ਹਰਜਿੰਦਰ ਸਿੰਘ ਭੱਟੀ
ਐਸ.ਏ.ਐਸ ਨਗਰ, 17 ਸਤੰਬਰ 2020 - ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ 18 ਅਤੇ 19 ਸਤੰਬਰ ਨੂੰ 2 ਦਿਨ ਦਾ ਆਨਲਾਈਨ ਕਿਸਾਨ ਮੇਲਾ ਲਗਾਇਆ ਜਾ ਰਿਹਾ ਹੈ। ਇਸ ਆਨਲਾਈਨ ਕਿਸਾਨ ਮੇਲੇ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 18 ਸਤੰਬਰ 2020 ਨੂੰ ਦੁਪਹਿਰ ਦੇ 12 00 ਵਜੇ ਕੀਤਾ ਜਾਵੇਗਾ।
ਇਹ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਰਣਜੀਤ ਸਿੰਘ ਬੈਂਸ ਨੇ ਦੱਸਿਆ ਕਿ ਮੇਲੇ ਦੇ ਪਹਿਲੇ ਸੈਸਨ ’ਚ ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਅਤੇ ਝੋਨੇ ਦੀ ਸਿੱਧੀ ਬਿਜਾਈ ਬਾਰੇ ਮਾਹਿਰਾਂ ਅਤੇ ਕਿਸਾਨਾਂ ਦਾ ਸੰਵਾਦ ਰਚਾਇਆ ਜਾਵੇਗਾ। ਦੂਜੇ ਦਿਨ ਵਾਲੇ ਸੈਸਨ ’ਚ ਖੇਤੀਬਾੜੀ ’ਚ ਪਾਣੀ ਦੀ ਬੱਚਤ ’ਤੇ ਸਹਾਇਕ ਧੰਦਿਆਂ ਬਾਰੇ ਜਾਣੂ ਕਰਵਾਇਆ ਜਾਵੇਗਾ।
ਇਸ ਕਿਸਾਨ ਮੇਲੇ ’ਚ ਕਿਸਾਨ ਵੀਰ ਅਤੇ ਕਿਸਾਨ ਬੀਬੀਆਂ ਘਰ ਬੈਠ ਕੇ ਹੀ ਆਪਣੇ ਮੋਬਾਇਲ ਰਾਹੀਂ ਸਿਰਕਤ ਕਰ ਸਕਦੇ ਹਨ ਅਤੇ ਮਾਹਿਰਾਂ ਤੋਂ ਖੇਤੀਬਾੜੀ ਨਾਲ ਸਬੰਧਿਤ ਕਿਸੇ ਵੀ ਤਰਾਂ ਦਾ ਸਵਾਲ ਪੁੱਛ ਸਕਦੇ ਹਨ।
ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਇਸ ਵਾਰ ਇਸ ਮੇਲੇ ਦਾ ਉਦੇਸ “ਵੀਰਾ ਸਾੜ ਨਾ ਪਰਾਲੀ, ਮਿੱਟੀ-ਪਾਣੀ ਵੀ ਸੰਭਾਲ, ਆਪਣੇ ਪੰਜਾਬ ਦਾ ਤੂੰ ਰੱਖ ਲੈ ਖਿਆਲ“ ਰੱਖਿਆ ਗਿਆ ਹੈ। ਉਨਾਂ ਦੱਸਿਆ ਕਿ ਮੇਲੇ ’ਚ ਸਿਰਕਤ ਕਰਨ ਲਈ ਕਿਸਾਨ ਵੀਰ ਅਤੇ ਬੀਬੀਆਂ ਲਿੰਕ www.kisanmela.pau.edu ਆਪਣੇ ਮੋਬਾਇਲ ਤੇ ਗੂਗਲ ਕ੍ਰੋਮ ’ਤੇ ਸਰਚ ਕਰ ਸਕਦੇ ਹਨ। ਇਸ ਤੋਂ ਇਲਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫੇਸ ਬੁੱਕ ਪੇਜ਼ https://www.facebook/com/pauldhpunjab ਅਤੇ ਯੂ ਟਿਊਬ ਚੈਨਲ https://www.youtube.com/c/PunjabAgriculturalUniversityOfficialChannel ਦੇ ਲਿੰਕ ਉੱਪਰ ਵੀ ਜਾ ਸਕਦੇ ਹਨ।