ਪਟਿਆਲਾ, 18 ਅਗਸਤ 2019 - ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਵਿਚ ਭਾਰਤ ਸਰਕਾਰ ਦੇ ਸਭਿਆਚਾਰਕ ਮੰਤਰਾਲੇ ਵਲੋਂ ਪ੍ਰਾਪਾਤ ਗਰਾਂਟ ਨਾਲ ਸਥਾਪਿਤ ਗੁਰੂ ਗੋਬਿੰਦ ਸਿੰਘ ਚੇਅਰ ਅਤੇ ਸਵਾਮੀ ਰਾਮ ਤੀਰਥ ਮਰਾਠਵਾੜਾ ਯੂਨੀਵਰਸਿਟੀ ਨਾਂਦੇੜ ਸ੍ਰੀ ਹਜ਼ੂਰ ਸਾਹਿਬ ਮਹਾਰਾਸ਼ਟਰ ਵਿੱਚ ਸਥਾਪਿਤ ਚੇਅਰ ਵਲੋਂ ਆਪਸੀ ਸਾਹਿਯੋਗ ਨਾਲ ਇਕ ਸਾਂਝੀ ਕਾਨਫਰੰਸ ਮਿਤੀ 23 ਅਗਸਤ 2019 ਨੂੰ ਨੇਤਾ ਸੁਭਾਸ ਚੰਦਰ ਬੋਸ ਕਾਲਜ ਨਾਂਦੇੜ ਸ੍ਰੀ ਹਜ਼ੂਰ ਸਾਹਿਬ ਵਿਖੇ ਕਰਵਾਈ ਜਾ ਰਹੀ ਹੈ। ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਕਾਨਫਰੰਸ ਦਾ ਵਿਸ਼ਾ ‘ਅਤੰਰ-ਧਰਮ ਸੰਬਾਦ ਅਤੇ ਸਮਾਜਿਕ ਏਕਤਾ ਪ੍ਰਤੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦ੍ਰਿਸ਼ਟੀ” ਰਖਿਆ ਗਿਆ ਹੈ। ਇਸ ਕਾਨਫਰੰਸ ਵਿਚ ਹਿਸਾ ਲੈਣ ਲਈ ਵਿਦਵਾਨ ਅਤੇ ਡੈਲੀਗੇਟ ਮਿਤੀ 19 ਅਗਸਤ 2019 ਦੀ ਸ਼ਾਮ ਨੂੰ ਗੁਰੂ ਗੋਬਿੰਦ ਸਿੰਘ ਭਵਨ ਤੋਂ ਇਕ ਵਿਸ਼ੇਸ਼ ਬੱਸ ਰਾਹੀਂ ਰਵਾਨਾ ਹੋਣਗੇ।
ਗਰੂ ਗੋਬਿੰਦ ਸਿੰਘ ਚੇਅਰ ਦੇ ਪ੍ਰੋਫੈਸਰ ਇਨੰਚਾਜ ਡਾ. ਗੁਰਮੀਤ ਸਿੰਘ ਸਿੱਧੂ ਨੇ ਦਸਿਆ ਕਿ ਇਹ ਕਾਨਫਰੰਸ ਪੰਜਾਬ ਸਰਕਾਰ ਵਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਉਲੀਕੇ ਸਮਾਗਮਾਂ ਦੀ ਲੜੀ ਦਾ ਹਿਸਾ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਵਾਈਸ ਚਾਂਸਲਰ ਡਾ. ਬੀ. ਐਸ. ਘੁੰਮਣ ਇਸ ਕਾਫਰੰਸ ਵਿਚ ਮੁਖ ਮਹਿਮਾਨ ਹੋਣਗੇ ਅਤੇ ਡਾ. ਜਸਪਾਲ ਕੌਰ ਧੰਜੂ ਪ੍ਰੋਫੈਸਰ ਅਤੇ ਸਾਬਕਾ ਡੀਨ ਖੋਜ, ਕੁੰਜੀਵਤ ਭਾਸ਼ਣ ਦੇਣਗੇ। ਸਵਾਮੀ ਰਾਮ ਤੀਰਥ ਮਰਾਠਵਾੜਾ ਯੂਨੀਵਰਸਿਟੀ ਨਾਂਦੇੜ ਸ੍ਰੀ ਹਜ਼ੂਰ ਸਾਹਿਬ ਮਹਾਰਾਸ਼ਟਰ ਦੇ ਵਾਈਸ ਚਾਂਸਲਰ ਜੇ. ਐਮ. ਬੀਸੇਨ ਇਸ ਕਾਨਫਰੰਸ ਦੀ ਪ੍ਰਧਾਨਗੀ ਕਰਨਗੇ। ਪੁਰੇ ਦੇਸ਼ ਵਿਚੋਂ 36 ਵਿਦਵਾਨ ਇਸ ਕਾਨਫਰੰਸ ਵਿਚ ਆਪਣੇ ਖੋਜ ਪੱਤਰ ਪੇਸ਼ ਕਰਨਗੇ। ਇਨ੍ਹਾਂ ਖੋਜ ਪੱਤਰਾਂ ਵਿਚ ਗੁਰੂ ਨਾਨਕ ਦੇਵ ਜੀ ਦੀ ਸਮਾਜਿਕ ਏਕਤਾ ਅਤੇ ਅੰਤਰ-ਧਰਮ ਸੰਬਾਦ ਪ੍ਰਤੀ ਦ੍ਰਿਸ਼ਟੀਕੌਣ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਇਸ ਕਾਫਰੰਸ ਦੇ ਉਦੇਸ਼ ਬਾਰੇ ਜਾਣਕਾਰੀ ਦਿੰਦਿਆਂ ਡਾ. ਸਿੱਧੂ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਅੰਤਰ-ਧਰਮ ਸੰਬਾਦ ਦੇ ਮੋਢੀ ਸਨ ਜਿਨ੍ਹਾਂ ਨੇ ਸੰਸਾਰ ਦੀਆਂ ਵਿਭਿੰਨ ਧਾਰਮਿਕ ਪਰੰਪਰਾਵਾਂ ਨਾਲ ਸੰਬਾਦ ਰਚਾ ਕੇ ਸਭ ਨੂੰ ਸਮਾਜਿਕ ਏਕਤਾ ਅਤੇ ਆਪਸੀ ਪ੍ਰੇਮ ਭਾਵ ਨਾਲ ਰਹਿਣ ਦਾ ਸੰਦੇਸ਼ ਦਿਤਾ। ਅਜੋਕੇ ਵਿਸ਼ਵ ਵਿਚ ਪੈਦਾ ਹੋ ਰਹੀਆਂ ਪਦਾਰਥਕ ਪਰਿਵਿਰਤੀਆਂ ਦੇ ਨਤੀਜੇ ਵਜੋਂ ਧਰਮਾਂ ਦੇ ਆਪਸੀ ਟਕਰਾਅ ਅਤੇ ਸਮਾਜਿਕ ਦੂਰੀਆਂ ਵਧ ਰਹੀਆਂ ਹਨ। ਇਸ ਕਰਕੇ ਸਮਾਜ ਵਿਚ ਏਕਤਾ ਅਤੇ ਮਿਲਵਰਤਨ ਪੈਦਾ ਕਰਨ ਲਈ ਆਪਸੀ ਸੰਬਾਦ ਦਾ ਬਹੁਤ ਮਹੱਤਵ ਹੈ। ਸਮਾਕਜਕ ਏਕਤਾ ਨੂੰ ਮੁੜ ਬਹਾਲ ਕਰਨ ਲਈ ਸੰਬਾਦ ਕਿਵੇ ਅਤੇ ਕਿਸ ਤਰ੍ਹਾਂ ਕੀਤਾ ਜਾਵੇ? ਇਸ ਸੰਬੰਧ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਨ੍ਹਾਂ ਦੀ ਬਾਣੀ ਤੋਂ ਦਿਸ਼ਾ ਲਈ ਜਾ ਸਕਦੀ ਹੈ। ਗੁਰੂ ਨਾਨਕ ਦੇਵ ਜੀ ਦੇ 550ਵੇਂ ਪੁਰਬ ਦੇ ਸਮੇਂ ਹੋ ਰਹੀ ਇਹ ਕਾਨਫਰੰਸ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਨਵੀਆਂ ਅੰਤਰ-ਦ੍ਰਿਸ਼ਟੀਆਂ ਰਾਹੀਂ ਸਮਝਣ ਲਈ ਸਹਾਈ ਹੋਵੇਗੀ। ਦੋ ਯੂਨੀਵਰਸਿਟੀਆਂ ਵਿਚ ਕਾਰਜਸ਼ੀਲ ਚੇਅਰਾਂ ਵਲੋਂ ਮਿਲ ਕੇ ਕੀਤੀ ਜਾ ਰਹੀ ਇਹ ਕਾਨਫਰੰਸ ਆਪਸੀ ਏਕਤਾ ਅਤੇ ਸਮਾਜਿਕ ਸਹਿ-ਹੋਂਦ ਦਾ ਸੁਨੇਹਾ ਲੈ ਕੇ ਆਵੇਗੀ। ਇਸ ਕਾਨਫਰੰਸ ਵਿਚ ਜਿਥੇ ਵਿਦਵਾਨਾਂ ਦਾ ਸੰਬਾਦ ਹੋਵੇਗਾ ਉਥੇ ਦੋਵੇ ਚੇਅਰਾਂ ਵਲੋਂ ਆਪਸੀ ਮਿਲਾਪ ਨਾਲ ਅਕਾਦਮਿਕ ਕਾਰਜ ਕਰਨ ਲਈ ਅਹਿਦ ਵੀ ਲਿਆ ਜਾਵੇਗਾ।
ਇਸ ਕਾਨਫਰੰਸ ਵਿਚ ਦਸਾਂ ਪਾਤਸ਼ਾਹੀਆਂ ਦੀ ਸਿੱਖਿਆਵਾਂ ਅਤੇ ਅਨੁਭਵ, ਸਿੱਖਮਤਿ ਦੇ ਮੂਲ ਸਿਧਾਂਤ, ਸਮਾਕਿ ਜੁੰਮੇਵਾਰੀ, ਮਨੁੱਖੀ ਅਧਿਕਾਰ ਅਤੇ ਅਜ਼ਾਦੀ, ਧਾਰਮਿਕ ਸਹਿ-ਹੋਂਦ, ਹੋਰਨਾਂ ਦਾ ਸਤਿਕਾਰ, ਮਨੁੱਖੀ ਮਾਣ ਸਤਿਕਾਰ, ਧਾਰਮਿਕ ਵਿਭਿੰਨਤਵਾਂ, ਭਾਰਤੀ ਸਮਾਜ ਲਈ ਸਿੱਖਮਤਿ ਦੀ ਦੇਣ, ਇਨਸਾਨੀ ਬਰਾਬਰੀ, ਅੰਤਰ-ਧਰਮ ਸਮਝ ਅਤੇ ਸ਼ਾਂਤੀ ਆਦਿ ਉਪ-ਵਿਸ਼ਿਆਂ ’ਤੇ ਵਿਦਵਾਨ ਆਪਣੇ ਵਿਚਾਰ ਪੇਸ਼ ਕਰਨਗੇ।