ ਸ਼ੇਰੀ ਐਗਜ਼ੈਕਟਿਵ ਮੈਂਬਰ ਇੰਦਰਜੀਤ ਸਿੰਘ ਬਿੱਟੂ,ਕੁਲਬੀਰ ਹੁੰਦਲ,ਹਰਭਜਨ ਹਲਵਾਰਵੀ ਅਤੇ ਮਲਕੀਤ ਸਿੰਘ ਆਦਿਕ ਸਨ।
12 ਦਸੰਬਰ 1968 ਨੂੰ ਜ਼ਾਬਰ ਹਾਕਮਾਂ ਦੀ ਬੇਲਗ਼ਾਮ ਪੁਲਸ ਨੇ ਇੱਕ ਅਤਿਅੰਤ ਘਨਾਉਣੀ ਵਾਰਦਾਤ ਕੀਤੀ।ਸੁਧਾਰ ਕਾਲਜ ਦੇ ਵਿਦਿਆਰਥੀ ਮੁਜ਼ਾਹਰੇ \'ਤੇ ਅੰਨ੍ਹੇਵਾਹ ਗੋਲੀ ਚਲਾਕੇ ਉਥੋਂ ਦੇ ਇੱਕ ਹੋਣਹਾਰ ਵਿਦਿਆਰਥੀ ਜਗਤਾਰ ਸਿੰਘ ਨੂੰ ਸ਼ਹੀਦ ਕਰ ਦਿੱਤਾ।ਜਿਸ ਦੇ ਰੋਸ ਵਜੋਂ 19 ਦਸੰਬਰ 1968 ਨੂੰ ਪੰਜਾਬ ਭਰ\'ਚ ਇਕ ਲਾਮਿਸਾਲ ਹੜਤਾਲ ਹੋਈ।ਇਸੇ ਹੀ ਦਿਨ ਯੂਨੀਅਨ ਦੇ ਜਨਰਲ ਸਕੱਤਰ ਦਰਸ਼ਨ ਸਿੰਘ ਬਾਗੀ ਨੂੰ ਨਜ਼ਰਬੰਦ ਕਰ ਦਿੱਤਾ।ਸੋ ਇਉਂ ਮੁੱਢ ਤੋਂ ਹੀ ਪੰਜਾਬ ਸਟੂਡੈਂਟਸ ਯੂਨੀਅਨ ਦਾ ਇਤਿਹਾਸ ਕੁਰਬਾਨੀਆਂ ਵਾਲਾ ਇਤਿਹਾਸ ਹੈ।
ਮਗਰੋਂ ਮਾਅਰਕੇਬਾਜੀ ਦੀ ਮਾਰ ਹੇਠ ਆਈ ਪੰਜਾਬ ਸਟੂਡੈਂਟਸ ਯੂਨੀਅਨ, ਆਪਣਿਆਂ ਹੱਥੋਂ ਹੀ ਤੋੜ ਦਿੱਤੀ ਗਈ ਅਤੇ ਦੁਬਾਰਾ ਫੇਰ 1971 \'ਚ ਸ਼ਹੀਦ ਪ੍ਰਥੀਪਾਲ ਸਿੰਘ ਰੰਧਾਵਾ ਹੋਰਾਂ ਵਲੋਂ ਇਸ ਨੂੰ ਮੁੜ-ਜਥੇਬੰਦ ਕੀਤਾ ਗਿਆ।ਹਾਲੇ ਯੂਨੀਅਨ ਮੁੜ-ਜਥੇਬੰਦ ਹੋਈ ਹੀ ਸੀ ਕਿ ਜ਼ਾਲਮ ਸਰਕਾਰ ਵਲੋਂ ਮੋਗੇ ਵਿਖੇ ਖ਼ੂਨ ਦੀ ਹੋਲੀ ਖੇਡੀ ਗਈ।ਹਰਜੀਤ ਸਿੰਘ , ਸਵਰਨ ਸਿੰਘ ਅਤੇ ਹੋਰ ਕਈ ਵਿਅਕਤੀ ਸ਼ਹੀਦ ਕਰ ਦਿੱਤੇ ਗਏ। ਜਿਸ ਦੇ ਖ਼ਿਲਾਫ ਪੰਜਾਬ ਭਰ\'ਚ ਇੱਕ ਖਾੜਕੂ ਜਮਹੂਰੀ ਲਹਿਰ ਚੱਲੀ।ਉਸ ਲਹਿਰ ਦੀ ਅਗਵਾਈ ਪੰਜਾਬ ਸਟੂਡੈਂਟਸ ਯੂਨੀਅਨ ਨੇ ਕੀਤੀ।ਉਸ ਜਮਹੂਰੀ ਲਹਿਰ\'ਚੋਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਉਸ ਵੇਲੇ ਦੇ ਪ੍ਰਧਾਨ ਜਿਹੜੇ ਸਵਿਧਾਨ\'ਚ ਤਬਦੀਲੀ ਤੋਂ ਬਾਅਦ ਜਨਰਲ ਸਕੱਤਰ ਬਣੇ, ਪ੍ਰਿਥੀਪਾਲ ਸਿੰਘ ਰੰਧਾਵਾ ਲੋਕ ਨਾਇਕ ਬਣ ਕੇ ਨਿਕਲੇ।
ਮੋਗਾ ਐਜੀਟੇਸ਼ਨ ਨਾਲ ਪੰਜਾਬ ਸਟੂਡੈਂਟਸ ਯੂਨੀਅਨ ਪੰਜਾਬ ਦੇ ਵਿਦਿਆਰਥੀਆਂ ਵਿਚ ਸਥਾਪਿਤ ਹੋ ਚੁੱਕੀ ਸੀ ਅਤੇ ਉਸ ਦੇ ਪ੍ਰਧਾਨ ਵਿਦਿਆਰਥੀਆਂ ਦੇ ਹਰਮਨ ਪਿਆਰੇ ਲੀਡਰ ਬਣ ਚੁੱਕੇ ਸਨ।ਜਨਵਰੀ 1974 ਵਿਚ ਪੰਜਾਬ ਪੱਧਰ ਦੀ ਵਿਦਿਆਰਥੀ ਲਹਿਰ, ਪੰਜਾਬ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਪ੍ਰਿਥੀਪਾਲ ਸਿੰਘ ਰੰਧਾਵਾ ਦੀ ਗ੍ਰਿਫਤਾਰੀ ਖ਼ਿਲਾਫ ਓਦੋਂ ਮੁੜ ਜਥੇਬੰਦ ਹੋਈ ਜਦੋਂ ਚੰਡੀਗੜ੍ਹ ਵਿਖੇ ਆਪਣੀਆਂ ਮੰਗਾਂ ਦੇ ਹੱਕ ਵਿਚ ਮੋਰਚਾ ਲਾਈ ਬੈਠੇ,ਪ੍ਰਿਥੀਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ।ਪੰਜਾਬ ਭਰ \'ਚ ਖਾੜਕੂ ਮੁਜ਼ਾਹਰੇ ਹੋਏ ਅਤੇ ਸੈਂਕੜੇ ਗ੍ਰਿਫਤਾਰੀਆਂ ਹੋਈਆਂ।ਇਸ ਐਜੀਟੇਸ਼ਨ ਨੇ ਪੰਜਾਬ ਸਟੂਡੈਂਟਸ ਯੂਨੀਅਨ ਨੂੰ ਹੋਰ ਵੀ ਤਕੜਾ ਕਰ ਦਿੱਤਾ।
ਉਸ ਸਮੇਂ ਦੇਸ ਭਰ\'ਚ ਕਾਂਗਰਸ ਖ਼ਿਲਾਫ ਲੋਕ ਰੋਹ ਪ੍ਰਚੰਡ ਹੋ ਰਿਹਾ ਸੀ।ਜੈ ਪ੍ਰਕਾਸ਼ ਨਰਾਇਣ ਦੀ ਅਗਵਾਈ\'ਚ ਲੋਕ ਲਹਿਰ ਆਪ ਮੁਹਾਰੇ ਹੀ ਉਸਰ ਰਹੀ ਸੀ,ਜਿਸ ਦਾ ਫਾਇਦਾ ਵਿਰੋਧੀ ਪਾਰਟੀਆਂ ਲੈ ਰਹੀਆਂ ਸਨ।ਪਰ ਪੰਜਾਬ ਸਟੂਡੈਂਟਸ ਯੂਨੀਅਨ ਨੇ ਨੌਜਵਾਨ ਭਾਰਤ ਸਭਾ ਨਾਲ ਮਿਲ ਕੇ, ਪ੍ਰਿਥੀਪਾਲ ਸਿੰਘ ਰੰਧਾਵਾ ਦੀ ਅਗਵਾਈ \'ਚ ਇੱਕ ਨਵਾਂ ਤੇ ਵਖਰਾ ਪ੍ਰੋਗਰਾਮ ਲੋਕਾਂ ਨੂੰ ਦਿੱਤਾ।22 ਅਕਤੂਬਰ 1974 \'ਚ ਮੋਗਾ ਵਿਖੇ ਇੱਕ ਵਿਸ਼ਾਲ ਸੰਗਰਾਮ ਰੈਲੀ ਅਯੋਜਤ ਕੀਤੀ ਗਈ।ਜਿਸ ਵਿਚ ਵਿਦਿਆਰਥੀਆਂ, ਨੌਜਵਾਨਾਂ, ਕਿਸਾਨਾਂ, ਮਜ਼ਦੂਰਾਂ ਅਤੇ ਮੁਲਾਜ਼ਮਾਂ ਦਾ ਮਜ਼ਬੂਤ ਏਕਾ ਕਾਇਮ ਕਰਕੇ ਖਾੜਕੂ ਸੰਘਰਸ਼ਾਂ ਦਾ ਸੱਦਾ ਦਿੱਤਾ ਗਿਆ।ਉਸ ਰੈਲੀ ਨੇ ਰੰਧਾਵਾ ਨੂੰ ਪੰਜਾਬ ਦੀ ਇਨਕਲਾਬੀ ਜਮਹੂਰੀ ਲਹਿਰ ਦਾ ਧੜੱਲੇਦਾਰ ਮੋਢੀ ਸਥਾਪਿਤ ਕਰ ਦਿੱਤਾ ਸੀ।
ਜੂਨ 1975 \'ਚ ਸਰਕਾਰ ਵਲੋਂ ਠੋਸੀ ਗਈ ਐਮਰਜੈਂਸੀ ਦੁਰਾਨ ਪ੍ਰਿਥੀਪਾਲ ਸਿੰਘ ਰੰਧਾਵਾ ਨੂੰ ਨਜ਼ਰਬੰਦ ਕਰ ਦਿੱਤਾ ਗਿਆ।ਐਮਰਜੈਂਸੀ ਦੇ ਟੁੱਟਣ ਤੋਂ ਬਾਅਦ 1977 \'ਚ ਰੰਧਾਵਾ ਨੇ ਪੰਜਾਬ ਸਟੂਡੈਂਟਸ ਯੂਨੀਅਨ ਨੂੰ ਦੁਬਾਰਾ ਫੇਰ ਪੈਰਾਂ ਸਿਰ ਕੀਤਾ।ਪਰ ਉਸ ਸਮੇਂ ਹਾਕਮ ਜਮਾਤਾਂ ਨੇ ਇੱਕ ਨਵਾਂ ਪੈਂਤੜਾ ਅਖਤਿਆਰ ਕੀਤਾ।ਪੰਜਾਬ ਸਟੂਡੈਂਟਸ ਯੂਨੀਅਨ ਨੂੰ ਦਬਾਉਣ ਲਈ ਪੰਜਾਬ ਭਰ \'ਚ ਗੁੰਡਾ ਅਨਸਰਾਂ ਨੂੰ ਆਪਣੀ ਸਰਪ੍ਰਸਤੀ ਹੇਠ ਜਥੇਬੰਦ ਕੀਤਾ ਗਿਆ।ਲੁਧਿਆਣਾ, ਪਟਿਆਲਾ, ਨਾਭਾ, ਬਠਿੰਡਾ ਅਤੇ ਹੋਰ ਕਈ ਥਾਵਾਂ \'ਤੇ, ਯੂਨੀਵਰਸਿਟੀਆਂ ਅਤੇ ਕਾਲਜਾਂ\'ਚ ਗੁੰਡਾ ਗਰੋਹ ਖੜ੍ਹੇ ਕੀਤੇ ਗਏ।ਉਹ ਗੁੰਡਾ ਗਰੋਹ ਪੰਜਾਬ ਸਟੂਡੈਂਟਸ ਯੂਨੀਅਨ ਦਾ ਸਿੱਧਾ ਵਿਰੋਧ ਕਰਨ ਲੱਗੇ।ਪੰਜਾਬ ਸਟੂਡੈਂਟਸ ਯੂਨੀਅਨ ਨੇ ਜਨਤਕ ਟਾਕਰੇ ਵਾਲਾ ਪੈਂਤੜਾ ਅਖਤਿਆਰ ਕੀਤਾ।ਪਰ ਕਈ ਥਾਵਾਂ ਤੇ ਵਿਅਕਤੀਗਤ ਟਾਕਰੇ ਵੀ ਹੋਏ।
ਓਦੋਂ ਤੱਕ ਪ੍ਰਿਥੀਪਾਲ ਸਿੰਘ ਰੰਧਾਵਾ ਦੀ ਪੜ੍ਹਾਈ ਵੀ ਲੱਗ ਭੱਗ ਮੁਕੰਮਲ ਹੋ ਚੁੱਕੀ ਸੀ।ਸੋ 8 ਜੁਲਾਈ 1979 ਨੂੰ ਰੰਧਾਵਾ ਨੇ ਪੰਜਾਬ ਸਟੂਡੈਂਟਸ ਯੂਨੀਅਨ ਤੋਂ ਵਿਦਾਇਗੀ ਲੈ ਲਈ ਸੀ।ਪਰ ਗੁੰਡੇ ਪਹਿਲਾਂ ਹੀ ਉਸ ਦੇ ਪਿੱਛੇ ਲੱਗੇ ਹੋਏ ਸਨ।18 ਜੁਲਾਈ 1979 ਦੀ ਮਨਹੂਸ ਰਾਤ ਨੂੰ ਹਨ੍ਹੇਰੇ ਦੇ ਅੰਨ੍ਹੇ ਵਣਜਾਰਿਆਂ ਨੇ,ਹਨ੍ਹੇਰਿਆਂ ਨੂੰ ਚੀਰਦੀ ਤੇ ਚਾਨਣ ਦੀ ਲੋਅ ਵੰਡਦੀ ਇੱਕ ਸੂਹੀ ਲਾਟ ਨੂੰ ਸਦਾ ਲਈ ਨਿਗਲ ਲਿਆ।ਉਸ ਵਾਲੇ ਪੁਲਸ ਤਸ਼ੱਦਦ ਦੀ ਪ੍ਰਵਾਹ ਨਾ ਕਰਦੇ ਹੋਏ, ਰੋਹਲੇ ਵਿਦਿਆਰਥੀਆਂ ਅਤੇ ਨੌਜਵਾਨਾਂ ਨੇ ਆਪਣੇ ਲੀਡਰ ਦੇ ਕਤਲ ਖ਼ਿਲਾਫ ਲੱਗਭੱਗ ਢਾਈ ਮਹੀਨੇ ਖਾੜਕੂ ਲਹਿਰ ਚਲਾਈ ਸੀ।
ਸ਼ਹੀਦ ਪ੍ਰਿਥੀਪਾਲ ਸਿੰਘ ਰੰਧਾਵਾ ਦਾ ਜਨਮ 5 ਮਾਰਚ 1952 ਨੂੰ ਪਿਤਾ ਮੇਜ਼ਰ ਮੁਖਤਿਆਰ ਸਿੰਘ ਅਤੇ ਮਾਤਾ ਗੁਰਬਚਨ ਕੌਰ ਦੇ ਘਰ ਇਲਾਹਾਬਾਦ ਵਿਖੇ ਹੋਇਆ।ਉਨ੍ਹਾਂ ਨੇ ਆਪਣੀ ਮੁੱਢਲੀ ਪੜ੍ਹਾਈ ਆਪਣੇ ਜੱਦੀ ਕਸਬੇ ਦਸੂਹਾ ਵਿਖੇ ਕੀਤੀ।ਪ੍ਰੀ-ਮੈਡੀਕਲ ਟਾਂਡਾ ਕਾਲਜ ਤੋਂ ਕਰਕੇ ਉਹ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਦਾਖ਼ਲ ਹੋਏ।ਤਲਖ਼ ਹਕੀਕਤਾਂ ਨਾਲ ਵਾਹ \'ਚੋਂ ਛੇਤੀ ਹੀ ਉਹ ਇਸ ਸਿੱਟੇ \'ਤੇ ਪਹੁੰਚ ਗਏ ਕਿ ਨਿੱਜੀ ਜ਼ਿੰਦਗੀ ਤੋਂ ਪਰ੍ਹੇ ਵੀ ਕੋਈ ਜ਼ਿੰਦਗੀ ਹੈ।ਸਮੂਹਿਕ ਹਿਤਾਂ ਲਈ ਆਪਣੀ ਜ਼ਿੰਦਗੀ ਨੂੰ ਕੁਰਬਾਨ ਕਰਕੇ, ਉਹ ਅਕਾਸ਼\'ਚ ਚਮਕਦਾ ਇੱਕ ਤਾਰਾ ਬਣ ਗਏ ਹਨ।ਹਰ ਸਾਲ 18 ਜੁਲਾਈ ਨੂੰ ਉਹਨਾਂ ਦੇ ਸਾਥੀ, ਦੋਸਤ ਮਿੱਤਰ ਅਤੇ ਸਨੇਹੀ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਦੇ ਹਨ, ਉਨ੍ਹਾਂ ਨੂੰ ਜਾਨਣ ਵਾਲੀ ਹਰ ਅੱਖ ਨਮ ਹੁੰਦੀ ਹੈ।ਆਓ, ਇਸ ਵਾਰ ਫੇਰ ਉਨ੍ਹਾਂ ਦੀ ਪੈਂਤੀਵੀਂ ਬਰਸੀ \'ਤੇ ਉਨ੍ਹਾਂ ਦੀ ਕੁਰਬਾਨੀ ਨੂੰ ਯਾਦ ਕਰਦੇ ਹੋਏ,ਉਨ੍ਹਾਂ ਨੂੰ ਸਲਾਮ ਕਰੀਏ।
ਨੰਦ ਸਿੰਘ ਮਹਿਤਾ।
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.