ਸੰਤ ਸੀਚੇਵਾਲ ਦੇ ਯਤਨਾਂ ਸਦਕਾ ਵਿਦੇਸ਼ ਵਿੱਚ ਫਸੇ ਦੋ ਪੰਜਾਬੀਆਂ ਦੀ ਵਤਨ ਵਾਪਸੀ
*ਬੇਗੁਨਾਹ ਹੋਣ ਦੇ ਬਾਵਜੂਦ ਤਿੰਨ ਸਾਲਾਂ ਦੀ ਪੀੜਾ ਤੋਂ ਬਾਅਦ ਰਾਜਿੰਦਰਪਾਲ ਸਿੰਘ ਘਰ ਪਰਤਿਆ ਸੁਣਾਈ ਹੱਡਬੀਤੀ*
*ਪਰਿਵਾਰਾਂ ਨੇ ਕਿਹਾ—ਲੰਬੇ ਇੰਤਜ਼ਾਰ ਮਗਰੋਂ ਮਿਲੀ ਵੱਡੀ ਰਾਹਤ, ਸੰਤ ਸੀਚੇਵਾਲ ਦਾ ਕੀਤਾ ਤਹਿ ਦਿਲੋਂ ਧੰਨਵਾਦ*
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 19 ਸਤੰਬਰ: ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਦੀ ਵਤਨ ਵਾਪਸੀ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਪਹਿਲਕਦਮੀ ਸਦਕਾ ਪੰਜਾਬ ਦੇ ਦੋ ਹੋਰ ਨੌਜਵਾਨਾਂ ਦੀ ਸੁਰੱਖਿਅਤ ਭਾਰਤ ਵਾਪਸੀ ਹੋਈ ਹੈ। ਜ਼ਿਲ੍ਹਾ ਤਰਨ ਤਾਰਨ ਦੇ ਰਾਜਿੰਦਰਪਾਲ ਸਿੰਘ ਦੀ ਲਗਭਗ ਤਿੰਨ ਸਾਲ ਬਾਅਦ 31 ਅਗਸਤ 2026 ਨੂੰ ਵਤਨ ਵਾਪਸੀ ਹੋਈ, ਜਦਕਿ ਅੰਮ੍ਰਿਤਸਰ ਨਾਲ ਸਬੰਧਤ ਜਸਬੀਰ ਸਿੰਘ ਵੀ 8 ਮਹੀਨਿਆਂ ਤੋਂ ਵਿਦੇਸ਼ ਵਿੱਚ ਫਸੇ ਰਹਿਣ ਮਗਰੋਂ 3 ਸਤੰਬਰ 2026 ਨੂੰ ਆਪਣੇ ਪਰਿਵਾਰ ਕੋਲ ਪਹੁੰਚ ਗਿਆ।
ਤਰਨ ਤਾਰਨ ਦੇ ਰਾਜਿੰਦਰਪਾਲ ਸਿੰਘ ਦੇ ਪਰਿਵਾਰ ਨੇ 8 ਦਸੰਬਰ ਨੂੰ ਸੰਤ ਸੀਚੇਵਾਲ ਨਾਲ ਸੰਪਰਕ ਕਰਕੇ ਆਪਣੇ ਪੁੱਤਰ ਦੀ ਵਾਪਸੀ ਲਈ ਮਦਦ ਦੀ ਅਪੀਲ ਕੀਤੀ ਸੀ। ਪਰਿਵਾਰ ਅਨੁਸਾਰ ਰਾਜਿੰਦਰਪਾਲ ਆਪਣੀ ਸਜ਼ਾ ਪੂਰੀ ਕਰਨ ਦੇ ਬਾਵਜੂਦ ਲੰਬੇ ਸਮੇਂ ਤੱਕ ਭਾਰਤ ਵਾਪਸ ਨਹੀਂ ਆ ਸਕਿਆ। ਇੱਕ ਵਾਰ ਉਸਦੀ ਵਾਪਸੀ ਲਗਭਗ ਤੈਅ ਹੋਣ ਦੇ ਬਾਵਜੂਦ ਏਅਰਪੋਰਟ ਤੋਂ ਦਸਤਾਵੇਜ਼ਾਂ ਸਬੰਧੀ ਇਤਰਾਜ਼ ਦੱਸ ਕੇ ਉਸਨੂੰ ਵਾਪਸ ਜੇਲ੍ਹ ਭੇਜ ਦਿੱਤਾ ਗਿਆ।
ਇਸ ਤੋਂ ਬਾਅਦ ਪਰਿਵਾਰ ਨੇ ਆਪਣੇ ਪੁੱਤਰ ਦੀ ਵਾਪਸੀ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ। ਇਸ ਦੌਰਾਨ ਉਨ੍ਹਾਂ ਨੂੰ ਭਾਰੀ ਆਰਥਿਕ ਅਤੇ ਮਾਨਸਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪਰਿਵਾਰ ਲਈ ਦੁੱਖ ਹੋਰ ਵੀ ਵਧ ਗਿਆ ਜਦੋਂ ਉਨ੍ਹਾਂ ਦੇ ਇੱਕ ਬੱਚੇ ਦੀ ਮੌਤ ਹੋ ਗਈ। ਬਜ਼ੁਰਗ ਮਾਪਿਆਂ ਲਈ ਰਾਜਿੰਦਰਪਾਲ ਹੀ ਆਖਰੀ ਸਹਾਰਾ ਰਹਿ ਗਿਆ ਸੀ।
ਭਾਰਤ ਪਰਤਣ ਮਗਰੋਂ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਹੁੰਚੇ ਰਾਜਿੰਦਰਪਾਲ ਸਿੰਘ ਨੇ ਦੱਸਿਆ ਕਿ ਉਸਨੂੰ ਇੱਕ ਅਜਿਹੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਜਿਸ ਵਿੱਚ ਉਸਦੇ ਨਾਲ ਜਾ ਰਹੇ ਟਰੱਕਾਂ ਦੇ ਸਮਾਨ ਵਿੱਚ ਕਥਿਤ ਤੌਰ ’ਤੇ ਕੁਝ ਬਰਾਮਦ ਹੋਇਆ ਸੀ। ਉਸਦਾ ਕਹਿਣਾ ਹੈ ਕਿ ਬੇਗੁਨਾਹ ਹੋਣ ਦੇ ਬਾਵਜੂਦ ਉਸਨੂੰ ਵੀ ਇੱਕ ਕੰਪਨੀ ਦੇ ਕਾਗਜ਼ ਹੋਣ ਕਰਕੇ ਲੰਬਾ ਸਮਾਂ ਜੇਲ੍ਹ ਵਿੱਚ ਰਹਿਣਾ ਪਿਆ ਅਤੇ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਉਸਦੀ ਵਾਪਸੀ ਨਹੀਂ ਹੋ ਸਕੀ।
ਰਾਜਿੰਦਰਪਾਲ ਨੇ ਦੱਸਿਆ ਕਿ ਜੇਲ੍ਹ ਦੇ ਹਾਲਾਤ ਬਹੁਤ ਮੁਸ਼ਕਲ ਸਨ। ਲੰਬਾ ਸਮਾਂ ਬੀਤ ਜਾਣ ਦੇ ਬਾਵਜੂਦ ਜਦੋਂ ਉਸਦੀ ਵਾਪਸੀ ਨਹੀਂ ਹੋਈ ਤਾਂ ਉਸਨੂੰ ਇਹ ਡਰ ਸਤਾਉਣ ਲੱਗਾ ਕਿ ਸ਼ਾਇਦ ਉਹ ਕਦੇ ਆਪਣੇ ਪਰਿਵਾਰ ਕੋਲ ਵਾਪਸ ਨਹੀਂ ਪਹੁੰਚ ਸਕੇਗਾ। ਆਪਣੇ ਭਰਾ ਦੀ ਭਾਰਤ ਵਿੱਚ ਮੌਤ ਦੀ ਖ਼ਬਰ ਮਿਲਣ ਨੂੰ ਉਸਨੇ ਆਪਣੀ ਜ਼ਿੰਦਗੀ ਦਾ ਸਭ ਤੋਂ ਦੁਖਦਾਈ ਪਲ ਦੱਸਿਆ। ਉਸਨੇ ਇਹ ਵੀ ਦਾਅਵਾ ਕੀਤਾ ਕਿ ਉੱਥੇ ਉਸਦੇ ਵਰਗੇ ਸੈਂਕੜੇ ਭਾਰਤੀ ਫਸੇ ਹੋਏ ਹਨ, ਜਿਨ੍ਹਾਂ ਦੀ ਵਾਪਸੀ ਲਈ ਪੈਰਵੀ ਕਰਨ ਵਾਲਾ ਕੋਈ ਨਹੀਂ ਹੈ।
ਰਾਜਿੰਦਰਪਾਲ ਦੀ ਵਾਪਸੀ ਲਈ ਸੰਤ ਸੀਚੇਵਾਲ ਵੱਲੋਂ ਭਾਰਤੀ ਵਿਦੇਸ਼ ਮੰਤਰਾਲੇ ਅਤੇ ਭਾਰਤੀ ਦੂਤਾਵਾਸ ਨਾਲ ਲਗਾਤਾਰ ਸੰਪਰਕ ਅਤੇ ਤਾਲਮੇਲ ਕੀਤਾ ਗਿਆ। ਲੰਬੀਆਂ ਕੋਸ਼ਿਸ਼ਾਂ ਤੋਂ ਬਾਅਦ ਆਖ਼ਿਰਕਾਰ ਉਸਦੀ ਸੁਰੱਖਿਅਤ ਭਾਰਤ ਵਾਪਸੀ ਸੰਭਵ ਹੋ ਸਕੀ।
ਰਾਜਿੰਦਰਪਾਲ ਦੀ ਮਾਤਾ ਨੇ ਭਰੀਆਂ ਅੱਖਾਂ ਨਾਲ ਸੰਤ ਸੀਚੇਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੇ ਪੁੱਤਰ ਦੀ ਵਾਪਸੀ ਲਈ ਆਪਣੀ ਸਮਰੱਥਾ ਤੋਂ ਵੱਧ ਸਭ ਕੁਝ ਕੀਤਾ ਅਤੇ ਇਸ ਸੰਘਰਸ਼ ਦੌਰਾਨ ਆਪਣਾ ਇੱਕ ਬੱਚਾ ਵੀ ਗੁਆ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਸੰਤ ਸੀਚੇਵਾਲ ਵੱਲੋਂ ਮਦਦ ਨਾ ਕੀਤੀ ਜਾਂਦੀ ਤਾਂ ਸ਼ਾਇਦ ਉਨ੍ਹਾਂ ਦਾ ਪੁੱਤਰ ਅੱਜ ਉਨ੍ਹਾਂ ਕੋਲ ਵਾਪਸ ਨਾ ਆਉਂਦਾ।
ਇਸੇ ਤਰ੍ਹਾਂ ਅੰਮ੍ਰਿਤਸਰ ਦੇ ਰਹਿਣ ਵਾਲੇ ਜਸਬੀਰ ਸਿੰਘ ਦੀ ਵੀ ਸੰਤ ਸੀਚੇਵਾਲ ਦੇ ਯਤਨਾਂ ਸਦਕਾ ਵਤਨ ਵਾਪਸੀ ਹੋਈ ਹੈ। ਜਸਬੀਰ ਸਿੰਘ ਦੇ ਪਰਿਵਾਰ ਨੇ 7 ਜਨਵਰੀ ਨੂੰ ਸੰਤ ਸੀਚੇਵਾਲ ਕੋਲ ਪਹੁੰਚ ਕਰਕੇ ਉਸਦੀ ਵਾਪਸੀ ਲਈ ਮਦਦ ਦੀ ਅਪੀਲ ਕੀਤੀ ਸੀ। ਲਗਾਤਾਰ ਕੀਤੀ ਗਈ ਪੈਰਵੀ ਤੋਂ ਬਾਅਦ ਜਸਬੀਰ ਸਿੰਘ 3 ਸਤੰਬਰ 2026 ਨੂੰ ਭਾਰਤ ਪਰਤ ਆਇਆ।
ਪਰਿਵਾਰ ਅਨੁਸਾਰ ਜਸਬੀਰ ਸਿੰਘ ਵੀ ਰਾਜਿੰਦਰਪਾਲ ਵਾਂਗ ਵਿਦੇਸ਼ ਵਿੱਚ ਫਸ ਗਿਆ ਸੀ ਅਤੇ ਲੰਬੇ ਸਮੇਂ ਤੋਂ ਉਸਦੀ ਵਾਪਸੀ ਦੀ ਉਡੀਕ ਕੀਤੀ ਜਾ ਰਹੀ ਸੀ।
ਸੰਤ ਸੀਚੇਵਾਲ ਵੱਲੋਂ ਪੰਜਾਬ ਦੇ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਵਿਦੇਸ਼ ਜਾਣ ਲਈ ਕਿਸੇ ਵੀ ਏਜੰਟ ਜਾਂ ਵਿਚੋਲੇ ’ਤੇ ਭਰੋਸਾ ਕਰਨ ਤੋਂ ਪਹਿਲਾਂ ਉਸਦੀ ਪੂਰੀ ਜਾਂਚ-ਪੜਤਾਲ ਕੀਤੀ ਜਾਵੇ। ਵਿਦੇਸ਼ ਜਾਣ ਦੀ ਜਲਦਬਾਜ਼ੀ ਵਿੱਚ ਅਜਿਹਾ ਫੈਸਲਾ ਨਾ ਲਿਆ ਜਾਵੇ ਜਿਸ ਨਾਲ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਲੰਬੇ ਸਮੇਂ ਤੱਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇ।
ਅੰਬੈਸੀ ’ਤੇ ਗੰਭੀਰ ਦੋਸ਼ ਲਗਾਉਂਦਿਆਂ ਜਾਂਚ ਦੀ ਮੰਗ
ਵਾਪਸ ਪਰਤੇ ਰਾਜਿੰਦਰਪਾਲ ਸਿੰਘ ਨੇ ਉੱਥੇ ਸਥਿਤ ਭਾਰਤੀ ਦੂਤਾਵਾਸ ਦੀ ਕਾਰਗੁਜ਼ਾਰੀ ਸਬੰਧੀ ਗੰਭੀਰ ਦਾਅਵੇ ਕੀਤੇ ਹਨ। ਉਸਨੇ ਦੋਸ਼ ਲਗਾਇਆ ਕਿ ਬਿਨਾਂ ਸਿਫਾਰਸ਼ ਤੋਂ ਕਈ ਭਾਰਤੀਆਂ ਦੀ ਮਦਦ ਨਹੀਂ ਕੀਤੀ ਜਾਂਦੀ ਅਤੇ ਭਾਰਤੀਆਂ ਨੂੰ ਵਾਪਸ ਭੇਜਣ ਲਈ ਪੈਸੇ ਮੰਗੇ ਜਾਣ ਦੇ ਵੀ ਦਾਅਵੇ ਕੀਤੇ।
- Download Babushahi App
-
-