ਪੰਜਾਬ ਵਿੱਚ 31 ਸਾਈਲੋਜ਼ ਸਥਾਪਤ ਕਰਨ ਲਈ ਸਥਾਨਾਂ ਦੀ ਕੀਤੀ ਜਾ ਰਹੀ ਹੈ ਚੋਣ
ਕੇਂਦਰੀ ਰਾਜ ਮੰਤਰੀ ਨੇ ਵੱਖ-ਵੱਖ ਐਸੋਸੀਏਸ਼ਨਾਂ ਨਾਲ ਮੀਟਿੰਗ ਕਰਕੇ ਲਿਆ ਸਮੱਸਿਆਵਾਂ ਦਾ ਜਾਇਜ਼ਾ
ਚੰਡੀਗੜ/ਸੰਗਰੂਰ, 18 ਫਰਵਰੀ 2020: ਖ਼ਪਤਕਾਰ ਮਾਮਲੇ, ਭੋਜਨ ਅਤੇ ਜਨਤਕ ਵੰਡ ਪ੍ਰਣਾਲੀ ਦੇ ਕੇਂਦਰੀ ਰਾਜ ਮੰਤਰੀ ਸ਼੍ਰੀ ਰਾਓਸਾਹਿਬ ਪਾਟਿਲ ਦਾਨਵੇ ਨੇ ਅੱਜ ਸੰਗਰੂਰ ਦੌਰੇ ਦੌਰਾਨ ਦੱਸਿਆ ਕਿ ਸੂਬੇ ਵਿੱਚ ਖਾਧ ਪਦਾਰਥਾਂ ਦੇ ਭੰਡਾਰ ਸਬੰਧੀ ਪੇਸ਼ ਆ ਰਹੀ ਸਮੱਸਿਆ ਦੇ ਢੁਕਵੇਂ ਅਤੇ ਸਥਾਈ ਹੱਲ ਲਈ ਪ੍ਰਕਿਰਿਆ ਪ੍ਰਗਤੀ ਅਧੀਨ ਹੈ। ਉਨ•ਾਂ ਕਿਹਾ ਕਿ ਪੰਜਾਬ ਵਿੱਚ ਖਾਧ ਪਦਾਰਥਾਂ ਦੀ ਭੰਡਾਰ ਵਿਵਸਥਾ ਵਿੱਚ ਹੋਰ ਸੁਧਾਰ ਲਿਆਉਣ ਲਈ 31 ਸਾਈਲੋਜ਼ ਸਥਾਪਿਤ ਕੀਤੇ ਜਾਣਗੇ ਅਤੇ ਜਲਦੀ ਹੀ ਸਾਈਲੋਜ਼ ਲਈ ਢੁਕਵੀਂਆਂ ਥਾਵਾਂ ਦੀ ਚੋਣ ਪ੍ਰਕਿਰਿਆ ਮੁਕੰਮਲ ਹੋ ਜਾਵੇਗੀ। ਸ਼੍ਰੀ ਦਾਨਵੇ ਨੇ ਦੱਸਿਆ ਕਿ ਨੇੜ ਭਵਿੱਖ ਵਿੱਚ ਅੰਤੋਦਿਆ ਯੋਜਨਾ ਦਾ ਲਾਭ ਪ੍ਰਾਪਤ ਕਰਨ ਵਾਲੇ ਲਾਭਪਾਤਰੀਆਂ ਅਤੇ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਪਰਿਵਾਰਾਂ ਦੇ ਲਾਭਪਾਤਰੀਆਂ ਨੂੰ ਦੇਸ਼ ਭਰ ਵਿੱਚ ਇੱਕੋ ਹੀ ਰਾਸ਼ਨ ਕਾਰਡ ਦੇ ਆਧਾਰ 'ਤੇ ਰਾਸ਼ਨ ਪ੍ਰਾਪਤ ਕਰਨ ਦੀ ਸੁਵਿਧਾ ਹਾਸਲ ਹੋ ਸਕੇਗੀ। ਉਨ•ਾਂ ਕਿਹਾ ਕਿ ਜੇ ਕੋਈ ਪੰਜਾਬ ਦਾ ਕਿਸਾਨ ਜਾਂ ਮਜ਼ਦੂਰ ਕਿਸੇ ਹੋਰ ਸੂਬੇ ਵਿੱਚ ਜਾਵੇਗਾ ਤਾਂ ਉਸ ਨੂੰ ਨਵਾਂ ਰਾਸ਼ਨ ਕਾਰਡ ਬਣਵਾਉਣ ਦੀ ਜ਼ਰੂਰਤ ਨਹੀਂ ਪਵੇਗੀ ਅਤੇ ਇਥੇ ਬਣਨ ਵਾਲਾ ਰਾਸ਼ਨ ਕਾਰਡ ਹੀ ਹੋਰ ਰਾਜਾਂ ਵਿੱਚ ਰਾਸ਼ਨ ਪ੍ਰਾਪਤ ਕਰਨ ਲਈ ਵਰਤਿਆ ਜਾ ਸਕੇਗਾ। ਉਨ•ਾਂ ਕਿਹਾ ਕਿ ਇਸ ਯੋਜਨਾ ਤਹਿਤ ਜਨਵਰੀ ਤੋਂ 12 ਰਾਜਾਂ ਦੇ ਕਲਸਟਰ ਬਣਾਏ ਗਏ ਹਨ ਅਤੇ ਜਲਦੀ ਹੀ ਦੇਸ਼ ਦੇ ਸਾਰੇ ਰਾਜਾਂ ਦੇ ਕਲਸਟਰ ਬਣਾ ਕੇ ਇਸ ਯੋਜਨਾ ਨੂੰ ਲਾਗੂ ਕੀਤਾ ਜਾਵੇਗਾ।
ਕੇਂਦਰੀ ਰਾਜ ਮੰਤਰੀ ਨੇ ਵੀ ਦੱਸਿਆ ਕਿ ਦੋ ਦਿਨਾਂ ਪੰਜਾਬ ਦੌਰੇ ਦੌਰਾਨ ਜੋ ਵੀ ਸਮੱਸਿਆਵਾਂ ਉਨ•ਾਂ ਦੇ ਸਾਹਮਣੇ ਆਈਆਂ ਹਨ ਉਨ•ਾਂ ਨੂੰ ਦੂਰ ਕਰਨ ਲਈ ਠੋਸ ਯਤਨ ਕੀਤੇ ਜਾਣਗੇ। ਇਸ ਦੌਰਾਨ ਸ਼੍ਰੀ ਦਾਨਵੇ ਨੇ ਸੰਗਰੂਰ ਵਿਖੇ ਖ਼ਪਤਕਾਰ, ਭੋਜਨ ਅਤੇ ਜਨਤਕ ਵੰਡ ਪ੍ਰਣਾਲੀ ਨਾਲ ਸਬੰਧਤ ਵੱਖ-ਵੱਖ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਕੇ ਉਨ•ਾਂ ਦੀਆਂ ਸਮੱਸਿਆਵਾਂ ਦਾ ਵੀ ਜਾਇਜ਼ਾ ਲਿਆ ਅਤੇ ਜਲਦੀ ਹੀ ਢੁਕਵਾਂ ਹੱਲ ਕਰਨ ਦਾ ਵਿਸ਼ਵਾਸ ਦਿਵਾਇਆ। ਇਸ ਉਪਰੰਤ ਉਨ•ਾਂ ਸ਼ਹਿਰ ਵਿੱਚ ਸਥਾਪਤ ਭਾਰਤੀ ਖੁਰਾਕ ਨਿਗਮ ਦੇ ਦਫ਼ਤਰ ਦਾ ਵੀ ਦੌਰਾ ਕੀਤਾ। ਇਸ ਮੌਕੇ ਉਨ•ਾਂ ਨਾਲ ਫੂਡ ਕਾਰਪੋਰੇਸ਼ਨ ਆਫ਼ ਇੰਡੀਆ ਦੇ ਜਨਰਲ ਮੈਨੇਜਰ ਅਰਸ਼ਦੀਪ ਸਿੰਘ ਥਿੰਦ, ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ, ਐਸ.ਐਸ.ਪੀ ਡਾ. ਸੰਦੀਪ ਗਰਗ, ਵਧੀਕ ਡਿਪਟੀ ਕਮਿਸ਼ਨਰ ਰਾਜੇਸ਼ ਤ੍ਰਿਪਾਠੀ, ਡੀ.ਐਫ.ਐਸ.ਸੀ ਸਵੀਟੀ ਦੇਵਗਣ ਸਮੇਤ ਐਫ.ਸੀ.ਆਈ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।