ਦੁਖ਼ਦਾਈ ਖ਼ਬਰ: ਰਿਟਾਇਰਡ IAS ਗੁਰਦੇਵ ਸਿੰਘ ਬਰਾੜ ਦਾ ਦੇਹਾਂਤ
18 ਸਤੰਬਰ ਨੂੰ ਦਸਮੇਸ਼ ਸੰਸਥਾਵਾਂ 'ਚ ਰਹੇਗੀ ਛੁੱਟੀ
ਪਰਵਿੰਦਰ ਸਿੰਘ ਕੰਧਾਰੀ
ਚੰਡੀਗੜ੍ਹ/ਫਰੀਦਕੋਟ, 17 ਸਤੰਬਰ 2026- ਇਲਾਕੇ ਅਤੇ ਸਿੱਖਿਆ ਜਗਤ ਲਈ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ ਕਿ ਸੇਵਾ ਮੁਕਤ IAS ਅਧਿਕਾਰੀ ਅਤੇ ਦਸਮੇਸ਼ ਗਰੁੱਪ ਆਫ਼ ਐਜੂਕੇਸ਼ਨ ਨਾਲ ਜੁੜੇ ਸਰਦਾਰ ਗੁਰਦੇਵ ਸਿੰਘ ਬਰਾੜ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਸਿੱਖਿਆ ਜਗਤ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਸ. ਗੁਰਦੇਵ ਸਿੰਘ ਬਰਾੜ ਸੰਗਤ ਸਾਹਿਬ ਭਾਈ ਫੇਰੂ ਸਿੱਖ ਐਜੂਕੇਸ਼ਨਲ ਸੁਸਾਇਟੀ (ਦਸਮੇਸ਼ ਗਰੁੱਪ ਆਫ਼ ਐਜੂਕੇਸ਼ਨ) ਦੇ ਚੇਅਰਮੈਨ ਅਤੇ ਸਿੱਖ ਐਜੂਕੇਸ਼ਨਲ ਸੁਸਾਇਟੀ ਚੰਡੀਗੜ੍ਹ ਦੇ ਪ੍ਰਧਾਨ ਵਜੋਂ ਸੇਵਾਵਾਂ ਨਿਭਾਅ ਰਹੇ ਸਨ। ਉਨ੍ਹਾਂ ਨੇ ਸਿੱਖਿਆ ਦੇ ਖੇਤਰ ਵਿੱਚ ਮਹੱਤਵਪੂਰਨ ਸੇਵਾਵਾਂ ਨਿਭਾਈਆਂ।
ਉਨ੍ਹਾਂ ਦੀ ਅੰਤਿਮ ਇੱਛਾ ਅਨੁਸਾਰ 18 ਸਤੰਬਰ, ਦਿਨ ਸ਼ੁੱਕਰਵਾਰ ਨੂੰ ਉਨ੍ਹਾਂ ਦੀ ਮ੍ਰਿਤਕ ਦੇਹ PGI ਚੰਡੀਗੜ੍ਹ ਨੂੰ ਖੋਜ ਕਾਰਜਾਂ ਲਈ ਦਾਨ ਕੀਤੀ ਜਾਵੇਗੀ। ਗੁਰਦੇਵ ਸਿੰਘ ਬਰਾੜ ਦੇ ਦੇਹਾਂਤ ਦੇ ਮੱਦੇਨਜ਼ਰ ਉਨ੍ਹਾਂ ਦੇ ਸਨਮਾਨ ਅਤੇ ਸੋਗ ਵਜੋਂ 18 ਸਤੰਬਰ ਨੂੰ ਦਸਮੇਸ਼ ਗਰੁੱਪ ਆਫ਼ ਐਜੂਕੇਸ਼ਨ ਨਾਲ ਸਬੰਧਤ ਸੰਸਥਾਵਾਂ ਵਿੱਚ ਛੁੱਟੀ ਰਹੇਗੀ। ਉਨ੍ਹਾਂ ਦੇ ਦੇਹਾਂਤ ’ਤੇ ਵੱਖ-ਵੱਖ ਸਮਾਜਿਕ, ਧਾਰਮਿਕ ਅਤੇ ਸਿੱਖਿਆ ਸੰਸਥਾਵਾਂ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਪਰਿਵਾਰ ਨਾਲ ਹਮਦਰਦੀ ਜਤਾਈ।
- Download Babushahi App
-
-