ਨਿਊ ਯਾਰ੍ਕ , (ਬਾਬੂਸ਼ਾਹੀ ਬਿਊਰੋ) : ਕਿਸਾਨ ਖੁਦਕੁਸ਼ੀ ਇਸ ਸਮੇਂ ਭਾਰਤ ਦੇਸ਼ ਦੀ ਸਭ ਤੋਂ ਵੱਡੀ ਸਮੱਸਿਆ ਬਣੀ ਹੋਈ ਹੈ। ਸਰਕਾਰਾਂ ਵੱਲੋਂ ਵੀ ਕਿਸਾਨਾਂ ਲਈ ਨਵੀਆਂ ਨੀਤੀਆਂ ਲਿਆਉਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਦਿਨੋ ਦਿਨ ਹੋ ਰਹੀਆਂ ਕਿਸਾਨੀ ਖੁਦਕੁਸ਼ੀਆਂ ਇਸ ਗੱਲ ਦਾ ਪ੍ਰਮਾਣ ਹਨ ਕਿ ਸਰਕਾਰਾਂ ਜਿਉਂ ਦੀਆਂ ਤਿਉਂ ਹੀ ਬੈਠੀਆਂ ਹਨ।
ਸੈਂਟਰ ਫਾਰ ਡਿਸੀਜ਼ ਕੰਟ੍ਰੋਲ ਐਂਡ ਪਰੀਵੈਂਸ਼ਨ (ਸੀ.ਡੀ.ਸੀ) ਦੀ ਇਕ ਰਿਪੋਰਟ ਸਾਹਮਣੇ ਆਈ ਹੈ ਜਿਸ 'ਚ ਦੁਨੀਆ 'ਚ ਰਾਜਾ ਦੇਸ਼ ਕਹੇ ਜਾਣ ਵਾਲੇ ਅਮਰੀਕਾ ਦੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਅੰਕੜੇ ਪੇਸ਼ ਕੀਤੇ ਗਏ ਹਨ। ਇਨ੍ਹਾਂ ਅੰਕੜਿਆਂ ਨੂੰ ਵੇਖਣ ਤੋਂ ਬਾਅਦ ਯਕੀਨ ਨਹੀਂ ਹੁੰਦਾ ਕਿ ਅਮਰੀਕਾ ਵਰਗੇ ਦੇਸ਼ ਵਿਚ ਵੀ ਕਿਸਾਨ ਕਰਜ਼ੇ ਵਰਗੀਆਂ ਸਮੱਸਿਆਵਾਂ ਨਾਲ ਜੂਝਦਿਆਂ ਆਪਣੇ ਆਪ ਨੂੰ ਮੌਤ ਦੇ ਹਵਾਲੇ ਕਰ ਦਿੰਦੇ ਹਨ। ਸੀ.ਡੀ.ਸੀ. ਨੇ ਇਹ ਅਧਿਐਨ ਅਮਰੀਕਾ ਦੇ 17 ਰਾਜਾਂ ਦੇ ਵੱਡੇ ਕਿਸਾਨੀ ਭਾਈਚਾਰੇ ਨੂੰ ਲੈ ਕੇ ਕੀਤਾ। ਸੀ.ਡੀ.ਸੀ ਦੀ ਰਿਪੋਰਟ ਅਨੁਸਾਰ ਅਮਰੀਕਾ ਵਿਚ ਕਿਸੇ ਵੀ ਹੋਰ ਕਿੱਤੇ ਨਾਲ ਸਬੰਧ ਰੱਖਣ ਵਾਲੇ ਲੋਕਾਂ ਨਾਲੋਂ ਕਿਤੇ ਜ਼ਿਆਦਾ ਕਿਸਾਨ ਖੁਦਕੁਸ਼ੀਆਂ ਕਰਦੇ ਹਨ। ਜਿਸ ਅਨੁਸਾਰ ਖੇਤੀਬਾੜੀ, ਮੱਛੀ ਪਾਲਣ ਦਾ ਧੰਦਾ ਚਲਾਉਂਦੇ ਕਿਸਾਨਾਂ ਦੀ ਖੁਦਕੁਸ਼ੀ ਦਰ 84.5 ਪ੍ਰਤੀ 100,000 ਲੋਕ ਹੈ, ਜੋ ਕਿ ਸਮੁੱਚੀ ਆਬਾਦੀ ਨਾਲੋਂ ਪੰਜ ਗੁਣਾ ਤੋਂ ਜ਼ਿਆਦਾ ਹੈ। ਰਿਪੋਰਟ 'ਚ ਇਹ ਵੀ ਦੱਸਿਆ ਗਿਆ ਕਿ ਅਮਰੀਕਾ ਨੇ ਪਿਛਲੇ 30 ਸਾਲਾਂ ਦੋਰਾਨ ਖੁਦਕੁਸ਼ੀ ਦੀਆਂ ਦਰਾਂ ਵਿਚ ਲਗਾਤਾਰ ਵਾਧਾ ਦੇਖਿਆ ਹੈ।
ਸੀ.ਡੀ.ਸੀ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਇਕ ਵੱਖਰੇ ਅਧਿਐਨ 'ਚ ਦੇਖਿਆ ਕਿ ਆਤਮ ਹੱਤਿਆ ਦੀਆਂ ਦਰਾਂ ਪੇਂਡੂ ਖੇਤਰਾਂ ਵਿੱਚ ਸਭ ਤੋਂ ਤੇਜ਼ੀ ਨਾਲ ਵੱਧ ਰਹੀਆਂ ਹਨ। 'ਦਾ ਗਾਰਡੀਅਨ' ਮੁਤਾਬਿਕ ਭਾਰਤ 'ਚ ਮੌਸਮ ਤਬਦੀਲੀ ਕਾਰਨ ਕਰੀਬ 60,000 ਕਿਸਾਨੀ ਖੁਦਕੁਸ਼ੀਆਂ ਜੁੜੀਆਂ ਹਨ। ਪੂਰੀ ਦੁਨੀਆ ਵਿਚ ਕਿਸਾਨਾਂ ਦਿਆਂ ਖੁਦਕੁਸ਼ੀਆਂ ਪਿੱਛੇ ਇੱਕੋ-ਇੱਕ ਕਾਰਨ ਰਿਹਾ ਹੈ ਕਿ ਉਨ੍ਹਾਂ ਵੱਲੋਂ ਪੈਦਾ ਕੀਤੀ ਜਾਂਦੀ ਫਸਲ ਦਾ ਸਹੀ ਭਾਅ ਨਾ ਮਿਲਣਾ ਜਾਂ ਫਿਰ ਕੁਦਰਤੀ ਆਫ਼ਤਾਂ ਕਾਰਨ ਫਸਲਾਂ ਦਾ ਤਬਾਹ ਹੋ ਜਾਣਾ ਹੈ। ਜਿਸ ਕਾਰਨ ਕਿਸਾਨ ਕਰਜ਼ੇ ਦੇ ਪਹਾੜ ਹੇਠ ਆ ਕੇ ਖੁਦਕੁਸ਼ੀ ਕਰਨ ਵਰਗਾ ਰਸਤਾ ਅਪਣਾ ਲੈਂਦਾ ਹੈ। ਅਮਰੀਕੀ ਡਿਪਾਰਟਮੈਂਟ ਆਫ ਐਗਰੀਕਲਚਰ ਅਨੁਸਾਰ ਸਾਲ 2013 ਤੋਂ ਕਿਸਾਨਾਂ ਦੀ ਆਮਦਨੀ ਦਾ ਮਿਆਰ ਲਗਾਤਾਰ ਡਿਗ ਰਿਹਾ ਹੈ। ਇਸ ਸਾਲ ਔਸਤਨ ਕਿਸਾਨ ਦੀ ਆਮਦਨ ਸਾਲ 2013 ਦੇ ਪੱਧਰ ਨਾਲੋਂ 35 ਪ੍ਰਤੀਸ਼ਤ ਘੱਟ ਦਰਜ ਕੀਤੀ ਗਈ ਹੈ।
ਸੀਬੀਸੀ ਨਿਊਜ਼ ਅਨੁਸਾਰ ਸ਼ਿਕਾਗੋ ਯੂਨੀਵਰਸਿਟੀ ਦੇ ਵਾਲਸ਼ ਸੈਂਟਰ ਫਾਰ ਰੂਰਲ ਹੈਲਥ ਦੀ ਸਹਿ-ਨਿਰਦੇਸ਼ਕ ਅਲੈਨਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਡੇਅਰੀ ਕਿਸਾਨਾਂ ਨਾਲ ਗੱਲ ਬਾਤ ਕੀਤੀ ਗਈ ਅਤੇ ਉਨ੍ਹਾਂ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਵੇਚੇ ਜਾਂਦੇ ਦੁੱਧ ਦੇ ਹਰ ਪਾਉਂਡ ਪਿੱਛੇ ਉਹ ਆਪਣੇ ਪੈਸੇ ਗਵਾ ਰਹੇ ਹਨ। ਕਿਸਾਨਾਂ ਦੀ ਆਮਦਨੀ ਵਿਚ ਗਿਰਾਵਟ ਦਾ ਵੱਡਾ ਕਾਰਨ ਮੌਸਮ ਵਿਚ ਤਬਦੀਲੀ ਵੀ ਹੈ ਕਿਉਂਕਿ ਇਹ ਉਨ੍ਹਾਂ ਦੇ ਹੱਥ ਵੱਸ ਨਹੀਂ ਹੁੰਦਾ। ਜਿਸ ਕਾਰਨ ਉਨ੍ਹਾਂ ਨੂੰ ਮੌਸਮਾਂ ਦੀ ਮਾਰ ਝੱਲਦਿਆਂ ਵਾਧੇ ਘਾਟੇ ਝੱਲਣੇ ਪੈਂਦੇ ਹਨ।
ਐਲੇਨਾ ਨੇ ਦੱਸਿਆ ਕਿ ਆਮਦਨੀ ਦਾ ਸਾਧਨ ਨਾ ਹੋਣ ਕਾਰਨ ਅਮਰੀਕੀ ਕਿਸਾਨ ਲੋਨ ਲੈਣ ਲਈ ਮਜਬੂਰ ਹੁੰਦੇ ਹਨ ਅਤੇ ਵਧਦੀਆਂ ਵਿਆਜ ਦਰਾਂ ਹੇਠ ਪਿਸਿਆ ਕਿਸਾਨ ਖੁਦਕੁਸ਼ੀਆਂ ਦੇ ਰਸਤੇ ਚੁਣ ਲੈਂਦਾ ਹੈ। ਅਮਰੀਕਾ ਵਿੱਚ, ਬਹੁਤ ਸਾਰੇ ਲੰਮੇ ਸਮੇਂ ਦੇ ਫਾਰਮ ਐਡਵੋਕੇਟਾਂ ਦਾ ਕਹਿਣਾ ਹੈ ਕਿ ਅੱਜ ਦੇ ਸੰਕਟ ਦਾ ਪ੍ਰਤੀਬਿੰਬ 1980 ਵਿੱਚ ਹੋਇਆ ਸੀ, ਜਦੋਂ ਬਹੁਤ ਸਾਰੇ ਅਮਰੀਕੀ ਕਿਸਾਨਾਂ ਨੂੰ ਆਰਥਿਕ ਤੌਰ 'ਤੇ ਸੰਘਰਸ਼ ਕਰਨਾ ਪਿਆ ਸੀ ਅਤੇ ਜਿਸ ਨਾਲ ਕਿਸਾਨਾਂ ਦੀਆਂ ਖੁਦਕੁਸ਼ੀਆਂ ਵਿਚ ਵਾਧਾ ਹੋਇਆ।
ਉਥੇ ਹੀ ਜੇਕਰ ਭਾਰਤ 'ਚ ਕਿਸਾਨਾਂ ਦੀ ਖੁਦਕੁਸ਼ੀਆ ਦੇ ਅੰਕੜਿਆਂ ਵੱਲ ਝਾਤ ਮਾਰੀ ਜਾਵੇ ਤਾਂ 'ਦਾ ਟ੍ਰਿਬਿਊਨ' ਦੀ ਜਨਵਰੀ 2018 ਦੀ ਇਕ ਰਿਪੋਰਟ ਅਨੁਸਾਰ ਸਾਲ 2000 ਤੋਂ 2015 ਤੱਕ ਪੰਜਾਬ ਵਿਚ 16,606 ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਸਨ। ਜਿਸ ਵਿਚ ਲੁਧਿਆਣਾ ਜ਼ਿਲ੍ਹਾ ਦੇ ਸਭ ਤੋਂ ਵੱਧ14,667 ਕਿਸਾਨ ਖੁਦਕੁਸ਼ੀਆਂ ਦੇ ਕੇਸ ਦਰਜ ਹਨ।