ਗੁਰਿੰਦਰ ਸਿੰਘ
ਫ਼ਿਰੋਜ਼ਪੁਰ, 15 ਸਤੰਬਰ, 2017 : ਪੰਜਾਬ ਵਿਧਾਨ ਸਭਾ ਦੇ ਵਿਧਾਨਕਾਰਾਂ ਦੀ ਇੱਕ ਕਮੇਟੀ ਨੇ ਅੱਜ ਜ਼ਿਲ੍ਹੇ ਦੇ ਪਿੰਡ ਕੜਮਾਂ (ਵਿਧਾਨ ਸਭਾ ਹਲਕਾ ਗੁਰੂਹਰਸਹਾਏ ), ਪਿੰਡ ਬਾਲੇ ਵਾਲਾ (ਵਿਧਾਨ ਸਭਾ ਹਲਕਾ ਫ਼ਿਰੋਜ਼ਪੁਰ ਦਿਹਾਤੀ ) ਅਤੇ ਪਿੰਡ ਭੜਾਨਾ ਵਿਧਾਨ ਸਭਾ ਹਲਕਾ ਜ਼ੀਰਾ ਦਾ ਦੌਰਾ ਕਰਕੇ ਖ਼ੁਦਕੁਸ਼ੀ ਕਰ ਚੁੱਕੇ ਕਿਸਾਨਾਂ/ਖੇਤ ਮਜ਼ਦੂਰਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਲੋਕਾਂ ਤੋਂ ਕਿਸਾਨ ਅਤੇ ਖੇਤ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਰੋਕਣ ਸਬੰਧੀ ਸੁਝਾਅ ਲਏ। ਇਸ ਕਮੇਟੀ ਵਿਚ ਕਮੇਟੀ ਦੇ ਚੇਅਰਮੈਨ ਸ: ਸੁਖਬਿੰਦਰ ਸਿੰਘ ਸਰਕਾਰੀਆ ਤੋਂ ਇਲਾਵਾ ਵਿਧਾਇਕ ਸ: ਕੁਲਜੀਤ ਸਿੰਘ ਨਾਗਰਾ, ਸ੍ਰੀ ਨੱਥੂ ਰਾਮ ਅਤੇ ਸ: ਨਾਜ਼ਰ ਸਿੰਘ ਮਾਨਸਾਹੀਆਂ ਸ਼ਾਮਿਲ ਹਨ।
ਇਸ ਮੌਕੇ ਕਮੇਟੀ ਦੇ ਚੇਅਰਮੈਨ ਅਤੇ ਮੈਂਬਰ ਵਿਧਾਨਕਾਰਾਂ ਨੇ ਦੱਸਿਆ ਕਿ ਇਸ ਕਮੇਟੀ ਦਾ ਗਠਨ ਵਿਧਾਨ ਸਭਾ ਵੱਲੋਂ ਕਿਸਾਨ ਖੁਦਕੁਸ਼ੀਆਂ ਦੀ ਸਮੱਸਿਆ ਦੇ ਸਥਾਈ ਹੱਲ ਲਈ ਸੁਝਾਅ ਦੇਣ ਲਈ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਮੇਟੀ ਵੱਲੋਂ ਰਾਜ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਦੌਰੇ ਕਰਕੇ ਉਨ੍ਹਾਂ ਕਿਸਾਨ ਅਤੇ ਖੇਤ ਮਜ਼ਦੂਰਾਂ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਜਿਨ੍ਹਾਂ ਪਰਿਵਾਰਾਂ ਵਿਚ ਪਰਿਵਾਰ ਦਾ ਕੋਈ ਜੀਅ ਆਰਥਿਕ ਤੰਗੀ ਕਾਰਨ ਖ਼ੁਦਕੁਸ਼ੀ ਕਰ ਗਿਆ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਪਰਿਵਾਰਾਂ ਨਾਲ ਮੁਲਾਕਾਤ ਕਰਕੇ ਖੁਦਕੁਸ਼ੀਆਂ ਦੇ ਕਾਰਨਾਂ ਅਤੇ ਉਨ੍ਹਾਂ ਹਾਲਾਤਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਜਿਨ੍ਹਾਂ ਵਿਚ ਕੋਈ ਬੰਦਾ ਇਸ ਤਰਾਂ ਦਾ ਗ਼ਲਤ ਕਦਮ ਚੁੱਕਦਾ ਹੈ। ਉਨ੍ਹਾਂ ਕਿਹਾ ਕਿ ਖ਼ੁਦਕੁਸ਼ੀ ਕਿਸੇ ਸਮੱਸਿਆ ਦਾ ਹੱਲ ਨਹੀਂ ਹੁੰਦਾ ਹੈ ਸਗੋਂ ਇਸ ਨਾਲ ਪਰਿਵਾਰ ਲਈ ਬਾਅਦ ਵਿਚ ਹੋਰ ਵੀ ਵੱਡੀਆਂ ਮੁਸ਼ਕਿਲਾਂ ਖੜੀਆਂ ਹੋ ਜਾਂਦੀਆਂ ਹਨ। ਕਮੇਟੀ ਚੇਅਰਮੈਨ ਸ੍ਰ. ਸਰਕਾਰੀਆ ਨੇ ਦੱਸਿਆ ਕਮੇਟੀ ਰਾਜ ਦੇ ਹਰ ਇੱਕ ਜ਼ਿਲ੍ਹੇ ਦਾ ਦੌਰਾ ਕਰਨ ਉਪਰੰਤ ਆਪਣੀ ਰਿਪੋਰਟ ਨਵੰਬਰ ਦੇ ਅਖੀਰ ਤੱਕ ਵਿਧਾਨ ਸਭਾ ਵਿਖੇ ਪੇਸ਼ ਕਰੇਗੀ। ਉਨ੍ਹਾਂ ਦੱਸਿਆ ਕਿ ਇਸ ਦੌਰੇ ਦਾ ਮੁੱਖ ਮੰਤਵ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਪਰਿਵਾਰਾਂ ਨਾਲ ਮਿਲ ਕੇ ਉਨ੍ਹਾਂ ਦੇ ਘਰਾਂ ਵਿਚ ਜੋ ਖੁਦਕੁਸ਼ੀਆਂ ਹੋਈਆਂ ਹਨ ਅਤੇ ਜੋ ਆਰਥਿਕ ਤੰਗੀ ਹੈ, ਉਸ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਜੋ ਇਸ ਸਬੰਧੀ ਰਿਪੋਰਟ ਤਿਆਰ ਕਰ ਕੇ ਸਦਨ ਵਿਚ ਪੇਸ਼ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਦਾਇਤ ਦਿੱਤੀ ਗਈ ਹੈ ਸਾਲ 2007 ਤੋਂ ਬਾਅਦ ਰਿਪੋਰਟ ਕੀਤੇ ਗਏ ਸਾਰੇ ਆਤਮ ਹੱਤਿਆ ਦੇ ਕੇਸਾਂ ਸਬੰਧੀ ਪੀੜਤ ਪਰਿਵਾਰਾਂ ਤੋਂ ਪ੍ਰੋਫਾਰਮੇ ਭਰਵਾਏ ਜਾਣਗੇ ਅਤੇ 20 ਦਿਨਾਂ ਦੇ ਅੰਦਰ-ਅੰਦਰ ਇਸ ਕਮੇਟੀ ਨੂੰ ਭੇਜੇ ਜਾਣਗੇ। ਉਨ੍ਹਾਂ ਦੱਸਿਆ ਕਿ ਕਮੇਟੀ ਦਸੰਬਰ 2017 ਵਿੱਚ ਆਪਣੀ ਰਿਪੋਰਟ ਵਿਧਾਨ ਸਭਾ ਵਿੱਚ ਪੇਸ਼ ਕਰੇਗੀ।
ਇਸ ਮੌਕੇ ਕਮਿਸ਼ਨਰ ਸ੍ਰੀ. ਸੁਮੇਰ ਸਿੰਘ ਗੁਰਜਰ, ਸ੍ਰੀ. ਰਾਮਵੀਰ ਡਿਪਟੀ ਕਮਿਸ਼ਨਰ, ਸ੍ਰ: ਭੁਪਿੰਦਰ ਸਿੰਘ ਐਸ.ਐਸ.ਪੀ., ਸ੍ਰ: ਰਣਜੀਤ ਸਿੰਘ ਸੰਧੂ ਐਸ.ਡੀ.ਐਮ. ਫ਼ਿਰੋਜ਼ਪੁਰ, ਸ੍ਰ: ਚਰਨਦੀਪ ਸਿੰਘ ਐਸ.ਡੀ.ਐਮ. ਗੁਰੂਹਰਸਹਾਏ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।