ਜਗਦੀਸ਼ ਥਿੰਦ
ਸ੍ਰੀ ਗੰਗਾਨਗਰ /ਫਾਜ਼ਿਲਕਾ 30 ਮਈ ; ਪੂਰੀ ਦੁਨੀਆਂ ਅੱਜ ਜਿੱਥੇ ਕੋਵਿਡ -19 ਕੋਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਜੂਝ ਰਹੀ ਹੈ ਉੱਥੇ ਉੱਤਰੀ ਭਾਰਤ ਦੇ ਰਾਜਾਂ ਦੇ ਕਿਸਾਨਾਂ ਅਤੇ ਪ੍ਰਸ਼ਾਸਨ ਦੀ ਭਿਆਨਕ ਟਿੱਡੀ ਦਲ ਨੇ ਨੀਂਦ ਹਰਾਮ ਕਰ ਦਿੱਤੀ ਹੈ ।
ਟਿੱਡੀ ਦਲ ਦੇ ਹਮਲੇ ਤੋਂ ਬਾਅਦ ਰੁੱਖਾਂ ਉੱਪਰ ਕੀਟਨਾਸ਼ਕਾਂ ਦਾ ਛਿੜਕਾਅ ਕਰਦਾ ਖੇਤੀਬਾੜੀ ਵਿਭਾਗ ਦੇ ਅਮਲਾ
ਫ਼ਸਲਾਂ , ਰੁੱਖ ਅਤੇ ਹੋਰ ਹਰ ਤਰ੍ਹਾਂ ਦੀ ਬਨਸਪਤੀ ਨੂੰ ਖਾ ਜਾਣ ਵਾਲੇ ਟਿੱਡੀ ਦਲ ਤੋਂ ਡਰਨਾ ਸੁਭਾਵਿਕ ਜਿਹੀ ਗੱਲ ਹੈ ।
ਰਾਜਸਥਾਨ ਦੇ ਗੁਆਂਢੀ ਰਾਜ ਪੰਜਾਬ ਤੋਂ ਬਾਅਦ ਹਿਮਾਚਲ ਵੱਲੋਂ ਵੀ ਟਿੱਡੀ ਦਲ ਪ੍ਰਤੀ ਖੇਤੀਬਾੜੀ ਵਿਭਾਗ , ਸਿਵਲ ਪ੍ਰਸ਼ਾਸਨ ਅਤੇ ਕਿਸਾਨਾਂ ਨੂੰ ਚੌਕਸ ਰਹਿਣ ਦੀ ਹਦਾਇਤ ਜਾਰੀ ਕੀਤੀ ਹੈ ।
ਰਾਜਸਥਾਨ ਦੇ ਵੱਖ ਵੱਖ ਖੇਤਰਾਂ ਵਿੱਚ ਟਿੱਡੀ ਦਲ ਦੇ ਹਮਲੇ ਨੂੰ ਦਰਸਾਉਂਦੇ ਸਰਕਾਰੀ ਪੱਤਰ ਦੀ ਕਾਪੀ
ਪੰਜਾਬ ਦੇ ਰਾਜਸਥਾਨ ਅਤੇ ਪਾਕਿਸਤਾਨ ਦੀ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦੇ ਜ਼ਿਲ੍ਹਿਆਂ ਅੰਦਰ ਟਿੱਡੀ ਦਲ ਦੇ ਖ਼ਤਰੇ ਦੇ ਬੱਦਲ ਵਧੇਰੇ ਮੰਡਰਾ ਰਹੇ ਹਨ ।
ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦਾ ਇਸ ਸਬੰਧੀ ਕਹਿਣਾ ਹੈ ਕਿ ਇਹ ਭਿਆਨਕ ਜੀਵ ਨੇੜਲੇ ਖੇਤਰਾਂ ਵਿੱਚ ਉੱਡ ਕੇ ਪਹੁੰਚਣ ਤੋਂ ਇਲਾਵਾ ਬੜੀ ਤੇਜ਼ੀ ਨਾਲ ਸੈਂਕੜੇ ਮੀਲ ਤੈਅ ਕਰਨ ਦੀ ਸਮਰੱਥਾ ਰੱਖਦਾ ਹੈ ।
ਇਨ੍ਹਾਂ ਜਾਣਕਾਰਾਂ ਦਾ ਕਹਿਣਾ ਹੈ ਕਿ ਜੇਕਰ ਉੱਡ ਰਿਹਾ ਟਿੱਡੀ ਚੱਲ ਰਹੀਆਂ ਤੇਜ਼ ਹਵਾਵਾਂ ਅਤੇ ਝੱਖੜ ਦੇ ਦੌਰਾਨ ਉੱਡ ਰਿਹਾ ਹੋਵੇ ਤਾਂ ਇਹ ਦੂਰ ਤੱਕ ਪੁੱਜ ਕੇ ਫਸਲਾਂ ਅਤੇ ਹੋਰ ਬਨਸਪਤੀ ਨੂੰ ਤਹਿਸ ਨਹਿਸ ਕਰ ਸਕਦਾ ਹੈ ।
ਰਾਜਸਥਾਨ ਸਰਕਾਰ ਵੱਲੋਂ ਜਾਰੀ ਵੇਰਵੇ ਅਨੁਸਾਰ ਰਾਜ ਦੇ 11 ਜ਼ਿਲ੍ਹਿਆਂ ਦੀਆਂ 19 ਸਬ ਡਿਵੀਜ਼ਨਾਂ ਦੇ ਦਰਜਨਾਂ ਪਿੰਡਾਂ ਵਿੱਚ ਇਹ ਭਿਆਨਕ ਜੀਵ ਹਜ਼ਾਰਾਂ ਹੈਕਟੇਅਰ ਰਕਬੇ ਵਿੱਚ ਕਿਲੋਮੀਟਰਾਂ ਦੇ ਹਿਸਾਬ ਨਾਲ ਫੈਲਿਆ ਹੋਇਆ ਹੈ ।
ਇਸ ਦੀ ਭਿਆਨਕਤਾ ਉਸ ਵਕਤ ਹੋਰ ਵੀ ਵਧੇਰੇ ਨਜ਼ਰੀਂ ਪਈ ਜਦੋਂ ਲੱਖਾਂ ਦੀ ਗਿਣਤੀ ਵਿੱਚ ਟਿੱਡੀਆਂ ਜੈਪੁਰ ਸ਼ਹਿਰ ਅੰਦਰ ਦਾਖ਼ਲ ਹੋ ਕੇ ਸ਼ਹਿਰ ਅੰਦਰ ਮੌਜੂਦ ਬਨਸਪਤੀ ਦੇ ਵੱਡੇ ਨੁਕਸਾਨ ਦਾ ਕਾਰਨ ਬਣੀਆਂ ।
ਮੌਜੂਦਾ ਸਮੇਂ ਵਿੱਚ ਜ਼ਿਲ੍ਹਾ ਹਨੂਮਾਨਗੜ੍ਹ , ਸ਼੍ਰੀ ਗੰਗਾਨਗਰ , ਨਾਗੌਰ , ਬੀਕਾਨੇਰ , ਜੈਸਲਮੇਰ ਬਾੜਮੇਰ , ਜੋਧਪੁਰ , ਦਵਾਸਾ ,ਅਲਵਰ , ਕਰਾਲੀ ਕੋਟਾ ਜ਼ਿਲ੍ਹੇ ਟਿੱਡੀ ਦਲ ਦੀ ਮਾਰ ਹੇਠ ਹਨ ।
ਰਾਜਸਥਾਨ ਦੀ ਸਬ ਡਿਵੀਜ਼ਨ ਨੋਹਰ , ਵਿਜੈਨਗਰ , ਖੀਂਵਸਰ , ਕੋਲਾਇਤ , ਬੀਕਾਨੇਰ , ਡੁੰਗਰਗੜ੍ਹ , ਖਾਜੂਵਾਲਾ , ਜੈਸਲਮੇਰ , ਗਿੜਾ ,ਸ਼ਿਵ , ਦੇਂਚੂ , ਬਾਪ , ਸੋਇਆ , ਫਲਾਉਂਦੀ , ਥਾਣਾਗਾਜੀ , ਦੇਵੁਲਵਾਡਾ , ਦਵਾਸਾ , ਮੰਡਰਾਇਲ , ਕੋਟਾ ਸ਼ਹਿਰ ਦੇ ਖੇਤਰ ਟਿੱਡੀ ਦਲ ਦੀ ਮਾਰ ਹੇਠ ਹਨ ।
ਵਰਨਣਯੋਗ ਹੈ ਕਿ ਰਾਜਸਥਾਨ ਦੇ ਕੁਝ ਖੇਤਰ ਪਾਣੀ ਦੀ ਕਮੀ ਕਾਰਨ ਘੱਟ ਉਪਜਾਊ ਹਨ ਜਦਕਿ ਬਹੁਤੇ ਸਥਾਨਾਂ ਤੇ ਨਰਮੇ ਦੀ ਫ਼ਸਲ ਤੋਂ ਇਲਾਵਾ ਹੋਰਨਾਂ ਫਸਲਾਂ ਨੂੰ ਵੀ ਟਿੱਡੀ ਦਲ ਵੱਲੋਂ ਹਮਲਾ ਕਰਕੇ ਖਤਮ ਕੀਤਾ ਹੈ ।
ਖੇਤੀਬਾੜੀ ਵਿਭਾਗ ਜੈਪੁਰ ਰਾਜਸਥਾਨ ਵੱਲੋਂ ਰਾਜ ਵਿੱਚ ਟਿੱਡੀ ਦਲ ਦੀ ਮਾਰ ਦੀ ਜਾਰੀ ਕੀਤੀ ਰਿਪੋਰਟ ਵਿੱਚ ਬਕਾਇਦਾ ਦੱਸਿਆ ਗਿਆ ਹੈ ਕਿ ਕਿਹੜੇ ਜ਼ਿਲ੍ਹੇ ਦੇ ਕੇਸ ਪਿੰਡ ਵਿੱਚ ਟਿੱਡੀ ਦਲ ਕਿੰਨੇ ਕਿਲੋਮੀਟਰ ਖੇਤਰ ਵਿੱਚ ਫੈਲਿਆ ਹੋਇਆ ਹੈ ।
ਇਹ ਟਿੱਡੀ ਦਲ ਉੱਡ ਰਿਹਾ ਹੈ ਫ਼ਸਲਾਂ ਉੱਪਰ ਹੈ ਜਾਂ ਫਿਰ ਰੁੱਖਾਂ ਉੱਪਰ ਹੈ ਇਸ ਦਾ ਬਾਕਾਇਦਾ ਵਰਨਣ ਕੀਤਾ ਗਿਆ ਹੈ ।
ਪੰਜਾਬ ਅੰਦਰ ਟਿੱਡੀ ਦਲ ਦੇ ਟਾਕਰੇ ਲਈ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਵੱਲੋਂ ਮੀਟਿੰਗਾਂ ਕਰਕੇ ਵੱਖ ਵੱਖ ਵਿਭਾਗਾਂ ਤੇ ਆਧਾਰਿਤ ਟੀਮਾਂ ਨੂੰ ਬਣਾਏ ਗਏ ਜ਼ੋਨਾਂ ਉੱਪਰ ਨਿਗਾਹ ਰੱਖਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ
ਵਿਭਾਗੀ ਅਧਿਕਾਰੀ ਸੰਭਾਵਿਤ ਟਿੱਡੀ ਦਲ ਦੇ ਹਮਲੇ ਦਾ ਟਾਕਰਾ ਕਰਨ ਲਈ ਰਹਿਣ ਤਿਆਰ-ਡਿਪਟੀ ਕਮਿਸ਼ਨਰ
ਟਿੱਡੀ ਦਲ ਦੇ ਸੰਭਾਵਿਤ ਹਮਲੇ ਸਬੰਧੀ ਵੱਖ - ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਲੈਂਦੇ ਹੋਏ ਡਿਪਟੀ ਕਮਿਸ਼ਨਰ ਫਾਜ਼ਿਲਕਾ ਅਰਵਿੰਦ ਪਾਲ ਸਿੰਘ ਸੰਧੂ
*ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ
ਫ਼ਾਜਿਲਕਾ,
ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਟਿੱਡੀ ਦਲ ਦੇ ਸੰਭਾਵਿਤ ਹਮਲੇ ਨੂੰ ਲੈ ਕੇ ਕੀਤੇ ਗਏ ਪ੍ਰਬੰਧਾਂ ਦੇ ਮੱਦੇਨਜ਼ਰ ਜਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਸਬੰਧਤ ਵਿਭਾਗਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ ਅਤੇ ਅਧਿਕਾਰੀ ਇਸ ਮੁਸ਼ਕਲ ਦਾ ਟਾਕਰਾ ਕਰਨ ਲਈ ਤਿਆਰ ਰਹਿਣ ਤਾਂ ਜੋ ਸੂਚਨਾ ਮਿਲਦੇ ਹੀ ਤੁਰੰਤ ਕਾਰਵਾਈ ਆਰੰਭੀ ਜਾ ਸਕੇ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਕਿਸਾਨਾਂ, ਸਰਪੰਚਾਂ ਅਤੇ ਪੰਚਾਇਤ ਸਕੱਤਰਾਂ ਨੂੰ ਪਹਿਲਾਂ ਤੋਂ ਹੀ ਜਾਗਰੂਕ ਕੀਤਾ ਜਾਵੇ।
ਮੀਟਿੰਗ ਦੌਰਾਨ ਉਨ੍ਹਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਟਿੱਡੀ ਦਲ ਦੇ ਹਮਲੇ ਨੂੰ ਰੋਕਣ ਲਈ ਵਰਤੇ ਜਾਣ ਵਾਲੇ ਸਪਰੇਅ ਪੰਪਾਂ, ਮਸ਼ੀਨਰੀ, ਪਾਣੀ ਅਤੇ ਹੋਰਨਾਂ ਸਾਧਨਾਂ ਦੇ ਪਹਿਲਾਂ ਤੋਂ ਹੀ ਪ੍ਰਬੰਧ ਪੁਖਤਾ ਕਰਨੇ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਟਿੱਡੀ ਦਲ ਦੇ ਹਮਲੇ ਬਾਰੇ ਪਹਿਲਾਂ ਤੋਂ ਹੀ ਅਗਾਊ ਸੂਚਿਤ ਕੀਤਾ ਜਾਵੇ ਤਾਂ ਜੋ ਮੋਕੇ ’ਤੇ ਉਨ੍ਹਾਂ ਕੋਲੋਂ ਪੰਪਾਂ ਤੇ ਮਸ਼ੀਨਰੀ ਦੀ ਵਰਤੋਂ ਲਈ ਜਾ ਸਕੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ।
ਡਿਪਟੀ ਕਮਿਸ਼ਨਰ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਉਹ ਜ਼ਿਲ੍ਹਾ ਪੱਧਰ ਅਤੇ ਬਲਾਕ ਪੱਧਰ ’ਤੇ ਸਥਾਪਿਤ ਕੀਤੇ ਕੰਟਰੋਲ ਰੂਮਾਂ ਨੂੰ ਹਰ ਸਮੇਂ ਚਾਲੂ ਰੱਖਣਾ ਯਕੀਨੀ ਬਣਾਇਆ ਜਾਵੇ ਅਤੇ ਵਿਭਾਗ ਦੀਆਂ ਟੀਮਾਂ ਤਾਇਨਾਤ ਰਹਿਣ ਤਾਂ ਜੋ ਸੂਚਨਾ ਮਿਲਦੇ ਹੀ ਤੁਰੰਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ। ਉਨ੍ਹਾਂ ਖੇਤੀਬਾੜੀ ਵਿਭਾਗ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਪ੍ਰਾਇਵੇਟ ਡੀਲਰਾਂ ਨਾਲ ਤਾਲਮੇਲ ਕਾਇਮ ਕਰਕੇ ਰੱਖਣ ਤਾਂ ਜੋ ਲੋੜ ਪੈਣ ’ਤ ਕੀਟਨਾਸ਼ਕ ਦਵਾਈਆਂ ਲਈਆਂ ਜਾ ਸਕਣ। ਉਨ੍ਹਾਂ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ, ਬਿਜਲੀ ਬੋਰਡ, ਬਾਗਬਾਨੀ ਵਿਭਾਗ ਨੂੰ ਔਖੇ ਸਮੇਂ ਆਪਣੇ ਨਾਲ ਸਬੰਧਤ ਪ੍ਰਬੰਧ ਤੇ ਕਾਰਵਾਈਆਂ ਕਰਨ ਦੇ ਆਦੇਸ਼ ਦਿੱਤੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿ) ਨਵਲ ਰਾਮ, ਮੁੱਖ ਖੇਤੀਬਾੜੀ ਅਫਸਰ ਸ. ਮਨਜੀਤ ਸਿੰਘ, ਐਸ.ਡੀ.ਐਮ. ਅਬੋਹਰ ਜਸਪਾਲ ਸਿੰਘ ਬਰਾੜ, ਸਹਾਇਕ ਕਮਿਸ਼ਨਰ ਕਮਰਜੀਤ ਸਿੰਘ, ਤਹਿਸੀਲਦਾਰ ਜਲਾਲਾਬਾਦ ਡੀ.ਪੀ. ਪਾਂਡੇ ਤੋਂ ਇਲਾਵਾ ਬੀ.ਐਸ. ਐਫ. ਅਤੇ ਪੁਲਿਸ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।